JALANDHAR WEATHER

ਆਟੋ ਰਿਕਸ਼ਾ ਨਾਲ ਟਕਰਾਈ ਅਕਸ਼ੈ ਕੁਮਾਰ ਦੀ ਸੁਰੱਖਿਆ ਗੱਡੀ, ਦੋ ਗੰਭੀਰ ਜ਼ਖ਼ਮੀ

ਮੁੰਬਈ, 20 ਜਨਵਰੀ- ਸੋਮਵਾਰ ਰਾਤ ਮੁੰਬਈ ਦੇ ਜੁਹੂ ਇਲਾਕੇ ਵਿਚ ਮੁਕਤੇਸ਼ਵਰ ਰੋਡ ਨੇੜੇ ਇਕ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਵਿਚ ਅਕਸ਼ੈ ਕੁਮਾਰ ਦੀ ਸੁਰੱਖਿਆ ਗੱਡੀ ਇਕ ਆਟੋ-ਰਿਕਸ਼ਾ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ-ਰਿਕਸ਼ਾ ਚਾਲਕ ਅਤੇ ਇਕ ਯਾਤਰੀ ਗੰਭੀਰ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਜ਼ਖਮੀ ਆਟੋ-ਰਿਕਸ਼ਾ ਚਾਲਕ ਦੇ ਭਰਾ ਮੁਹੰਮਦ ਸਮੀਰ ਨੇ ਕਿਹਾ ਕਿ ਉਸ ਦਾ ਭਰਾ ਰਾਤ 8:30 ਵਜੇ ਦੇ ਕਰੀਬ ਆਟੋ-ਰਿਕਸ਼ਾ ਚਲਾ ਰਿਹਾ ਸੀ। ਅਕਸ਼ੈ ਕੁਮਾਰ ਦੀ ਇਨੋਵਾ ਕਾਰ ਅਤੇ ਇਕ ਮਰਸੀਡੀਜ਼ ਉਸ ਦੇ ਪਿੱਛੇ ਆ ਰਹੀਆਂ ਸਨ। ਮਰਸੀਡੀਜ਼ ਨੇ ਇਨੋਵਾ ਨੂੰ ਟੱਕਰ ਮਾਰ ਦਿੱਤੀ, ਜੋ ਫਿਰ ਅੱਗੇ ਵਧ ਗਈ ਅਤੇ ਆਟੋ-ਰਿਕਸ਼ਾ ਨਾਲ ਟਕਰਾ ਗਈ ਤੇ ਆਟੋ-ਰਿਕਸ਼ਾ ਪਲਟ ਗਿਆ, ਜਿਸ ਨਾਲ ਉਸ ਦਾ ਭਰਾ ਅਤੇ ਇਕ ਯਾਤਰੀ ਅੰਦਰ ਫਸ ਗਏ। ਆਟੋ-ਰਿਕਸ਼ਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਉਸ ਦੇ ਭਰਾ ਦੀ ਹਾਲਤ ਗੰਭੀਰ ਹੈ।

ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਵਿਦੇਸ਼ ਯਾਤਰਾ ਤੋਂ ਬਾਅਦ ਹਵਾਈ ਅੱਡੇ ਤੋਂ ਘਰ ਵਾਪਸ ਆ ਰਹੇ ਸਨ। ਦੋਵੇਂ ਇਕ ਹੋਰ ਕਾਰ ਵਿਚ ਯਾਤਰਾ ਕਰ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜੁਹੂ ਪੁਲਿਸ ਨੇ ਮਰਸੀਡੀਜ਼ ਡਰਾਈਵਰ ਵਿਰੁੱਧ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਹੈ।

ਹਾਦਸੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਮਾਮਲੇ 'ਤੇ ਅਕਸ਼ੈ ਕੁਮਾਰ ਦੀ ਟੀਮ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਘਟਨਾ ਕਾਰਨ ਇਲਾਕੇ ਵਿਚ ਥੋੜ੍ਹਾ ਜਿਹਾ ਹੰਗਾਮਾ ਹੋਇਆ, ਪਰ ਸਥਿਤੀ ਨੂੰ ਜਲਦੀ ਕਾਬੂ ਵਿਚ ਕਰ ਲਿਆ ਗਿਆ। ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਸੁਰੱਖਿਅਤ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ