ਵਾਲਮੀਕਿ ਸਮਾਜ ਤੇ ਹੋਰ ਜਥੇਬੰਦੀਆਂ ਵਲੋਂ ਕਪੂਰਥਲਾ ਬੰਦ ਦਾ ਸੱਦਾ
ਕਪੂਰਥਲਾ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਵਾਲਮੀਕਿ ਸਮਾਜ ਤੇ ਹੋਰ ਜਥੇਬੰਦੀਆਂ ਵਲੋਂ ਆਮ ਆਦਮੀ ਪਾਰਟੀ ਦੀ ਸਾਬਕਾ ਹਲਕਾ ਇੰਚਾਰਜ ਮੰਜੂ ਰਾਣਾ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ 6 ਜਨਵਰੀ (ਮੰਗਲਵਾਰ) ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਕਪੂਰਥਲਾ ਬੰਦ ਦਾ ਸੱਦਾ ਦਿੱਤਾ ਗਿਆ ਹੈ। ਬੰਦ ਨੂੰ ਸਫਲ ਬਣਾਉਣ ਵਿਚ ਅੱਜ ਵਾਲਮੀਕਿ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਦੀ ਇਕ ਮੀਟਿੰਗ ਸਥਾਨਕ ਸ਼ਕੰਡੀ ਮੰਦਿਰ ਵਿਚ ਹੋਈ। ਮੀਟਿੰਗ ਉਪਰੰਤ ਰਾਸ਼ਟਰੀ ਵਾਲਮੀਕਿ ਸੰਘਰਸ਼ ਮੋਰਚੇ ਦੇ ਕੌਮੀ ਪ੍ਰਧਾਨ ਰੌਸ਼ਨ ਲਾਲ ਸੱਭਰਵਾਲ, ਕਮਲੇਸ਼ਵਰ ਐਜੂਕੇਸ਼ਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਹੰਸ, ਭਗਵਾਨ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ, ਵਾਲਮੀਕਿ ਸੰਘਰਸ਼ ਮੋਰਚੇ ਦੇ ਯੂਥ ਵਿੰਗ ਦੇ ਪ੍ਰਧਾਨ ਅਰਜਨ ਸੱਭਰਵਾਲ ਤੇ ਹੋਰ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਪੂਰਥਲਾ ਬੰਦ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ।
ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕਰਦੇ ਆ ਰਹੇ ਹਨ ਕਿ 'ਆਪ' ਦੀ ਆਗੂ ਮੰਜੂ ਰਾਣਾ ਵਲੋਂ ਐਸ.ਸੀ. ਸਮਾਜ ਦੇ ਇਕ ਆਗੂ ਲਈ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਲੈ ਕੇ ਵਾਲਮੀਕਿ ਸਮਾਜ ਵਿਚ ਰੋਸ ਪਾਇਆ ਜਾ ਰਿਹਾ ਹੈ। ਚਰਨਜੀਤ ਹੰਸ ਤੇ ਰੌਸ਼ਨ ਲਾਲ ਸਭਰਵਾਲ ਨੇ ਦੱਸਿਆ ਕਿ ਉਹ ਮੰਗ ਕਰਦੇ ਆ ਰਹੇ ਹਨ ਕਿ 'ਆਪ' ਦੀ ਆਗੂ ਵਿਰੁੱਧ ਕੇਸ ਦਰਜ ਕੀਤਾ ਜਾਵੇ, ਪ੍ਰੰਤੂ ਉਨ੍ਹਾਂ ਦੀ ਮੰਗ ਨੂੰ ਪੁਲਿਸ ਅਧਿਕਾਰੀਆਂ ਵਲੋਂ ਅਣਗੌਲਿਆ ਕੀਤਾ ਗਿਆ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ 'ਤੇ ਉਹ ਕਪੂਰਥਲਾ ਬੰਦ ਦਾ ਸੱਦਾ ਦੇਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰੇ ਵਾਲਮੀਕ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਸ਼ਕੰਡੀ ਮੰਦਿਰ ਕਪੂਰਥਲਾ ਤੋਂ ਰੋਸ ਮਾਰਚ ਸ਼ੁਰੂ ਹੋਵੇਗਾ ਜੋ ਜਲੋਖਾਨਾ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੇ ਹੋਏ ਡੀ.ਸੀ. ਚੌਕ ਵਿਚ ਪੁੱਜਣਗੀਆਂ ਤੇ ਬਾਅਦ ਵਿਚ ਡੀ.ਸੀ. ਚੌਕ ਵਿਚ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਵਾਲਮੀਕ ਸਮਾਜ ਨਾਲ ਸਬੰਧਿਤ ਆਗੂਆਂ ਨੂੰ ਵੀ ਇਸ ਰੋਸ ਮਾਰਚ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿਚ ਵਾਲਮੀਕ ਸੰਘਰਸ਼ ਮੋਰਚਾ ਯੂਥ ਵਿੰਗ ਦੇ ਚੇਅਰਮੈਨ ਸ਼ਾਰਪ ਸਭਰਵਾਲ, ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ, ਕਮਲੇਸ਼ਵਰ ਐਜੂਕੇਸ਼ਨ ਟਰੱਸਟ ਦੇ ਪੰਜਾਬ ਦੇ ਪ੍ਰਧਾਨ ਸਾਬੀ ਲੰਕੇਸ਼, ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਜਸਵਿੰਦਰਪਾਲ ਉੱਗੀ, 'ਆਪ' ਦੇ ਆਗੂ ਵਿਕਾਸ ਸਿੱਧੀ, ਵਿਕਾਸ ਮੋਮੀ, ਪ੍ਰਧਾਨ ਵਿਜੇ ਕੁਮਾਰ, ਸੁਖਦੇਵ ਸਿੰਘ, ਨਿਰਮਲ ਖਿੰਡਾ, ਰੇਨੂੰ, ਰਾਜਵਿੰਦਰ, ਸ਼ੀਲਾ ਆਦਿ ਹਾਜ਼ਰ ਸਨ |
;
;
;
;
;
;
;
;