ਮੰਗਾਂ ਨਾ ਮੰਨੇ ਜਾਣ 'ਤੇ ਰੋਡ ਸੰਘਰਸ਼ ਕਮੇਟੀ ਨੇ ਪਿੰਡ ਟਿੱਬਾ ਵਿਖੇ ਐਕਸਪ੍ਰੈਸ ਵੇਅ ਦਾ ਕੰਮ ਰੋਕਿਆ
ਸੁਲਤਾਨਪੁਰ ਲੋਧੀ, 6 ਜਨਵਰੀ(ਥਿੰਦ)-ਨੈਸ਼ਨਲ ਹਾਈਵੇ ਅਥਾਰਟੀ ਵਲੋਂ ਭਾਰਤ ਮਾਲ਼ਾ ਪ੍ਰੋਜੈਕਟ ਤਹਿਤ ਹਲਕਾ ਸੁਲਤਾਨਪੁਰ ਲੋਧੀ ਦੇ 22 ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਐਕਵਾਇਰ ਕਰਕੇ ਉਸਾਰੇ ਜਾ ਰਹੇ ਦਿੱਲੀ-ਕੱਟੜਾ ਅਤੇ ਜਾਮਨਗਰ ਬਠਿੰਡਾ ਐਕਸਪ੍ਰੈਸ ਵੇਅ ਦੇ ਨਿਰਮਾਣ ਕਾਰਜ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਮੰਗਾਂ ਨਾ ਮੰਨੇ ਜਾਣ ਉਤੇ ਅੱਕੇ ਹੋਏ ਪ੍ਰਭਾਵਿਤ ਕਿਸਾਨਾਂ ਨੇ ਅੱਜ ਟਿੱਬਾ ਵਿਖੇ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੋਕ ਦਿੱਤੇ ਅਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ। ਇਸ ਮੌਕੇ ਪ੍ਰਭਾਵਿਤ ਕਿਸਾਨਾਂ ਨੇ ਡੀ. ਆਰ. ਓ. ਕਪੂਰਥਲਾ, ਨੈਸ਼ਨਲ ਹਾਈਵੇ ਅਥਾਰਟੀ ਅਤੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟਣਗੇ ਅਤੇ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਸੰਘਰਸ਼ ਕਰਨਗੇ।
ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ, ਪਰਮਜੀਤ ਸਿੰਘ ਖਾਲਸਾ, ਜਥੇਦਾਰ ਅਵਤਾਰ ਸਿੰਘ ਮੀਰੇ, ਇੰਦਰਜੀਤ ਸਿੰਘ ਲਿਫਟਰ,ਕੁਲ ਹਿੰਦ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਟਿੱਬਾ, ਤਰਸੇਮ ਸਿੰਘ, ਜਸਵਿੰਦਰ ਕੌਰ ਟਿੱਬਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਕਿਸਾਨਾਂ ਨੂੰ ਤਿੰਨ ਸਾਲਾਂ ਤੋਂ ਧੋਖੇ ਵਿੱਚ ਰੱਖ ਰਿਹਾ ਹੈ। ਜ਼ਮੀਨਾਂ ਦਾ ਮੁਆਵਜ਼ਾ ਮਾਰਕੀਟ ਰੇਟ ਤੋਂ ਘੱਟ ਦਿੱਤੇ ਜਾਣ ਤੋਂ ਬਾਅਦ ਪ੍ਰਭਾਵਿਤ ਕਿਸਾਨਾਂ ਨੇ ਆਰਬੀਟੇਰੇਟਰ ਦਾ ਦਰਵਾਜ਼ਾ ਖੜਕਾਇਆ। ਆਰਬੀਟੇਟਰ ਵੱਲੋਂ ਦਿੱਤੇ ਫ਼ੈਸਲੇ ਨੂੰ ਨੈਸ਼ਨਲ ਹਾਈਵੇ ਅਥਾਰਟੀ ਨੇ ਮੰਨਣ ਤੋਂ ਇਨਕਾਰੀ ਹੁੰਦਿਆਂ ਸੈਸ਼ਨ ਕੋਰਟ ਵਿਚ ਚੈਲੰਜ ਕਰ ਦਿੱਤਾ। ਜਦਕਿ ਨੈਸ਼ਨਲ ਹਾਈਵੇ ਅਥਾਰਟੀ ਨੇ ਜ਼ਮੀਨਾਂ ਦਾ ਕਬਜ਼ਾ ਲੈ ਕੇ ਨਿਰਮਾਣ ਕਾਰਜ ਜਾਰੀ ਰੱਖੇ।
ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਅਣਮਿੱਥੇ ਸਮੇਂ ਲਈ ਧਰਨੇ ਬੈਠ ਗਏ ਹਨ ਅਤੇ ਜਦੋਂ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਮੰਗਾਂ ਨਹੀਂ ਮੰਨ ਲੈਂਦੇ, ਉਨ੍ਹਾਂ ਚਿਰ ਉਹ ਧਰਨਾ ਨਹੀਂ ਚੁੱਕਣਗੇ ਅਤੇ ਨਾ ਹੀ ਨਿਰਮਾਣ ਕਾਰਜ ਹੋਣਗੇ ਖ਼ਬਰ ਲਿਖੇ ਜਾਣ ਤੱਕ ਸੜਕ ਤੇ ਮਿੱਟੀ ਪਾ ਰਹੇ ਟਿੱਪਰ ਰੋਕ ਦਿੱਤੇ ਗਏ ਸਨ।ਇਸ ਮੌਕੇ ਸ਼ਿੰਗਾਰਾ ਸਿੰਘ ਟਿੱਬਾ,ਤਰਸੇਮ ਸਿੰਘ, ਪਿਆਰਾ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਜਸਪਾਲ ਸਿੰਘ, ਮਨਦੀਪ ਸਿੰਘ, ਨਵਦੀਪ ਸਿੰਘ ਮੈਰੀਪੁਰ, ਕਲਵਿੰਦਰ ਸਿੰਘ, ਰੇਸ਼ਮ ਸਿੰਘ ਅਮਾਨੀਪੁਰ, ਜਸਵਿੰਦਰ ਸਿੰਘ ਟਿੱਬਾ, ਹਰਜੀਤ ਸਿੰਘ ਜਾਰਜਪੁਰ, ਜਗਦੀਪ ਸਿੰਘ ਗਾਂਧਾ ਸਿੰਘ ਵਾਲਾ,ਆਪ ਆਗੂ ਅਮਰੀਕ ਸਿੰਘ ਟਿੱਬਾ , ਸੁਖਦੇਵ ਸਿੰਘ ਟਿੱਬਾ ਆਦਿ ਹਾਜ਼ਰ ਸਨ।
;
;
;
;
;
;
;
;