JALANDHAR WEATHER

'ਅਜੀਤ' ਦਾ ਮਾਣਮੱਤਾ ਇਤਿਹਾਸ

ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ 'ਅਜੀਤ' ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ 'ਪੰਜਾਬ ਦੀ ਆਵਾਜ਼' ਕਿਹਾ ਜਾਂਦਾ ਹੈ। ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ। ਇਸ ਗੱਲ ਦੀ ਇਕ ਜਿਊਂਦੀ-ਜਾਗਦੀ ਉਦਾਹਰਣ 'ਅਜੀਤ' ਹੈ ਜੋ ਕਵਰੇਜ ਅਤੇ ਸਜ-ਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ। 'ਅਜੀਤ' ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।
ਉਰਦੂ 'ਅਜੀਤ' 1941 ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਛੱਪਣਾ ਸ਼ੁਰੂ ਹੋਇਆ ਸੀ। ਸ: ਅਮਰ ਸਿੰਘ ਦੁਸਾਂਝ ਅਤੇ ਮਾਸਟਰ ਅਜੀਤ ਸਿੰਘ ਅੰਬਾਲਵੀ ਇਸ ਦੇ ਕਰਤਾ-ਧਰਤਾ ਤੇ ਸੰਪਾਦਕ ਸਨ। ਇਹ ਇਕ ਛੋਟੇ ਆਕਾਰ ਵਾਲਾ ਚਾਰ ਸਫ਼ਿਆਂ ਦਾ ਹਫ਼ਤਾਵਰੀ ਅਖ਼ਬਾਰ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬੀ ਭਾਈਚਾਰੇ ਕੋਲ ਅਜਿਹਾ ਕੋਈ ਰੋਜ਼ਾਨਾ ਅਖ਼ਬਾਰ ਨਹੀਂ ਸੀ ਜੋ ਉਨ੍ਹਾਂ ਦੇ ਹਿਤਾਂ ਦੀ ਗੱਲ ਕਰ ਸਕਦਾ। ਨਵੰਬਰ 1942 ਵਿਚ ਉਰਦੂ 'ਅਜੀਤ' ਰੋਜ਼ਾਨਾ ਹੋ ਗਿਆ ਅਤੇ ਲਾਹੌਰ ਤੋਂ ਛੱਪਣ ਲੱਗਾ। ਇਸ ਦਾ ਪ੍ਰਬੰਧ ਉਦੋਂ ਦੇ ਸਿਵਲ ਸਪਲਾਈ ਮੰਤਰੀ ਸ: ਬਲਦੇਵ ਸਿੰਘ ਦੇ ਹੱਥਾਂ ਵਿਚ ਆ ਗਿਆ। ਉਨ੍ਹਾਂ ਨੇ ਸ: ਸੰਪੂਰਨ ਸਿੰਘ ਦੀ ਚੇਅਰਮੈਨਸ਼ਿਪ ਹੇਠ ਅਖ਼ਬਾਰ ਦਾ ਪ੍ਰਬੰਧ ਸੰਭਾਲਣ ਲਈ ਪੰਜਾਬ ਨਿਊਜ਼ ਪੇਪਰਜ਼ ਲਿਮਟਿਡ ਸੁਸਾਇਟੀ ਦਾ ਗਠਨ ਕੀਤਾ। ਉਸ ਵੇਲੇ ਦੇ ਵਿਧਾਇਕ ਸ: ਲਾਲ ਸਿੰਘ ਕਮਲਾ ਅਕਾਲੀ ਨੂੰ ਇਸ ਦਾ ਮੁੱਖ ਸੰਪਾਦਕ ਬਣਾਇਆ ਗਿਆ।
ਭਾਰਤ ਦੀ ਆਜ਼ਾਦੀ ਤੋਂ ਬਾਅਦ 'ਅਜੀਤ' ਜਲੰਧਰ ਤੋਂ ਛੱਪਣਾ ਸ਼ੁਰੂ ਹੋਇਆ। ਸ: ਸਾਧੂ ਸਿੰਘ ਹਮਦਰਦ ਇਸ ਦੇ ਮੁੱਖ ਸੰਪਾਦਕ ਸਨ। ਸੰਨ 1955 ਵਿਚ ਉਰਦੂ 'ਅਜੀਤ' ਨੂੰ ਪੰਜਾਬੀ ਦੀ 'ਅਜੀਤ ਪੱਤ੍ਰਿਕਾ' ਵਿਚ ਬਦਲ ਦਿੱਤਾ ਗਿਆ, ਜਿਸ ਦਾ ਨਾਂਅ 1957 ਵਿਚ ਮੁੜ ਬਦਲ ਕੇ ਪੰਜਾਬੀ 'ਅਜੀਤ' ਰੱਖ ਦਿੱਤਾ ਗਿਆ। ਇਹ ਹੁਣ ਵੀ ਇਸੇ ਨਾਂਅ ਹੇਠ ਛੱਪ ਰਿਹਾ ਹੈ। ਪੰਜਾਬੀ 'ਅਜੀਤ' ਦੇ ਬਾਨੀ ਸੰਪਾਦਕ ਡਾ: ਸਾਧੂ ਸਿੰਘ ਹਮਦਰਦ ਆਪਣੇ ਆਖਰੀ ਸਾਹਾਂ ਤੱਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਉਹ 29 ਜੁਲਾਈ, 1984 ਨੂੰ ਸਵਰਗ ਸਿਧਾਰ ਗਏ।
ਆਪਣੀ ਮਿਹਨਤ, ਹੌਸਲੇ ਅਤੇ ਦ੍ਰਿੜ੍ਹਤਾ ਨਾਲ ਡਾ: ਹਮਦਰਦ ਨੇ ਇਸ ਛੋਟੇ ਜਿਹੇ ਪੌਦੇ ਨੂੰ ਪਾਲ-ਪੋਸ ਕੇ ਇਕ ਵੱਡੇ ਦਰੱਖਤ ਦਾ ਰੂਪ ਦਿੱਤਾ। ਇਹ ਪੰਜਾਬੀ ਪੱਤਰਕਾਰੀ ਨੂੰ ਉਨ੍ਹਾਂ ਦਾ ਮਹਾਨ ਯੋਗਦਾਨ ਹੀ ਸੀ, ਜਿਸ ਕਾਰਨ 1968 ਵਿਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 'ਸ਼੍ਰੋਮਣੀ ਪੱਤਰਕਾਰ' ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ: ਸਾਧੂ ਸਿੰਘ ਹਮਦਰਦ ਪਹਿਲੇ ਦਿਨੋਂ ਹੀ 'ਅਜੀਤ' ਵੱਲੋਂ ਪੁੱਟੀ ਗਈ ਹਰੇਕ ਪੁਲਾਂਘ ਨਾਲ ਜੁੜੇ ਰਹੇ। ਉਨ੍ਹਾਂ ਦੇ ਯਤਨਾਂ ਸਦਕਾ ਹੀ 'ਅਜੀਤ' ਦਾ ਆਕਾਰ 20×30/4 ਤੋਂ ਵਧਾ ਕੇ 20×30/2 ਕਰ ਦਿੱਤਾ ਗਿਆ। ਹੋਰ ਪੰਜਾਬੀ ਅਖ਼ਬਾਰਾਂ ਨੇ ਇਸ ਮਾਮਲੇ ਵਿਚ 'ਅਜੀਤ' ਵੱਲੋਂ ਪਾਈਆਂ ਪੈੜਾਂ ਨੂੰ ਅਪਣਾਇਆ। ਇਕ ਹੋਰ ਮਹੱਤਵਪੂਰਨ ਕਦਮ 'ਅਜੀਤ' ਵੱਲੋਂ ਇਹ ਉਠਾਇਆ ਗਿਆ ਕਿ ਦੋ ਆਨਿਆਂ ਦੀ ਕੀਮਤ ਵਿਚ ਛੇ ਸਫ਼ੇ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਜਦ ਕਿ ਪਹਿਲਾਂ ਇਕ ਆਨੇ ਦੀ ਕੀਮਤ 'ਤੇ ਚਾਰ ਸਫ਼ੇ ਦਿੱਤੇ ਜਾਂਦੇ ਸਨ। ਫਿਰ 'ਅਜੀਤ' ਦਾ ਪੁਆਇੰਟ ਸਾਈਜ਼ 18 ਤੋਂ 12 ਕਰ ਦਿੱਤਾ ਗਿਆ। ਦੂਜੇ ਪੰਜਾਬੀ ਅਖ਼ਬਾਰਾਂ ਨੇ ਵੀ ਅਜਿਹਾ ਹੀ ਕੀਤਾ। ਮੌਜੂਦਾ ਸਮੇਂ ਵਿਚ 'ਅਜੀਤ' ਦਾ ਪੁਆਇੰਟ ਸਾਈਜ਼ 8.5 ਹੈ।
ਪੰਜਾਬੀ ਅਖਬਾਰਾਂ ਵਿਚ ਵਿਸ਼ੇਸ਼ ਸਪਲੀਮੈਂਟ ਛਾਪਣ ਦੀ ਪਿਰਤ ਵੀ 'ਅਜੀਤ' ਨੇ ਹੀ ਪਾਈ ਸੀ। ਇਸ ਨੇ ਹਫ਼ਤੇ ਵਿਚ ਇਕ ਸਪਲੀਮੈਂਟ ਕੱਢਣਾ ਸ਼ੁਰੂ ਕੀਤਾ ਅਤੇ ਇਨ੍ਹਾਂ ਨੂੰ ਹਰ ਰੋਜ਼ ਇਕ ਜਾਂ ਦੋ ਸਪਲੀਮੈਂਟਾਂ ਤੱਕ ਵਧਾ ਦਿੱਤਾ। ਅੱਜਕਲ੍ਹ 'ਅਜੀਤ' ਵੱਲੋਂ ਲਗਪਗ ਹਰ ਰੋਜ਼ ਚਾਰ ਸਫ਼ਿਆਂ ਦਾ ਵੱਖਰਾ ਸਚਿੱਤਰ ਸਪਲੀਮੈਂਟ ਦਿੱਤਾ ਜਾ ਰਿਹਾ ਹੈ। ਇਹ ਸਪਲੀਮੈਂਟ ਖੇਡਾਂ, ਸਿਹਤ, ਨਾਰੀ, ਮਨੋਰੰਜਨ, ਸਿੱਖਿਆ, ਧਰਮ, ਸੱਭਿਆਚਾਰ, ਖੇਤੀਬਾੜੀ ਅਤੇ ਨਵੀਂ ਤਕਨਾਲੋਜੀ ਅਤੇ ਗਿਆਨ ਵਿਗਿਆਨ ਆਦਿ ਪੱਖਾਂ ਨੂੰ ਸਮੇਟਦੇ ਹਨ।
ਸ: ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣੇ ਮਗਰੋਂ 'ਅਜੀਤ' ਦੀ ਜ਼ਿੰਮੇਵਾਰੀ ਸ: ਬਰਜਿੰਦਰ ਸਿੰਘ ਹਮਦਰਦ ਦੇ ਮੋਢਿਆਂ 'ਤੇ ਆਣ ਪਈ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਚ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਸਨ। ਆਪਣੇ ਤਜਰਬੇ ਨਾਲ ਸ: ਬਰਜਿੰਦਰ ਸਿੰਘ ਹਮਦਰਦ ਨੇ 'ਅਜੀਤ' ਦੀ ਡਿਜ਼ਾਈਨਿੰਗ ਅਤੇ ਸਮੱਗਰੀ ਵਿਚ ਬਹੁਤ ਸੁਧਾਰ ਕੀਤਾ। ਉਨ੍ਹਾਂ ਨੇ ਆਧੁਨਿਕ ਵਿਕਾਸ ਅਤੇ ਤਕਨਾਲੋਜੀ ਨਾਲ ਕਦਮ ਮਿਲਾਉਂਦਿਆਂ 'ਅਜੀਤ' ਨੂੰ ਸਮੇਂ ਦੇ ਹਾਣ ਦਾ ਬਣਾਈ ਰੱਖਿਆ ਅਤੇ ਇਸ ਤਰ੍ਹਾਂ 'ਅਜੀਤ' ਦੀ ਛੱਪਣ ਗਿਣਤੀ ਵਿਚ ਅਥਾਹ ਵਾਧਾ ਹੋਇਆ। ਅੱਜ 'ਅਜੀਤ' ਹਰ ਇਕ ਪੰਜਾਬੀ ਦੀ ਬੈਠਕ ਲਈ ਇਕ 'ਸਟੇਟਸ ਸਿੰਬਲ' ਬਣ ਚੁੱਕਾ ਹੈ। 'ਅਜੀਤ' ਨੇ ਆਪਣੇ ਲਈ ਇਕ ਅਜਿਹਾ ਨੈੱਟਵਰਕ ਸਥਾਪਤ ਕੀਤਾ ਹੈ, ਜਿਸ ਨੂੰ ਸਥਾਪਤ ਕਰਨ ਦੀ ਕਲਪਨਾ ਕੋਈ ਕੌਮੀ ਪੱਧਰ ਦਾ ਅਖ਼ਬਾਰ ਹੀ ਕਰ ਸਕਦਾ ਹੈ।
ਸ: ਸਾਧੂ ਸਿੰਘ ਹਮਦਰਦ ਟਰੱਸਟ, ਜਿਸ ਵੱਲੋਂ 'ਅਜੀਤ' ਛਾਪਿਆ ਜਾਂਦਾ ਹੈ, ਨੇ 1996 ਵਿਚ ਇਕ ਹੋਰ ਮੀਲ-ਪੱਥਰ ਕਾਇਮ ਕੀਤਾ, ਜਦੋਂ ਪੰਜਾਬੀ 'ਅਜੀਤ' ਦੇ ਨਾਲ-ਨਾਲ ਹਿੰਦੀ ਵਿਚ 'ਅਜੀਤ ਸਮਾਚਾਰ' ਵੀ ਸ਼ੁਰੂ ਕੀਤਾ ਗਿਆ। ਇਸ ਨੂੰ ਹਿੰਦੀ ਦੇ ਕੁਝ ਸਭ ਤੋਂ ਚੰਗੇ ਰੋਜ਼ਾਨਾ ਛੱਪਣ ਵਾਲੇ ਅਖਬਾਰਾਂ ਵਿਚ ਗਿਣਿਆ ਜਾਂਦਾ ਹੈ। 'ਅਜੀਤ ਸਮਾਚਾਰ' ਗੁਆਂਢੀ ਰਾਜਾਂ ਜੰਮੂ-ਕਸ਼ਮੀਰ, ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਵੀ ਆਪਣਾ ਆਧਾਰ ਬਣਾਉਣ ਵਿਚ ਸਫਲ ਰਿਹਾ ਹੈ।
ਆਪਣੇ ਸੁਯੋਗ ਪਾਠਕਾਂ ਦੇ ਸਮਰਥਨ ਨਾਲ 'ਅਜੀਤ' ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਖ ਬੁਲਾਰਾ ਬਣਨ ਦਾ ਮਾਣ ਹਾਸਲ ਹੋਇਆ ਹੈ। 'ਅਜੀਤ' ਵੱਖ-ਵੱਖ ਸਮਿਆਂ 'ਤੇ ਸਦਾ ਪੰਜਾਬੀ ਲੋਕਾਂ ਨਾਲ ਡਟ ਕੇ ਖਲੋਤਾ ਹੈ। ਭਾਵੇਂ ਪੰਜਾਬ ਵਿਚ ਆਏ ਹੜ੍ਹਾਂ ਦਾ ਮਾਮਲਾ ਹੋਵੇ ਜਾਂ ਕਾਰਗਿਲ ਲੜਾਈ ਦਾ ਜਾਂ ਫਿਰ ਪੰਜਾਬੀਆਂ ਵੱਲੋਂ ਓਡੀਸ਼ਾ ਵਿਚ ਤੂਫ਼ਾਨ ਪੀੜਤਾਂ ਨੂੰ ਰਾਹਤ ਦੇਣ ਦਾ, 'ਅਜੀਤ' ਨੇ ਆਪਣੇ ਫ਼ਰਜ਼ਾਂ ਤੋਂ ਕਦੇ ਮੂੰਹ ਨਹੀਂ ਮੋੜਿਆ। ਆਪਣੇ ਪਾਠਕਾਂ ਤੋਂ ਹਾਸਲ ਹੋਏ ਦਾਨ ਅਤੇ ਸਹਿਯੋਗ ਨਾਲ 'ਅਜੀਤ' ਨੇ ਹਰ ਸਮੇਂ ਆਫਤ ਦਾ ਸ਼ਿਕਾਰ ਹੋਣ ਵਾਲੇ ਪੀੜਤਾਂ ਦੀ ਸਹਾਇਤਾ ਕੀਤੀ ਹੈ। ਇਸ ਦੀ ਇਕ ਉਦਾਹਰਣ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਕਰੋੜ ਰੁਪਏ ਫੰਡ ਇਕੱਠਾ ਕਰਨਾ ਅਤੇ ਵੰਡਣਾ ਹੈ।
'ਅਜੀਤ' ਨੇ ਆਪਣੀ ਵੈੱਬਸਾਈਟ www.ajitjalandhar.com ਜਾਰੀ ਕਰਕੇ 21 ਜੁਲਾਈ 2002 ਨੂੰ ਇੰਟਰਨੈੱਟ ਦੀ ਦੁਨੀਆ 'ਚ ਆਪਣੇ ਕਦਮ ਰੱਖੇ। 'ਅਜੀਤ' ਵੈੱਬਸਾਈਟ ਪ੍ਰਵਾਸੀ ਭਾਰਤੀਆਂ ਵਿਚ ਬਹੁਤ ਹਰਮਨ-ਪਿਆਰੀ ਹੈ, ਜਿਸ ਦੁਆਰਾ ਉਹ ਆਪਣੇ ਵਿਚਾਰਾਂ ਅਤੇ ਸਮੱਸਿਆਵਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।
3 ਅਕਤੂਬਰ, 2007 ਨੂੰ ਪੰਜਾਬੀ ਦੇ ਸਿਰਮੌਰ ਅਖਬਾਰ 'ਅਜੀਤ' ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵੱਲੋਂ 'ਭਾਰਤੀ ਭਾਸ਼ਾਈ ਸਮਾਚਾਰ ਸੰਗਠਨ' (ਇਲਨਾ) ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। 
ਪੰਜਾਬ ਨੂੰ ਮੁੜ ਹਰਿਆ-ਭਰਿਆ ਅਤੇ ਇਸ ਦੇ ਗੰਧਲੇ ਪਾਣੀ ਨੂੰ ਸ਼ੁੱਧ ਕਰਨ ਲਈ ਜੁਲਾਈ, 2011 ਵਿਚ 'ਅਜੀਤ ਹਰਿਆਵਲ ਲਹਿਰ' ਦੀ ਸ਼ੁਰੂਆਤ ਕੀਤੀ ਗਈ। 'ਅਜੀਤ ਸਮੂਹ' ਵੱਲੋਂ ਹੁਣ ਤੱਕ 33 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਇਹ ਪਹਿਲਾਂ ਵਾਂਗ ਹੀ ਇਸ ਖੇਤਰ ਵਿਚ ਯੋਗਦਾਨ ਪਾਉਣ ਲਈ ਵਚਨਬੱਧ ਹੈ।
ਜਨਵਰੀ, 2014 ਵਿਚ 'ਅਜੀਤ ਵੈੱਬ ਟੀ.ਵੀ.' ਦੀ ਸ਼ੁਰੂਆਤ ਕੀਤੀ ਗਈ। ਦੇਸ਼-ਵਿਦੇਸ਼ ਦੇ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ ਹੈ। ਵੈੱਬ ਟੀ.ਵੀ. ਦੇ ਚੈਨਲ ਤੋਂ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਬਰਾਂ, ਮਨੋਰੰਜਕ ਦੁਨੀਆ, ਫ਼ਿਲਮੀ ਦੁਨੀਆ, ਭਖਦੇ ਮਸਲੇ, ਵਿਸ਼ੇਸ਼ ਮੁਲਾਕਾਤਾਂ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜਿਸ ਨੂੰ ਨਿੱਤ ਲੱਖਾਂ ਦਰਸ਼ਕਾਂ ਵੱਲੋਂ ਦੇਖਿਆ ਜਾਂਦਾ ਹੈ। ਇਸ ਨੇ ਇਕ ਤਰ੍ਹਾਂ ਨਾਲ ਹੁਣ ਤੱਕ ਦੁਨੀਆ ਭਰ ਦੇ ਮੁਲਕਾਂ ਵਿਚ ਬੈਠੇ ਪੰਜਾਬੀਆਂ ਨੂੰ ਆਪਣੀ ਮੂਲ ਧਰਤੀ ਨਾਲ ਜੋੜ ਦਿੱਤਾ ਹੈ।  26 ਦਸੰਬਰ, 2014 ਨੂੰ ਇਕ ਹੋਰ ਵੱਡਾ ਕਦਮ ਚੁੱਕਦਿਆਂ 'ਅਜੀਤ' ਅਤੇ 'ਅਜੀਤ ਸਮਾਚਾਰ' ਦੀ ਪ੍ਰਕਾਸ਼ਨਾ ਚੰਡੀਗੜ੍ਹ ਤੋਂ ਆਰੰਭ ਕੀਤੀ ਗਈ ਹੈ। ਇਸ ਸਬੰਧੀ ਮੁਹਾਲੀ ਵਿਖੇ ਵਧੀਆ ਆਧੁਨਿਕ ਛਪਾਈ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਨਾਲ ਹਰਿਆਣਾ, ਹਿਮਾਚਲ, ਦਿੱਲੀ, ਚੰਡੀਗੜ੍ਹ ਅਤੇ ਇਸ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਨੂੰ ਸਮੇਂ ਸਿਰ ਤਾਜ਼ੀਆਂ ਖ਼ਬਰਾਂ ਨਾਲ ਭਰਪੂਰ ਅਖ਼ਬਾਰ ਮਿਲ ਰਿਹਾ ਹੈ।
'ਅਜੀਤ ਪ੍ਰਕਾਸ਼ਨ ਸਮੂਹ' ਨਿਰੰਤਰ ਆਪਣੀ ਮਿਥੀ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਆਪਣੇ ਸਮਾਜ ਤੇ ਲੋਕਾਂ ਦੀ ਦਿੱਖ ਨੂੰ ਸੰਵਾਰਨ ਵਿਚ ਆਪਣਾ ਨਿਰੰਤਰ ਯੋਗਦਾਨ ਪਾ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਪੰਜਾਬੀ 'ਅਜੀਤ' ਅਤੇ 'ਅਜੀਤ ਸਮਾਚਾਰ' ਨੂੰ ਪੜ੍ਹਨਾ ਅਤੇ 'ਅਜੀਤ ਵੈੱਬ ਟੀ.ਵੀ.' ਨੂੰ ਦੇਖਣਾ ਬਣੇ ਮਾਣ ਦੀ ਗੱਲ ਸਮਝਦਾ ਹੈ।