28-09-25
ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸਮਕਾਲੀ ਇਤਿਹਾਸ
ਲੇਖਕ : ਕਿਰਪਾਲ ਸਿੰਘ ਦਰਦੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ ਜਲੰਧਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98140-74901
ਕਿਰਪਾਲ ਸਿੰਘ 'ਦਰਦੀ' ਬਹੁ-ਵਿਧਾਈ ਕਲਮਕਾਰ ਹਨ, ਜਿਨ੍ਹਾਂ ਨੇ ਕਹਾਣੀਆਂ, ਜੀਵਨੀ, ਸਵੈ-ਜੀਵਨੀ ਸਮੇਤ ਖੋਜ ਅਧਾਰਿਤ ਪੁਸਤਕਾਂ ਦੇ ਨਾਲ-ਨਾਲ ਇਕ ਪੁਸਤਕ ਅੰਗਰੇਜ਼ੀ ਵਿਚ ਵੀ ਲਿਖੀ ਹੈ। ਵਿਚਾਰ ਗੋਚਰੀ ਪੁਸਤਕ ਉਨ੍ਹਾਂ ਸ਼ਹੀਦ ਸਿੰਘਾਂ-ਸਿੰਘਣੀਆਂ ਦੇ ਕਿਰਦਾਰ ਨੂੰ ਸਮਰਪਿਤ ਹੈ, ਜਿਨ੍ਹਾਂ ਸਿੱਖੀ ਕਿਰਦਾਰ ਨੂੰ ਬੁਲੰਦੀਆਂ ਤੱਕ ਪਹੁੰਚਾਇਆ। ਪੁਸਤਕ ਦੇ ਕੇਂਦਰ ਬਿੰਦੂ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਹਨ। ਇਸ ਮਹਾਨ ਸ਼ਹਾਦਤ ਦਾ ਸਮਕਾਲੀ ਇਤਿਹਾਸ ਦੇ ਸੰਦਰਭ ਵਿਚ ਤਜ਼ਕਰਾ ਕੀਤਾ ਗਿਆ ਹੈ। ਪੁਸਤਕ ਦੇ 13 ਅਧਿਆਏ ਹਨ। 'ਆਦਿਕਾ' ਤੋਂ ਬਾਅਦ ਪਹਿਲਾ ਅਧਿਆਏ ਬਾਬਾ ਜੀ ਦੇ ਜਨਮ ਤੇ ਮੁਢਲੇ ਜੀਵਨ, ਉਨ੍ਹਾਂ ਵੱਖ-ਵੱਖ ਵਿਦਵਾਨਾਂ ਵਲੋਂ ਬਾਬਾ ਜੀ ਦੇ ਪਿੰਡ ਤੇ ਗੋਤ ਬਾਰੇ ਇਕ ਰਾਇ ਨਾ ਹੋਣ ਦਾ ਜ਼ਿਕਰ ਕੀਤਾ ਹੈ। ਰਤਨ ਸਿੰਘ ਭੰਗੂ, ਭਾਈ ਕਾਨ੍ਹ ਸਿੰਘ ਨਾਭਾ, ਗਿਆਨੀ ਗਿਆਨ ਸਿੰਘ ਤੇ ਹੋਰ ਵਿਦਵਾਨ ਪਿੰਡ ਤੇ ਗੋਤ ਵੱਖ-ਵੱਖ ਰਾਵਾਂ ਰੱਖਦੇ ਹਨ। (ਪੰਨਾ 13-14)। ਅਗਲਾ ਅਧਿਆਏ ਔਰੰਗਜ਼ੇਬ ਦੀ ਮੌਤ ਤੋਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੱਕ ਦੇ ਵੇਰਵੇ ਨਾਲ ਭਰਪੂਰ ਹੈ। (ਪੰਨਾ 20 ਤੋਂ 28 ਤੱਕ)। 'ਦੋਹਰਾ ਰਾਜ ਕਰੇਗਾ ਖ਼ਾਲਸਾ' ਦੇ ਬਾਰੇ ਹੈ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਅਨੁਸਾਰ ਇਹ ਦੋਹਰਾ, 18ਵੀਂ ਸਦੀ ਦੇ ਪਹਿਲੀ ਚੌਥਾਈ ਦੌਰਾਨ ਜੋੜਿਆ ਗਿਆ ਹੈ। (ਪੰਨਾ 31)। ਅਗਲਾ ਅਧਿਆਏ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਵਿਵਰਣ ਹੈ। 5ਵਾਂ ਅਧਿਆਏ ਨਾਦਰ ਸ਼ਾਹ ਦੇ ਹਮਲੇ ਬਾਰੇ ਹੈ। ਮੱਸੇ ਰੰਗੜ ਦੇ ਕਤਲ ਅਤੇ ਪਹਿਲੇ ਘੱਲੂਘਾਰੇ ਬਾਰੇ ਮੁਕੰਮਲ ਵੇਰਵਾ ਹੈ। ਸਿੰਘ ਜਥੇ ਤੇ 12 ਮਿਸਲਾਂ ਬਾਰੇ ਅਧਿਆਏ ਵਿਚ ਇਸ ਮਿਸਲ ਦੇ ਬਾਬਾ ਦੀਪ ਸਿੰਘ ਦੀ ਜਥੇਦਾਰੀ ਹੇਠ ਕੀਤੀ ਮਹਾਨ ਸੇਵਾ ਤੇ ਕਾਰਨਾਮਿਆਂ ਦਾ ਜ਼ਿਕਰ ਹੈ। ਇਕ ਅਧਿਆਏ ਅਬਦਾਲੀ ਦੇ ਭਾਰਤ ਉੱਤੇ ਪਹਿਲੇ ਤਿੰਨ ਹਮਲਿਆਂ ਦਾ ਤਫ਼ਸੀਲੀ ਚਿਤਰਨ ਹੈ। ਪੰਨਾ 68 ਤੋਂ 80 ਤੱਕ ਦੇ ਅਧਿਆਏ ਵਿਚ ਅਬਦਾਲੀ ਦੇ ਚੌਥੇ ਹਮਲੇ ਅਤੇ ਬਾਬਾ ਦੀਪ ਸਿੰਘ ਜੀ ਦੀ ਅਜ਼ੀਮ ਸ਼ਹਾਦਤ ਦੀ ਗਾਥਾ ਬਿਆਨ ਕੀਤੀ ਗਈ ਹੈ। ਬਾਬਾ ਦੀਪ ਸਿੰਘ ਅਨੇਕ ਲੜਾਈਆਂ ਵਿਚ ਸ਼ਹੀਦ ਹੋਣ ਲਈ ਜਾਨ ਹਥੇਲੀ 'ਤੇ ਰੱਖ ਕੇ ਅੱਗੇ ਵਧਦੇ ਸਨ। (ਮਹਾਨ ਕੋਸ਼ ਪੰਨਾ 638)। ਮਰਾਠਿਆਂ ਦਾ ਪੰਜਾਬ ਉੱਤੇ ਕਬਜ਼ਾ, 9ਵਾਂ ਅਧਿਆਏ ਹੈ। ਅਗਲੇ ਅਧਿਆਏ ਵਿਚ ਅਬਦਾਲੀ ਦੇ ਭਾਰਤ ਉੱਤੇ ਪੰਜਵੇਂ ਹਮਲੇ ਦਾ ਵਿਸਥਾਰਪੂਰਬਕ ਜ਼ਿਕਰ ਹੈ। 'ਅਬਦਾਲੀ ਦਾ 6ਵਾਂ ਹਮਲਾ ਅਤੇ ਵੱਡਾ ਘੱਲੂਘਾਰਾ' ਇਕ ਹੋਰ ਅਹਿਮ ਅਧਿਆਏ ਹੈ, ਜਿਸ ਵਿਚ ਅਬਦਾਲੀ ਵਲੋਂ ਹਰਿਮੰਦਰ ਸਾਹਿਬ ਨੂੰ ਤੋਪਾਂ ਨਾਲ ਢਾਹੁਣ ਦਾ ਵੇਰਵਾ ਹੈ। ਦਲ ਖ਼ਾਲਸਾ ਦੇ ਸਰਦਾਰਾਂ ਦੀ ਅਗਵਾਈ, ਹਰਿਮੰਦਰ ਸਾਹਿਬ ਦੀ ਨਵ-ਉਸਾਰੀ ਬਾਰੇ ਇਕ ਪੈਰਾ ਹੈ (ਪੰਨਾ 106)। 'ਅਬਦਾਲੀ ਦਾ ਸੱਤਵਾਂ ਤੇ ਅੱਠਵਾਂ ਹਮਲਾ' ਬਹੁਤ ਜਾਣਕਾਰੀ ਭਰਪੂਰ ਹੈ। 'ਪੈਂਦੀਆਂ 'ਚ ਕੋਈ ਨਹੀਂ ਯਾਰ' ਅੰਤਲਾ ਅਧਿਆਏ ਹੈ। ਇਨ੍ਹਾਂ ਜਾਨ ਤਲੀ 'ਤੇ ਧਰ ਕੇ ਲੜਨ ਵਾਲੇ ਸੂਰਬੀਰ, ਯੋਧੇ ਅਤੇ ਫਿਰ ਵੀ ਸੰਤ ਬਣੇ ਲੋਕਾਂ ਦੇ ਧੰਨ ਹਨ ਸ਼ਹੀਦ ਬਾਬਾ ਦੀਪ ਸਿੰਘ ਜੀ। ਇਸ ਅਨੂਠੀ ਪੁਸਤਕ ਦੇ ਹਰ ਭਾਗ ਦੇ ਅੰਤ 'ਤੇ ਇਤਿਹਾਸਕ ਹਵਾਲੇ ਦਰਜ ਹਨ। ਪੁਸਤਕ ਵਿਲੱਖਣ ਇਤਿਹਾਸਕ ਦਸਤਾਵੇਜ਼ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਸਿੱਖ ਰਾਜ ਦਾ ਪਤਨ
(ਸਾਜਿਸ਼ਾਂ ਅਤੇ ਹਾਲਾਤ)
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 249 ਰੁਪਏ, ਸਫ਼ੇ : 184
ਸੰਪਰਕ : 78379-11000
ਇਤਿਹਾਸ ਦੀ ਐਮ.ਏ. ਕਰ ਚੁੱਕਾ ਜਗਤਾਰ ਸਿੰਘ ਭੰਗੂ ਇਤਿਹਾਸ ਦਾ ਗੰਭੀਰ ਪਾਠਕ ਅਤੇ ਸੰਜੀਦਾ ਲੇਖਕ ਹੈ। ਉਸ ਨੇ ਹੁਣ ਤੱਕ ਸਿੱਖ/ਪੰਜਾਬ ਇਤਿਹਾਸ/ਖ਼ਾਲਸਾ ਰਾਜ ਬਾਰੇ 10 ਅਤੇ ਕਿੱਸਾ ਕਾਵਿ ਦੀਆਂ 2 ਕਿਤਾਬਾਂ ਦਾ ਸੁਯੋਗ ਸੰਪਾਦਨ ਕੀਤਾ ਹੈ। ਉਸ ਦੀਆਂ ਮੌਲਿਕ ਪੁਸਤਕਾਂ ਵਿਚ 5 ਕਿਤਾਬਾਂ - ਦੇਖੀ ਤੇਰੀ ਦੁਨੀਆ (ਸਵੈ-ਜੀਵਨੀ, 2023), ਮਹਾਰਾਣੀ ਜਿੰਦਾਂ (2023), ਪੰਜਾਬ ਦਾ ਇਤਿਹਾਸ (2024), ਸਿੱਖ ਰਾਜ ਦਾ ਪਤਨ (2024), ਜੱਸਾ ਸਿੰਘ ਆਹਲੂਵਾਲੀਆ (2025) ਸ਼ਾਮਿਲ ਹਨ। ਰੀਵਿਊ ਅਧੀਨ ਪੁਸਤਕ ਵਿਚ ਸਿੱਖ ਰਾਜ ਦੇ ਪਤਨ (1839-1849) ਦੀਆਂ ਡੂੰਘੀਆਂ ਸਾਜਿਸ਼ਾਂ ਅਤੇ ਹਾਲਾਤ ਤੇ ਗੰਭੀਰ ਤਜ਼ਕਰਾ ਕੀਤਾ ਗਿਆ ਹੈ। ਸਿੱਖ ਇਤਿਹਾਸ ਬਾਰੇ ਸਮੇਂ-ਸਮੇਂ 'ਤੇ ਪੰਜਾਬੀ, ਭਾਰਤੀ ਤੇ ਵਿਦੇਸ਼ੀ ਲੇਖਕਾਂ ਨੇ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਵਿਚ ਖੁਸ਼ਵੰਤ ਸਿੰਘ, ਪ੍ਰੋ. ਸੁਖਦਿਆਲ ਸਿੰਘ, ਜੀ.ਸੀ. ਨਾਰੰਗ, ਐਮ.ਏ. ਮੈਕਾਲਿਫ਼ ਆਦਿ ਦੇ ਨਾਂਅ ਜ਼ਿਕਰਯੋਗ ਹਨ। ਭੰਗੂ ਨੇ ਇਸ ਕਿਤਾਬ ਦੇ ਛੋਟੇ-ਛੋਟੇ 36 ਅਧਿਆਏ ਬਣਾਏ ਹਨ, ਜਿਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਜਾ ਸ਼ੇਰ ਸਿੰਘ, ਡੋਗਰੇ ਸਰਦਾਰ, ਅੰਗਰੇਜ਼ਾਂ ਤੇ ਸਿੱਖਾਂ ਵਿਚਾਲੇ ਚਾਰ ਯੁੱਧ, ਮਹਾਰਾਜਾ ਦਲੀਪ ਸਿੰਘ, ਮਹਾਰਾਣੀ ਜਿੰਦਾਂ ਬਾਰੇ ਪ੍ਰਮੁਖੱਤਾ ਨਾਲ ਜ਼ਿਕਰ ਕੀਤਾ ਗਿਆ ਹੈ। ਭੰਗੂ ਦਾ ਵਿਚਾਰ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ ਕਿਸੇ ਵੀ ਇਤਿਹਾਸਕਾਰ ਨੇ ਸਿੱਖ ਵਿਚਾਰਧਾਰਾ ਨੂੰ ਜਾਣ ਕੇ ਅਤੇ ਪਰਖ ਕੇ ਸਹੀ ਸਿੱਖ ਇਤਿਹਾਸ ਨਹੀਂ ਲਿਖਿਆ... ਜਿੱਥੋਂ ਤੱਕ ਉਸ ਕਾਲ ਦੇ ਪ੍ਰਾਪਤ ਇਤਿਹਾਸਕ ਸਰੋਤਾਂ ਦਾ ਸਵਾਲ ਹੈ, ਰਣਜੀਤ ਸਿੰਘ, ਸ਼ੇਰ ਸਿੰਘ ਅਤੇ ਉਨ੍ਹਾਂ ਤੋਂ ਤੁਰੰਤ ਬਾਅਦ ਦੇ ਕਾਲ ਵਿਚ ਰਚੀਆਂ ਗਈਆਂ ਵਾਰਾਂ ਉਸ ਕਾਲ ਬਾਰੇ ਬੇਸ਼ਕੀਮਤੀ ਅਤੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ (5-7)। ਲੇਖਕ ਨੇ ਸਿੱਖ ਰਾਜ ਦੇ ਪਤਨ ਦੇ ਕਾਰਨਾਂ, ਘਟਨਾਵਾਂ ਅਤੇ ਉਸ ਦੇ ਨਤੀਜਿਆਂ ਬਾਰੇ ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਨੇ ਇਹ ਵੀ ਸਿੱਟਾ ਕੱਢਿਆ ਹੈ ਕਿ ਸਿੱਖਾਂ ਵਿਚਲੀ ਆਪਸੀ ਫੁੱਟ ਤੇ ਈਰਖਾ ਹੀ ਇਹਦੇ ਦੁਖਾਂਤ ਦਾ ਵੱਡਾ ਕਾਰਨ ਹੈ, ਜਿਸ ਦੇ ਅੰਤਰਗਤ ਉਸ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਿੱਲੀ ਫ਼ਤਹਿ (1783 ਈ.) ਤੱਕ ਦੀਆਂ ਫੁੱਟਾਂ ਤੇ ਈਰਖਾਵਾਂ ਦੇ ਮੱਦੇਨਜ਼ਰ ਇਸ ਨੂੰ ਘੋਖਿਆ ਹੈ। ਇਹ ਕਿਤਾਬ ਹੋਰ ਵੀ ਮੁੱਲਵਾਨ ਹੋ ਨਿਬੜਦੀ, ਜੇ ਇਸ ਵਿਚ ਯਥਾਯੋਗ ਥਾਵਾਂ 'ਤੇ ਫੁੱਟਨੋਟ ਅਤੇ ਹਵਾਲੇ ਦਰਜ ਕੀਤੇ ਹੁੰਦੇ! ਬਹਿਰਹਾਲ, ਸਿੱਖ ਰਾਜ ਦੇ ਪਤਨ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਵਿਚ ਇਹਦਾ ਆਪਣਾ ਯੋਗਦਾਨ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਸਿਹਤ ਅਤੇ ਆਹਾਰ ਵਿਗਿਆਨ
ਲੇਖਕ : ਡਾ. ਅਜਾਇਬ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 204
ਸੰਪਰਕ : 98157-94705
ਵਿਦਵਾਨ ਲੇਖਕ ਨੇ ਸਿਹਤ ਦੀ ਪਰਿਭਾਸ਼ਾ ਕਰਦਿਆਂ ਦੱਸਿਆ ਹੈ ਕਿ ਸਿਹਤ ਅਸਲ ਵਿਚ ਮਨ ਦੀ ਖੁਸ਼ੀ ਹੈ ਅਤੇ ਮਨ ਦੀ ਖੁਸ਼ੀ ਰੂਹ ਨੂੰ ਸਵਸਥ ਰੱਖਦੀ ਹੈ। ਮਨੁੱਖੀ ਸਰੀਰ ਪੰਜ ਤੱਤਾਂ ਤੋਂ ਮਿਲ ਕੇ ਬਣਿਆ ਹੋਇਆ ਹੈ। ਇਹ ਤੱਤ ਹਨ ਮਿੱਟੀ, ਪਾਣੀ, ਅੱਗ, ਹਵਾ ਅਤੇ ਆਕਾਸ਼। ਮਿੱਟੀ ਤੋਂ ਬਣੇ ਇਸ ਸਰੀਰ ਨੂੰ ਪਾਣੀ ਜੀਵਨ ਦਿੰਦਾ ਹੈ, ਅੱਗ ਰੂਪ ਦਿੰਦੀ ਹੈ, ਹਵਾ ਇਸ ਨੂੰ ਪ੍ਰਕਿਰਤੀ ਨਾਲ ਜੋੜਦੀ ਹੈ ਅਤੇ ਆਕਾਸ਼ ਤੱਤ ਸੋਝੀ ਪ੍ਰਦਾਨ ਕਰਦਾ ਹੈ। ਨਰੋਈ ਸਿਹਤ ਇਨ੍ਹਾਂ ਪੰਜ ਤੱਤਾਂ ਦੇ ਸੰਤੁਲਨ ਉੱਪਰ ਨਿਰਧਾਰਿਤ ਹੁੰਦੀ ਹੈ। ਲੇਖਕ ਨੇ ਇਸ ਕਿਤਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਤੰਦਰੁਸਤੀ ਦੇ ਬੁਨਿਆਦੀ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਮਨੁੱਖ ਦੇ ਸਰੀਰ ਅੰਦਰਲੇ ਅੰਗ ਨਕਸ਼ੇ ਨਾਲ ਸਮਝਾਏ ਹਨ। ਸਰੀਰ ਵਿਚ ਮਿਨਰਲਜ਼ ਦਾ ਮਹੱਤਵ ਉਜਾਗਰ ਕੀਤਾ ਹੈ। ਕੱਚੇ ਭੋਜਨ ਦਾ ਸਿਹਤ ਲਈ ਮਹੱਤਵ ਦੱਸਿਆ ਹੈ। ਇਹ ਵੀ ਦੱਸਿਆ ਕਿ ਵਰਤ ਰੱਖਣੇ ਕਿਉਂ ਜ਼ਰੂਰੀ ਹਨ। ਵੀਟ ਗ੍ਰਾਸ ਅਤੇ ਯੋਗਾ-ਥਰੈਪੀ ਨੂੰ ਗੁਣਕਾਰੀ ਦੱਸਿਆ ਹੈ।
ਦੂਜੇ ਭਾਗ ਵਿਚ 25 ਬਿਮਾਰੀਆਂ ਦੇ ਲੱਛਣ, ਕਾਰਨ, ਸਾਵਧਾਨੀਆਂ ਅਤੇ ਇਲਾਜਾਂ ਬਾਰੇ ਵਿਸਤਰਿਤ ਚਰਚਾ ਹੈ। ਇਹ ਰੋਗ ਹਨ : ਮਾਨਸਿਕ ਤਣਾਅ, ਬਦਹਜ਼ਮੀ, ਮਿਹਦੇ ਦੀ ਸੋਜ, ਪਿੱਤ-ਥੈਲੀ ਦਾ ਵਿਗਾੜ, ਗੁਲੂਕੋਸ਼ ਦੀ ਕਮੀ, ਸ਼ਕਰ ਰੋਗ, ਨਮੂਨੀਆ, ਦਿਲ ਦੀਆਂ ਬਿਮਾਰੀਆਂ, ਕੋਲੈਸਟ੍ਰੋਲ, ਸਿਰਦਰਦ ਅਤੇ ਮਾਈਗ੍ਰੇਨ ਸਟਰੋਕ, ਨੀਂਦ ਨਾ ਆਉਣੀ, ਤਪਦਿਕ ਚੰਬਲ, ਕੈਂਸਰ, ਮੋਟਾਪਾ, ਥਕੇਵਾਂ, ਯਾਦਦਾਸ਼ਤ ਜਾਂਦੀ ਰਹਿਣਾ, ਨਸ਼ਈਪੁਣਾ, ਨਿਪੁੰਸਕਤਾ, ਮਾਂਹਵਾਰੀ ਵਿਗਾੜ, ਯੋਨੀ ਪ੍ਰਵਾਹ, ਹਿਸਟੀਰੀਆ, ਭੁੱਖ ਮਰ ਜਾਣੀ ਤੇ ਦੰਦਾਂ ਦੇ ਰੋਗ ਆਦਿ। ਆਖਰੀ ਲੇਖ ਵੱਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਬਾਰੇ ਹੈ।
ਤੀਜੇ ਭਾਗ ਵਿਚ ਸਵਾਲ-ਜਵਾਬ ਦੀ ਵਿਧੀ ਰਾਹੀਂ ਸਿਹਤ ਅਤੇ ਆਹਾਰ ਬਾਰੇ ਡਾ. ਅਜਾਇਬ ਸਿੰਘ ਨੇ ਆਪਣੇ ਨਿੱਜੀ ਅਨੁਭਵ ਪੇਸ਼ ਕੀਤੇ ਹਨ। ਜਿਵੇਂ ਤੰਦਰੁਸਤ ਰਹਿਣ ਦੇ ਨੁਕਤੇ, ਸਰੀਰ ਹੋਂਦ ਵਿਚ ਕਿਵੇਂ ਆਇਆ? ਭੋਜਨ ਦੀ ਮਹੱਤਤਾ, ਸੰਤੁਲਿਤ ਭੋਜਨ ਦੇ ਤੱਤ, ਫਾਈਬਰ ਦੇ ਲਾਭ, ਆਲੂ ਦੇ ਗੁਣ, ਦਾਲਾਂ ਦੀਆਂ ਵਿਸ਼ੇਸ਼ਤਾਵਾਂ, ਕੇਲਾ, ਆਂਡੇ, ਵੱਖ-ਵੱਖ ਫਲਾਂ ਦੇ ਜੂਸ ਦੇ ਲਾਭ, ਖਾਲੀ ਪੇਟ ਪਾਣੀ ਪੀਣਾ, ਕਬਜ਼, ਜ਼ੁਕਾਮ ਆਦਿ ਤੋਂ ਬਿਨਾਂ ਇਲਾਜ ਦੀਆਂ ਪ੍ਰਮੁੱਖ ਵਿਧੀਆਂ (ਐਲੋਪੈਥੀ, ਆਕੂਪੰਚਰ, ਹੋਮਿਓਪੈਥੀ, ਆਯੁਰਵੈਦ, ਹਿਪਨੋਥਰੈਪੀ) ਬਾਰੇ ਪ੍ਰਮਾਣਿਕ ਜਾਣਕਾਰੀ ਉਪਲਬਧ ਕਰਵਾਈ ਹੈ। ਪਤੰਜਲੀ ਦੇ ਯੋਗਾ ਸਿਸਟਮ ਦੀਆਂ ਵਿਧੀਆਂ ਦੱਸੀਆਂ ਹਨ। ਕੁੱਲ ਮਿਲਾ ਕੇ ਇਹ ਪੁਸਤਕ ਸਿਹਤ ਅਤੇ ਆਹਾਰ ਵਿਗਿਆਨ ਲਈ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand.gmail.com
ਕਾਰੋਬਾਰ
ਮੂਲ ਲੇਖਕ : ਓਮਾ ਸ਼ਰਮਾ
ਅਨੁਵਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 195 ਰੁਪਏ, ਸਫ਼ੇ : 136
ਸੰਪਰਕ : 98148-03254
ਉੱਘੇ ਕਹਾਣੀਕਾਰ ਜਿੰਦਰ ਵਲੋਂ ਅਨੁਵਾਦਤ ਕੀਤੀਆਂ ਨਵੇਂ ਮੁਹਾਂਦਰੇ ਦੀਆਂ 5 ਲੰਮੀਆਂ ਹਿੰਦੀ ਕਹਾਣੀਆਂ ਦਾ ਸੰਗ੍ਰਹਿ ਹੈ , 'ਕਾਰੋਬਾਰ', ਜਿਨ੍ਹਾਂ ਦਾ ਮੂਲ ਲੇਖਕ ਹੈ ਓਮਾ ਸ਼ਰਮਾ। ਪਹਿਲੀ ਕਹਾਣੀ, 'ਦੁਸ਼ਮਣ ਮੇਮਣਾ' ਅਜੋਕੇ ਸਮੇਂ ਟੀਨ ਏਜ਼ਰ ਬੱਚਿਆਂ ਦੇ ਮੋਬਾਈਲ ਦੀ ਲੋੜੋਂ ਵਧ ਵਰਤੋਂ ਕਰਨ 'ਤੇ ਇੰਟਰਨੈੱਟ ਅਡਿਕਸ਼ਨ ਵਰਗੀ ਸਮੱਸਿਆ ਨੂੰ ਬਹੁਤ ਹੀ ਸੂਖ਼ਮਤਾ ਨਾਲ ਉਭਾਰਿਆ ਹੈ ਅਤੇ ਲੇਖਕ ਬੱਚਿਆਂ ਦੇ ਮੋਬਾਈਲ ਪ੍ਰਤੀ ਇਸ ਹੱਦ ਤੱਕ ਝੁਕਾਅ ਪ੍ਰਤੀ ਮੁਢਲੇ ਕਾਰਨਾਂ ਨੂੰ ਲੱਭਣ ਅਤੇ ਘੋਖਣ ਦੀ ਕੋਸ਼ਿਸ ਕਰਦਾ ਹੈ। ਕਹਾਣੀ ਵਿਚ ਮਨੋਵਿਗਿਆਨੀ ਡਾਕਟਰ ਦਾ ਇਕ ਕਥਨ, 'ਹਾਂ.. ਆਇਦਾ ਇਹ ਨਾ ਸਮਝਣਾ ਕਿ ਉਹ ਛੋਟੀ ਬੱਚੀ ਹੈ.. ਮੋਬਾਈਲਾਂ ਦੇ ਕੰਨ ਖਿੱਚਣ 'ਚ ਉਹ ਸਾਡੇ ਤੁਹਾਡੇ ਨਾਲੋਂ ਕਿਤੇ ਅੱਗੇ ਵਾਲੀ ਜਨਰੇਸ਼ਨ ਦੀ ਏ..।' ਕਹਾਣੀ ਦੇ ਪੀੜਤ ਪਾਤਰ ਵਲੋਂ ਵਾਰ-ਵਾਰ ਖ਼ੁਦਕੁਸ਼ੀ ਦੀ ਕੋਸ਼ਿਸ਼ ਇਸ ਦੀ ਭਿਅੰਕਰਤਾ ਨੂੰ ਦਰਸਾਉਂਦਾ ਹੈ। ਦੂਸਰੀ ਕਹਾਣੀ 'ਭਾਰ ਤੋਲ' ਐਕਸਟਰਾ ਮੈਰੀਟਲ ਰਿਸ਼ਤਿਆਂ ਦੀਆਂ ਮਜਬੂਰੀਆਂ, ਕਾਰਨਾ ਅਤੇ ਸਿੱਟਿਆਂ 'ਤੇ ਚਾਨਣਾ ਪਾਉਂਦੀ ਹੈ। ਔਰਤ ਵਲੋਂ 'ਲਾਈਕ ਮਾਈਂਡੇਡ' ਮਰਦ ਦੀ ਤਲਾਸ਼ ਅਤੇ ਆਪਣੀਆਂ ਗੁੱਝੀਆਂ ਰੀਝਾਂ ਦੀ ਪੂਰਤੀ ਲਈ ਕਿਸ ਹੱਦ ਤੱਕ ਜਾ ਸਕਦੀ ਹੈ ਲੇਕਿਨ ਆਪਣੇ ਬੱਚਿਆਂ ਖ਼ਾਤਿਰ ਆਪਣੇ ਪੈਰ ਪਿੱਛੇ ਖਿੱਚ ਲੈਣਾ ਔਰਤ ਦੀ ਮਮਤਾ ਉੱਤੇ ਜਿੱਤ ਨੂੰ ਪ੍ਰਦਰਸ਼ਿਤ ਕਰਦੀ ਹੈ। ਤੀਸਰੀ ਕਹਾਣੀ 'ਦੂਜਾ ਵਿਸ਼ਵ ਯੁੱਧ' ਪੰਚਮ ਪਰਮਾਰ ਅਤੇ ਸੰਜੀਵ ਪਾਤਰਾਂ ਵਿਚਾਲੇ ਮੌਖਿਕ ਅਤੇ ਡਾਇਰੀ ਰਾਹੀਂ ਦੂਜੇ ਵਿਸ਼ਵ ਯੁੱਧ ਦੇ ਖਲਨਾਇਕ ਹਿਟਲਰ ਦੀ ਜੀਵਨੀ ਰਾਹੀਂ ਵਰਤਮਾਨ ਨੂੰ ਜੋੜ ਕੇ ਦੱਸਿਆ ਗਿਆ ਹੈ ਕਿ ਦੂਜਾ ਵਿਸ਼ਵ ਯੁੱਧ ਹਾਲੇ ਜ਼ਾਰੀ ਹੈ। ਸਿਰਫ਼ ਪਰਸਥਿਤੀਆਂ, ਸਥਾਨ ਅਤੇ ਪਾਤਰਾਂ ਦੇ ਨਾਂਅ ਬਦਲੇ ਹਨ। ਪੰਚਮ ਪਰਮਾਰ ਆਪਣੀ ਪਤਨੀ ਜਾਨਕੀ, ਬਹੂ ਗਾਰਗੀ ਆਦਿ ਦੇ ਮਾਧਿਅਮ ਨਾਲ ਇਸ ਗੱਲ ਨੂੰ ਸਾਬਿਤ ਕਰਦਾ ਹੈ। 'ਸੰਜੀਵ ਜੀ, ਮੇਰੇ ਲੇਖਕ ਦੋਸਤ, ਦੂਜਾ ਵਿਸ਼ਵ ਯੁੱਧ ਹਾਲੇ ਖ਼ਤਮ ਕਿੱਥੇ ਹੋਇਆ ਹੈ ਘਰ ਸਮਾਜ ਤੇ ਪੂਰੇ ਮੁਲਕ ਵਿਚ ਉਸ ਦਾ ਤਾਂਡਵ ਨਵੀਆਂ-ਨਵੀਆਂ ਸ਼ਕਲਾਂ ਵਿਚ ਚਲ ਰਿਹਾ ਹੈ।' ਪੰਚਮ ਪਰਮਾਰ ਦਾ ਇਹ ਕਥਨ ਅਜੋਕੇ ਸਮੇਂ ਤੇ ਬਹੁਤ ਢੁਕਵਾਂ ਹੈ। ਸੰਗ੍ਰਹਿ ਦੀ ਟਾਈਟਲ ਕਹਾਣੀ ਹੈ, 'ਕਾਰੋਬਾਰ' ਵਿਚ ਲੇਖਕ ਅਜੋਕੇ ਮਲਟੀਨੈਸ਼ਨਲ ਕਾਰਪੋਰੇਟ ਸੈਕਟਰ ਦੀਆਂ ਗੁੰਝਲਾਂ, ਉਲਝਣਾਂ, ਪੇਚੀਦਗੀਆਂ, ਘੁਣਤਰਾਂ ਨੂੰ ਬਹੁਤ ਹੀ ਮਹੀਨ ਸੂਤਰਾਂ ਨਾਲ ਜੋੜ ਕੇ ਉਸ ਅੰਦਰਲੇ ਕਰੂਰ ਯਥਾਰਥ ਨੂੰ ਸ਼ਬਦ ਦਰ ਸ਼ਬਦ, ਸਤਰ ਦਰ ਸਤਰ ਉਘਾੜਦਾ ਹੈ। ਲੇਖਕ ਸਰਕਾਰ-ਗ਼ੈਰਸਰਕਾਰੀ ਅਦਾਰਿਆਂ ਦੇ ਗੁਪਤ ਰਹੱਸਾਂ ਨੂੰ ਬੜੀ ਖੂਬੀ ਨਾਲ ਖੋਲ੍ਹਦਾ ਜਾਂਦਾ ਹੈ। ਅੰਤਿਮ ਕਹਾਣੀ 'ਘੋੜੇ' ਘੋੜਿਆਂ ਦੀ ਰੇਸ ਦੇ ਕਾਰੋਬਾਰ, ਸੱਟਾ ਬਾਜ਼ਾਰ ਦੇ ਨਾਲ-ਨਾਲ ਇਸ ਧੰਦੇ ਦੀਆਂ ਬਰੀਕੀਆਂ, ਘੋੜਿਆਂ ਦੀਆਂ ਨਸਲਾਂ, ਉਨ੍ਹਾਂ ਦੇ ਰੱਖ-ਰਖਾਵ ਅਤੇ ਰੇਸ ਵਿਚ ਲਾਉਣ ਵਾਲੇ ਦਾਅ ਦੀਆਂ ਸੂਖਮ ਤੰਦਾਂ ਨੂੰ ਇਕ-ਇਕ ਕਰਕੇ ਉਜਾਗਰ ਕਰਦਾ ਜਾਂਦਾ ਹੈ। ਜਿੰਦਰ ਵਲੋਂ ਕਹਾਣੀਆਂ ਦਾ ਢੁਕਵਾਂ ਅਨੁਵਾਦ ਕੀਤਾ ਗਿਆ ਹੈ ਪਰ 'ਢੱਕ ਦੇ ਤਿੰਨ ਪੱਤੇ', 'ਹਾਥ ਕੰਗਣ ਨੂੰ ਆਰਸੀ ਕੀ' ਜਿਹੇ ਮੁਹਾਵਰੇ ਅਤੇ ਚੌਂਕਿਆ, ਕੌਂਦਿਆ, ਅਣਮਨੀ, ਗਰੱਸੀ ਜਿਹੇ ਹਿੰਦੀ ਦੇ ਸ਼ਬਦਾਂ ਦੀ ਹੂਬਹੂ ਵਰਤੋਂ ਅੱਖ਼ਰਦੀ ਹੈ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਚਾਨਣ ਵੰਡਦੀ ਕਹਿਕਸ਼ਾਂ
ਲੇਖਿਕਾ : ਡਾ. ਗੁਰਚਰਨ ਕੌਰ ਕੋਚਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 126
ਸੰਪਰਕ : 94170-31464
ਹਥਲਾ ਗ਼ਜ਼ਲ ਸੰਗ੍ਰਹਿ ਸੁਪ੍ਰਸਿੱਧ ਗ਼ਜ਼ਲਕਾਰਾ ਡਾ. ਗੁਰਚਰਨ ਕੌਰ ਕੋਚਰ ਦਾ ਸਿਰਜਿਆ ਹੋਇਆ ਹੈ। ਉਹ ਇਕ ਲਗਾਤਾਰ ਸਿਰਜਣ ਅਵਸਥਾ ਵਿਚ ਰਹਿੰਦੀ ਹੈ। ਉਸ ਨੂੰ ਵੱਡੇ-ਵੱਡੇ ਸਨਮਾਨ ਵੀ ਮਿਲ ਚੁੱਕੇ ਹਨ। ਉਸ ਨੇ ਇਸ ਪੁਸਤਕ ਤੋਂ ਪਹਿਲਾਂ 16 ਸ਼ਾਨਦਾਰ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਦੇ ਕੇ ਉਸ ਨੂੰ ਅਮੀਰ ਬਣਾਇਆ ਹੈ। ਉਸ ਦੀਆਂ ਕਈ ਕਵਿਤਾਵਾਂ 10ਵੀਂ ਦੇ ਪਾਠਕ੍ਰਮ ਵਿਚ ਵੀ ਪੜ੍ਹਾਈਆਂ ਜਾਂਦੀਆਂ ਹਨ। ਉਹ ਦੇਸ਼-ਵਿਦੇਸ਼ ਵਿਚੋਂ ਸਨਮਾਨ ਪ੍ਰਾਪਤ ਕਰ ਚੁੱਕੀ ਹੈ। ਹਥਲੀ ਪੁਸਤਕ ਉਸ ਨੇ ਗ਼ਜ਼ਲਾਂ, ਗੀਤ ਤੇ ਕਵਿਤਾਵਾਂ ਵਿਚ ਵੰਡ ਕੇ ਪਰਿਪੂਰਨ ਕੀਤੀ ਹੈ। ਪਹਿਲੇ ਭਾਗ ਵਿਚ 47 ਗ਼ਜ਼ਲਾਂ, ਦੂਜੇ ਭਾਗ ਵਿਚ 17 ਗੀਤ ਅਤੇ ਤੀਜੇ ਭਾਗ ਵਿਚ 8 ਕਵਿਤਾਵਾਂ ਹਨ। ਉਸ ਦੀ ਹਰ ਰਚਨਾ ਭਾਵਪੂਰਤ ਅਤੇ ਮਿਆਰੀ ਹੁੰਦੀ ਹੈ। ਉਸ ਦੀ ਹਥਲੀ ਕਿਤਾਬ ਦੀ ਭੂਮਿਕਾ ਪ੍ਰਸਿੱਧ ਗ਼ਜ਼ਲ ਸਮੀਖਿਆਕਾਰ ਸ੍ਰੀਰਾਮ ਅਰਸ਼ ਨੇ ਲਿਖਿਆ ਹੈ ਕਿ ਡਾ. ਗੁਰਚਰਨ ਕੌਰ ਕੋਚਰ ਇਕ ਪ੍ਰਤਿਭਾਵਾਨ ਲੇਖਿਕਾ ਹੈ, ਜਿਹੜੀ ਕਿੱਤੇ ਵਜੋਂ ਇਕ ਅਧਿਆਪਕਾ ਹੋਣ ਕਾਰਨ ਆਪਣੇ ਜਗਿਆਸੂ ਵਿਦਿਆਰਥੀਆਂ ਨੂੰ ਬਹੁਤ ਸੁਯੋਗ ਢੰਗ ਨਾਲ ਗਿਆਨ ਦਾ ਨੂਰ ਪ੍ਰਦਾਨ ਕਰਦੀ ਹੈ। ਉਸ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਆਪਣਾ ਲੋਹਾ ਮੰਨਵਾਇਆ ਹੈ। ਭਾਵੇਂ ਉਸ ਨੇ ਹੋਰ ਵਿਧਾਵਾਂ ਵਿਚ ਵੀ ਸਾਹਿਤ ਰਚਿਆ ਪਰ ਉਸ ਦੀ ਮਨਪਸੰਦੀ ਗ਼ਜ਼ਲ ਉੱਤੇ ਹੀ ਆ ਕੇ ਟਿਕਦੀ ਹੈ। ਉਸ ਨੇ ਬੜੀ ਭਾਵਪੂਰਤ ਸ਼ਿਅਰਕਾਰੀ ਕੀਤੀ ਹੈ। ਉਹ ਗ਼ਜ਼ਲ ਤਕਨੀਕ ਵਿਚ ਪੂਰਨ ਹੈ ਤੇ ਵਿਸ਼ੇ ਪ੍ਰਤੀ ਉਹ ਲੋਕਤਾ ਦੇ ਵਿਸ਼ੇ ਨੂੰ ਨਿਭਾਉਂਦੀ ਹੈ। ਖ਼ਾਸ ਕਰ ਔਰਤ ਜਾਤੀ ਦੇ ਦੁੱਖ ਦਰਦ ਤੇ ਮਸਲਿਆਂ ਨੂੰ ਉਹ ਬੜੀ ਡੂੰਘਾਈ ਨਾਲ ਸਮਝਦੀ ਤੇ ਪੇਸ਼ਕਾਰੀ ਕਰਦੀ ਹੈ। ਪੇਸ਼ ਹਨ ਉਸ ਦੇ ਕੁਝ ਸ਼ਿਅਰ, ਗੀਤਾਂ ਦੇ ਕੁਝ ਮੁਖੜੇ ਅਤੇ ਕਵਿਤਾਵਾਂ ਦੀਆਂ ਸੰਖੇਪ ਟੂਕਾਂ : ਗ਼ਜ਼ਲਾਂ :
ਮੈਂ ਚਿੱਟਾ ਹਾਂ ਕੁੱਲ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ
ਕਿੱਥੋਂ ਆਵਾਂ ਕਿੱਧਰ ਜਾਵਾਂ ਪਿੰਡ ਨਗਰ ਤੇ ਸ਼ਹਿਰ ਨਾ ਪੁੱਛ
-ਰੋਲ ਨਾ ਮੇਰਾ ਬੁਢਾਪਾ ਬਿਰਧ ਘਰ ਵਿਚ ਭੇਜ ਕੇ
ਜੀਣ ਜੋਗੇ ਪੁੱਤਰਾ! ਮੈਨੂੰ ਮੇਰਾ ਦਰ ਮੋੜ ਦੇ।
-ਨਹੀਂ ਭਾਉਂਦਾ ਜਗੀਰੂ ਸੋਚ ਦਾ ਦਸਤੂਰ ਹੁਣ ਮੈਨੂੰ,
ਕਹਾਵਾਂ ਪੈਰ ਦੀ ਜੁੱਤੀ ਨਹੀਂ ਮਨਜ਼ੂਰ ਹੁਣ ਮੈਨੂੰ।
-ਹਰ ਦਿਨ ਭੇਸ ਵਟਾ ਲੈਂਦਾ ਹੈ
ਚੁਸਤ ਸਿਆਸਤਦਾਨ ਹੈ ਉਹ
ਗੀਤ :
ਮਾਂ ਤਾਂ ਆਖਰ ਮਾਂ ਹੁੰਦੀ ਏ ਸੰਘਣੇ ਰੁੱਖ ਦੀ ਛਾਂ ਹੁੰਦੀ ਏ
ਮਾਂ ਦੇ ਦਿਲ ਦੀ ਹਰ ਇਕ ਧੜਕਣ ਬੱਚਿਆਂ ਦੇ ਹੀ ਨਾਂ ਹੁੰਦੀ ਏ
-ਮੰਨਿਆ ਮਾਂ ਤਾਂ ਮਾਂ ਹੁੰਦੀ ਏ ਸੰਘਣੇ ਰੁੱਖ ਦੀ ਛਾਂ ਹੁੰਦੀ ਏ,
ਸੱਚ ਜਾਣਿਓ ਬਾਬਲ ਦੀ ਵੀ ਇਕ ਵਿਲੱਖਣ ਥਾਂ ਹੁੰਦੀ ਏ
-ਕਦਮ ਕਦਮ 'ਤੇ ਧੀਆਂ ਨਾਲ ਤਾਂ ਹੁੰਦੇ ਧੋਖੇ ਬੜੇ
ਧੀਆਂ ਦੇ ਦੁੱਖ ਲਿਖਣ ਲੱਗਿਆਂ ਕਲਮ ਵੀ ਹਉਕੇ ਭਰੇ
-ਮੇਰਾ ਦੇਸ਼ ਮਹਾਨ ਦੋਸਤੋ ਮੇਰਾ ਦੇਸ਼ ਮਹਾਨ
ਕੁੱਲ ਦੁਨੀਆ ਦੀ ਧਰਤੀ ਉੱਤੇ ਵੱਖਰੀ ਇਸ ਦੀ ਸ਼ਾਨ...
ਬਾਕੀ ਗੀਤ ਵੀ ਸਮਾਜਿਕ ਤੇ ਸੱਭਿਆਚਾਰਕ ਦੀ ਰਖਵਾਲੀ ਦੇ ਮੁਦਈ ਹਨ, ਕੋਚਰ ਦੀਆਂ ਕਵਿਤਾਵਾਂ ਬਹੁਤ ਭਾਵਪੂਰਤ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ। ਬਾਬਲ ਦੀ ਸ਼ਾਇਰੀ ਅੱਜ ਵੀ ਮੇਰੇ ਸੰਘ, ਉਨ੍ਹਾਂ ਲਈ ਇਹ ਕਾਹਦਾ ਸਾਵਣ, ਇਤਿਹਾਸ ਆਜ਼ਾਦੀ ਅਤੇ ਨਾਨੀ ਹੈ ਸ਼ਕਤੀ ਦਾ ਸੋਮਾ ਕਵਿਤਾਵਾਂ ਵਾਚਣਯੋਗ ਹਨ। ਪੁਸਤਕ ਚੰਗੀ ਹੈ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਟੱਪੇ ਬੋਲੀਆਂ ਗੀਤ
ਲੇਖਿਕਾ : ਰਾਜਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98889-02339
'ਟੱਪੇ ਬੋਲੀਆਂ ਗੀਤ' ਪੰਜਾਬ ਦੇ ਲੋਕ ਸਾਹਿਤ ਨਾਲ ਸੰਬੰਧਿਤ ਰਾਜਿੰਦਰ ਕੌਰ ਦੀ ਪਲੇਠੀ ਰਚਨਾ ਹੈ, ਪਰੰਤੂ ਇਸ ਤੋਂ ਪਹਿਲਾਂ ਉਹ ਚਾਰ ਕਾਵਿ-ਸੰਗ੍ਰਹਿ, ਤਿੰਨ ਵਾਰਤਕ ਰਚਨਾਵਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕੀ ਹੈ। ਹਥਲੀ ਰਚਨਾ ਵਿਚ ਕਵਿੱਤਰੀ ਨੇ ਟੱਪੇ, ਬੋਲੀਆਂ, ਗੀਤ ਰਚ ਕੇ ਪੰਜਾਬੀ ਲੋਕ ਕਾਵਿ-ਸਾਹਿਤ ਦੇ ਖ਼ਜ਼ਾਨੇ ਵਿਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਹੈ। ਇਨ੍ਹਾਂ ਟੱਪੇ, ਗੀਤਾਂ ਅਤੇ ਬੋਲੀਆਂ ਦੇ ਵਿਸ਼ਾ-ਵਸਤੂ ਅਤੇ ਸ਼ੈਲੀ ਏਨੀ ਦਿਲ ਖਿੱਚਵੀਂ ਅਤੇ ਮਨ ਨੂੰ ਧੂਹ ਪਾਉਣ ਵਾਲੀ ਹੈ ਕਿ ਇਹ ਪੰਜਾਬੀ ਲੋਕ ਕਾਵਿ ਧਾਰਾ ਦਾ ਹਿੱਸਾ ਹੀ ਬਣਦੀ ਨਜ਼ਰੀਂ ਪੈਂਦੀ ਹੈ। ਭਰ ਜੁਆਨ ਜਹਾਨ ਮੁਟਿਆਰ ਕੁੜੀ ਦੇ ਮਨ ਦੇ ਤਿੱਖੇ ਵਲਵਲੇ, ਵਿਆਹੁਤਾ ਸੁਆਣੀ ਦੀਆਂ ਖ਼ੁਸ਼ੀਆਂ ਅਤੇ ਵੇਦਨਾ, ਸੱਚਾ-ਸੁੱਚਾ ਇਸ਼ਕ, ਪ੍ਰਕਿਰਤੀ, ਬਨਸਪਤੀ, ਪਸ਼ੂ-ਪੰਛੀਆਂ, ਪੂਰੇ ਬ੍ਰਹਿਮੰਡ ਨਾਲ ਪਿਆਰ ਅਤੇ ਸਨੇਹ, ਰਿਸ਼ਤਿਆਂ ਵਿਚਲੀ ਮਾਣ ਮਰਿਯਾਦਾ, ਪਰਦੇ ਹੇਠ ਪਲਦੇ ਨਾਜਾਇਜ਼ ਸੰਬੰਧ, ਉਲਾਂਭੇ, ਨਿਹੋਰੇ, ਉੱਚੀਆਂ ਜਾਤੀਆਂ ਦਾ ਹੰਕਾਰ ਆਦਿ ਸਭ ਕੁਝ ਇਸ ਰਚਨਾ ਵਿਚ ਉਪਲੱਬਧ ਹੈ। ਕਵਿੱਤਰੀ ਆਪਣੇ ਜੀਵਨ ਦੇ ਲੰਮੇ ਅਨੁਭਵ ਤੋਂ ਬਾਅਦ ਲਿਖਦੀ ਹੈ-
'ਸਾਗਰ ਦੀਆਂ ਲਹਿਰਾਂ ਨੇ, / ਕੱਕਿਆਂ ਰੇਤਿਆਂ 'ਤੇ,
ਪੁੰਨਣ ਦੀਆਂ ਪੈੜਾਂ ਨੇ।' / 'ਆਵੇ ਵਿਚ ਘੜਾ ਪੱਕਦਾ,
ਠੰਢਾ ਪਾਣੀ ਪੀ ਸੋਹਣੀਏ,
ਮੈਂ ਤਾਂ ਹਿੱਕੜੀ 'ਚ ਅੱਗ ਰੱਖਦਾ।'
ਰਾਜਿੰਦਰ ਦੀ ਇਸ ਰਚਨਾ ਵਿਚ ਪੇਸ਼ ਕੀਤੀਆਂ ਬੋਲੀਆਂ, ਟੱਪਿਆਂ ਅਤੇ ਗੀਤਾਂ ਦੀ ਖ਼ੂਬੀ ਇਹ ਹੈ ਕਿ ਉਸ ਨੇ ਲੋਕ ਮੁਹਾਵਰੇ ਅਤੇ ਲੋਕ ਧਾਰਾ ਦਾ ਪੱਲਾ ਘੁੱਟ ਕੇ ਫ਼ੜੀ ਰੱਖਿਆ ਹੈ-
'ਖਾਧੀ ਪੀਤੀ ਦੀ ਹਮਕ ਪਵੇ,/ ਜੇਠ ਨੇ ਜਨਾਣੀ ਕੁੱਟ ਤੀ,
ਅੱਧੀ ਰਾਤ ਨੂੰ ਧਮਕ ਪਵੇ।' / 'ਇਹ ਕੌਣ ਜੋ ਸੁੱਤਾ ਪਿਆ,
ਮਾਰ ਕੇ ਬੁੱਕਲ ਖੇਸ ਦੀ / ਸਹੁਰਾ ਸੱਸ ਨਾਲ ਰੁੱਸਾ ਪਿਆ।'
ਰਾਜਿੰਦਰ ਦੁਆਰਾ ਰਚੀਆਂ ਲੋਕ ਗੀਤਾਂ ਵਰਗੀਆਂ ਇਨ੍ਹਾਂ ਵੰਨਗੀਆਂ ਰਾਹੀਂ ਉਹ ਵਿੱਦਿਆ ਪੜ੍ਹਾਈ ਦੀ ਸਲਾਹੁਤਾ ਕਰਦੀ ਹੈ ਅਤੇ ਹੋਰ ਬਹੁਤ ਸਾਰੇ ਸਮਾਜ ਸੁਧਾਰਕ ਸਲੋਗਨ ਸਿਰਜਣ ਵਿਚ ਵੀ ਸਫ਼ਲ ਰਹੀ ਹੈ-
'ਤੂਤਾਂ ਦੀਆਂ ਛਾਵਾਂ ਨੇ,
ਸੋਹਣੀ ਸੋਹਣੀ ਪੌਣ ਵਗਦੀ,
ਦੁੱਖ ਸੁਣਦੀਆਂ ਮਾਵਾਂ ਨੇ।'
'ਮੇਰੀ ਸੱਸ ਤਾਂ ਰਕਾਨ ਕੁੜੀਓ,
ਧੀਆਂ ਵਾਂਗੂੰ ਮੈਨੂੰ ਰੱਖਦੀ,
ਉਹ ਤਾਂ ਸੁਘੜ ਸੁਜਾਨ ਕੁੜੀਓ।'
ਇਸ ਪ੍ਰਕਾਰ ਰਾਜਿੰਦਰ ਕੌਰ ਦੀ ਪ੍ਰੋੜ੍ਹ ਉਮਰ ਦੀ ਇਸ ਰਚਨਾ 'ਟੱਪੇ ਬੋਲੀਆਂ ਗੀਤ' ਵਿਚ ਸ਼ਹਿਦ ਜਿਹਾ ਮਿੱਠਾ ਰਸ ਵੀ ਹੈ, ਪਿਆਰ ਦੇ ਰੰਗ ਵਿਚ ਘੁਲੀ ਸੋਹਣੀ ਚਾਸ਼ਨੀ ਵੀ ਹੈ। ਲੇਖਿਕਾ ਦੀ ਸ਼ੈਲੀ ਦੀ ਖ਼ੂਬੀ ਇਹ ਹੈ ਕਿ ਉਸ ਨੇ ਇਸ਼ਕ ਮੁਹੱਬਤ ਜਿਹੇ ਭਾਵਾਂ ਨੂੰ ਚਿਤਰਦਿਆਂ ਹੋਇਆਂ ਵੀ ਸਮਾਜਿਕ ਮਰਿਯਾਦਾ ਅਤੇ ਉੱਚ ਕਦਰਾਂ ਕੀਮਤਾਂ ਦੇ ਭਾਵਾਂ ਨੂੰ ਵੀ ਬਰਕਰਾਰ ਰੱਖਿਆ ਹੈ। ਜਿੱਥੇ ਮੈਂ ਰਾਜਿੰਦਰ ਕੌਰ ਦੀ ਇਸ ਰਚਨਾ ਲਈ ਉਸ ਨੂੰ ਵਧਾਈ ਦਿੰਦਾ ਹਾਂ, ਉੱਥੇ ਨਾਲ ਹੀ ਪੰਜਾਬੀ ਲੋਕ ਸਾਹਿਤ ਦਾ ਆਨੰਦ ਮਾਣਨ ਲਈ ਪਾਠਕਾਂ ਨੂੰ ਇਹ ਪੁਸਤਕ ਪੜ੍ਹਨ ਲਈ ਸੁਝਾਅ ਵੀ ਦਿੰਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 94276-85020
ਜ਼ਿੰਦਗੀ ਦੇ ਵਰਕੇ
ਕਵੀ : ਕੇਵਲਜੀਤ ਸਿੰਘ 'ਕੰਵਲ' ਹੁਸ਼ਿਆਰਪੁਰੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ :200 ਰੁਪਏ ਪੰਨੇ : 92
ਸੰਪਰਕ : 98775-66190
ਕੇਵਲਜੀਤ ਸਿੰਘ 'ਕੰਵਲ' ਹੁਸ਼ਿਆਰਪੁਰੀ ਪੰਜਾਬੀ ਕਵਿਤਾ ਨੂੰ ਪ੍ਰਣਾਇਆ ਹੋਇਆ ਕਲਮਕਾਰ ਹੈ।'ਜ਼ਿੰਦਗੀ ਦੇ ਬਦਲਦੇ ਰੰਗ', 'ਜ਼ਿੰਦਗੀ ਦੇ ਰੂਬਰੂ' ਅਤੇ 'ਵਜੂਦ ਜ਼ਿੰਦਗੀ ਦਾ' ਪੰਜਾਬੀ ਕਾਵਿ-ਸੰਗ੍ਰਹਿਆਂ ਤੋਂ ਇਲਾਵਾ ਹਿੰਦੀ ਕਾਵਿ ਸੰਗ੍ਰਹਿ 'ਸਫ਼ਰ ਜ਼ਿੰਦਗੀ ਦਾ' ਨਾਲ ਅਦਬ ਦੇ ਖਿੱਤੇ ਵਿਚ ਚੰਗਾ ਯੋਗਦਾਨ ਪਾਉਣ ਵਾਲਾ 'ਕੰਵਲ' ਹੁਣ ਆਪਣੇ ਤਾਜ਼ਾਤਰੀਨ ਕਾਵਿ-ਮਜ਼ਮੂਆ 'ਜ਼ਿੰਦਗੀ ਦੇ ਵਰਕੇ' ਨਾਲ ਪਾਠਕਾਂ ਦੀ ਕਚਹਿਰੀ ਵਿਚ ਮੁੜ ਹਾਜ਼ਰ ਹੋਇਆ ਹੈ। 'ਕੰਵਲ' ਦੀ ਸ਼ਾਇਰੀ ਨੂੰ ਜ਼ਿੰਦਗੀ ਨਾਲ ਇੰਤਹਾ ਮੁਹੱਬਤ ਹੈ। ਉਸ ਦੀਆਂ ਪੂਰਵ-ਪ੍ਰਕਾਸ਼ਿਤ ਪੁਸਤਕਾਂ ਅਤੇ ਇਸ ਪੁਸਤਕ ਦੇ ਉਨਵਾਨਾਂ ਵਿਚ 'ਜ਼ਿੰਦਗੀ' ਸ਼ਬਦ ਦਾ ਇਕ ਤੋਂ ਵਧੀਕ ਵਾਰ ਇਸਤੇਮਾਲ ਹੋਣਾ ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਉਸ ਦਾ ਉਸਾਰੂ ਜੀਵਨ ਦੀ ਗਤੀਸ਼ੀਲਤਾ ਵਿਚ ਡਾਢਾ ਵਿਸ਼ਵਾਸ ਹੈ। ਇਨ੍ਹਾਂ ਕਵਿਤਾਵਾਂ ਵਿਚ ਇਕ ਦੂਜੇ ਨੂੰ ਸੰਕੀਰਣ ਅਤੇ ਨਫ਼ਰਤੀ ਸੋਚ ਦਾ ਤਿਆਗ ਕਰਕੇ ਮਾਨਵਤਾ ਨੂੰ ਕਲਾਵੇ ਵਿਚ ਲੈਣ ਦੀ ਇੱਛਾ ਰੂਪਮਾਨ ਹੁੰਦੀ ਅਨੁਭਵ ਹੁੰਦੀ ਹੈ। ਇਹ ਕਵਿਤਾਵਾਂ ਫੋਕੀ, ਸ਼ੋਹਰਤ, ਬੋਦੀ ਸ਼ਾਇਰੀ, ਘਟੀਆ ਗੀਤਕਾਰੀ, ਬੇਰੁਜ਼ਗਾਰੀ, ਬਗਲਾ-ਭਗਤੀ, ਦੁਤਕਾਰ, ਵੱਢੀਖੋਰੀ ਜਾਂ ਬੇਈਮਾਨੀ, ਜ਼ੋਰ-ਜਬਰ, ਜਾਅਲਸਾਜ਼ੀ, ਇਖ਼ਲਾਕੀ ਗਿਰਾਵਟ, ਹੱਕ ਮਾਰਨ, ਝੂਠੇ ਦਿਖਾਵੇ ਅਤੇ ਜ਼ਮੀਰ ਮਾਰ ਕੇ ਆਪਣਾ ਉਲੂ ਸਿੱਧਾ ਕਰਨ ਦਾ ਅਨੁਮੋਦਨ (ਸਮਰਥਨ) ਨਹੀਂ ਕਰਦੀਆਂ ਬਲਕਿ ਲੋਕਾਈ ਦੇ ਦੁੱਖ ਦਰਦ, ਉਪਰ ਮਰਹਮ ਲਗਾਉਂਦੀਆਂ ਹੋਈਆਂ ਚੌਗਿਰਦੇ ਨੂੰ ਆਪਣੀ ਖ਼ੁਸ਼ਬੂ ਨਾਲ ਮਹਿਕਾਉਣ ਦਾ ਸੁਨੇਹਾ ਦਿੰਦੀਆਂ ਹਨ। ਧੱਕੇ ਜਾਂ ਤਿਕੜਮਬਾਜ਼ੀਆਂ ਦੀ ਆੜ ਵਿਚ ਬਟੋਰੇ ਜਾਂਦੇ ਇਨਾਮ ਸਨਮਾਨਾਂ ਦੀ ਡਟ ਕੇ ਮੁਖ਼ਾਲਫ਼ਤ ਕਰਦੀਆਂ ਹਨ। ਕਵੀ ਦੀ ਧਾਰਨਾ ਹੈ ਕਿ ਹੱਕ-ਸੱਚ, ਸਬਰ ਸੰਤੋਖ ਅਤੇ ਧੀਰਜ ਵਿਚ ਰਹਿਣ ਵਾਲਾ ਵਿਅਕਤੀ ਹੀ ਦਿਆਨਤਦਾਰ, ਪਰਉਪਕਾਰੀ, ਸੰਵੇਦਨਾ-ਭਰਪੂਰ, ਜਬਰ ਜ਼ੁਲਮ ਦੇ ਖਿਲਾਫ਼ ਡਟਣ ਵਾਲਾ ਹੋ ਸਕਦਾ ਹੈ। ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੀ ਸੱਚੀ ਸੁੱਚੀ ਭਾਵਨਾ ਅਜਿਹੇ ਵਿਅਕਤੀ ਦਾ ਹਾਸਿਲ ਹੁੰਦੀ ਹੈ। ਇਨ੍ਹਾਂ ਬਹੁਪੱਖੀ ਵਿਸ਼ਿਆਂ ਨੂੰ ਯਥਾਰਥਕ ਢੰਗ ਨਾਲ ਪ੍ਰਸਤੁਤ ਕਰਨ ਵਾਲੀਆਂ ਕਵਿਤਾਵਾਂ ਵਿਚੋਂ 'ਜ਼ਿੰਦਗੀ ਜਿਊਣ ਲਈ', 'ਖਰੀਦਣ ਵਾਲੇ ਕਈ ਆਏ', 'ਮਾਂ', 'ਬਹੁਤ ਹੋ ਗਿਆ', 'ਐਨਾ ਨਾ ਇਤਬਾਰ ਕਰੋ', 'ਸਨਮਾਨ', 'ਨਸ਼ੇ', 'ਰਿਸ਼ਤੇ', 'ਜਾਲ', 'ਮਾਹੌਲ 'ਚ ਨਾ ਢਲਣਾ', 'ਜਦੋਂ ਵੀ ਕਿਸੇ ਨਾਲ', 'ਜ਼ਿੰਦਗੀ ਜਿਊਣ ਦਾ ਹੁਨਰ', 'ਪਿਤਾ' ਅਤੇ 'ਸਾਡਾ ਪੰਜਾਬ' ਆਦਿ ਅਹਿਮ ਹਨ। ਇਨ੍ਹਾਂ ਕਵਿਤਾਵਾਂ ਵਿਚ ਸਾਵੀਂ ਪੱਧਰੀ ਤੇ ਮਿਆਰੀ ਜੀਵਨ ਜਿਊਣ ਦੀ ਗੱਲ ਕੀਤੀ ਗਈ ਹੈ।ਬਾਬਾ ਨਾਨਕ ਸ਼ਾਹ ਫ਼ਕੀਰ, ਗੁਰੂ ਤੇਗ਼ ਬਹਾਦਰ ਹਿੰਦ ਦੀ ਚਾਦਰ, ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਆਦਿ ਕਵਿਤਾਵਾਂ ਵਿਚੋਂ ਗੁਰੂ ਸਾਹਿਬਾਨ ਦਾ ਫਲਸਫ਼ਾ ਪ੍ਰਚਾਰਿਆ ਗਿਆ ਹੈ। ਪੁਸਤਕ ਦੀ ਛਪਾਈ ਬਹੁਤ ਸੁੰਦਰ ਹੈ ਅਤੇ ਟਾਈਟਲ ਪਾਠਕਾਂ ਦੇ ਹਿਰਦੇ ਨੂੰ ਅਪੀਲ ਕਰਦਾ ਹੈ। ਕਵੀ ਵਲੋਂ ਵਰਤੀਆਂ ਗਈਆਂ ਉਪਮਾਵਾਂ ਕਵਿਤਾਵਾਂ ਦੀ ਸਾਰਥਿਕਤਾ ਵਿਚ ਵਾਧਾ ਕਰਦੀਆਂ ਹਨ। 'ਕੰਵਲ' ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਮਕਾਲ ਬਾਰੇ ਹੋਰ ਮਿਆਰੀ ਕਾਵਿ-ਸਿਰਜਣਾ ਕਰਦਾ ਹੋਇਆ ਮਾਤ-ਭਾਸ਼ਾ ਦੇ ਜ਼ਖ਼ੀਰੇ ਵਿਚ ਵਾਧਾ ਕਰੇਗਾ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਮੁੜ ਆਈ ਬਹਾਰ
ਲੇਖਕ : ਬਿੰਦਰ ਕੋਲੀਆਂ ਵਾਲ
ਪ੍ਰਕਾਸ਼ਕ: ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 189
ਸੰਪਰਕ : 99889-13155
ਹਥਲੀ ਪੁਸਤਕ ਦਾ ਲੇਖਕ ਅੱਠ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕਾ ਹੈ। ਇਹ ਉਨ੍ਹਾਂ ਦੀ ਨੌਵੀਂ ਪੁਸਤਕ ਹੈ। ਦੁਨੀਆ ਦਾ ਹਰ ਇਕ ਮਾਨਵੀ ਜੀਵ ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਸੌਖੇ ਰਾਹਾਂ ਦੀ ਚੋਣ ਕਰਦਾ ਹੈ। ਇਸ ਦੇ ਵਿਪਰੀਤ ਕੁਦਰਤ ਉਸ ਨੂੰ ਕੰਡਿਆਂ 'ਤੇ ਤੁਰਨ ਨੂੰ ਮਜਬੂਰ ਕਰਦੀ ਹੈ। ਰਸਤੇ ਦੇ ਖਿਲਰੇ ਹੋਏ ਕੰਡੇ ਉਸ ਦੀ ਆਤਮਾ ਨੂੰ ਵੀ ਚੁੱਭਦੇ ਹਨ। ਉਨ੍ਹਾਂ ਕੰਡਿਆਂ 'ਤੇ ਤੁਰਦੇ ਸਮੇਂ ਆਪਣੇ ਮਨ ਦੇ ਅੰਦਰ ਛੁਪੀ ਸਿਰਜਣਾਤਮਿਕ ਸ਼ਕਤੀ ਦਾ ਉਸ ਨੂੰ ਗਿਆਨ ਹੁੰਦਾ ਹੈ। ਇਸ ਸ਼ਕਤੀ ਦੀ ਵਰਤੋਂ ਕਰਕੇ ਉਹ ਜੀਵਨ ਦੀ ਗੱਡੀ ਦਾ ਨਵ-ਨਿਰਮਾਣ ਕਰਦਾ ਹੈ। ਇਸ ਪੁਸਤਕ ਵਿਚ ਪਾਠਕ ਦੇ ਮਨਾਂ ਅੰਦਰ ਇਹ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਨੂੰ ਔਖੇ ਪਲਾਂ ਤੋਂ ਬਾਅਦ ਸੌਖੇ ਸਮੇਂ ਦੀ ਆਸ ਰੱਖਣੀ ਚਾਹੀਦੀ ਹੈ। ਉਹ ਪਾਤਰਾਂ ਦੀ ਸਿਰਜਣਾ ਬੜੀ ਤਰਤੀਬ ਨਾਲ ਕਰਦਾ ਹੈ। ਨਾਵਲ ਦੀ ਕਹਾਣੀ ਵਿਚ ਜਿਸ ਤਰ੍ਹਾਂ ਦੇ ਪਾਤਰ ਦੀ ਲੋੜ ਹੁੰਦੀ, ਉੱਥੇ ਉਸੇ ਤਰ੍ਹਾਂ ਦਾ ਪਾਤਰ ਪੇਸ਼ ਕਰ ਦਿੱਤਾ ਜਾਂਦਾ ਹੈ। ਪੁਰਾਤਨ ਸਮੇਂ ਤੋਂ ਹੀ ਕਿਸਾਨੀ ਪਰਿਵਾਰਾਂ ਵਿਚ ਸ਼ਰੀਕੇਬਾਜ਼ੀ, ਕਿਸੇ ਦਾ ਚੰਗਾ ਕੰਮ ਦੇਖ ਕੇ ਸੜਨ ਦੀ ਭਾਵਨਾ ਪਰਬਲ ਰਹੀ ਹੈ। ਇਸ ਤਰ੍ਹਾਂ ਦੀ ਭਾਵਨਾ ਵਾਲੇ ਲੋਕ ਆਪਣੇ ਸ਼ਰੀਕੇ ਵਿਚ ਆਰਥਿਕ ਪੱਖ ਤੋਂ ਮਜ਼ਬੂਤ ਅਤੇ ਉਨ੍ਹਾਂ ਦੇ ਸਿਰ-ਕੱਢ ਬੰਦਿਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਇਹੋ ਜਿਹੇ ਲੋਕ ਕਈ ਵਾਰੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਹੋ ਜਾਂਦੇ ਹਨ। ਪੰਜਾਬ ਦੇ ਪੇਂਡੂ ਸੱਭਿਆਚਾਰ ਵਿਚ ਇਹ ਇਕ ਘਾਤਕ ਬਿਮਾਰੀ ਹੈ। ਪੰਜਾਬ ਦੇ ਦੁਆਬੇ ਖੇਤਰ ਦਾ ਇਕ ਪ੍ਰਸਿੱਧ ਪਿੰਡ ਹੈ। ਉਸ ਪਿੰਡ ਵਿਚ ਇੰਦਰ ਸਿੰਘ ਦਾ ਮਸ਼ਹੂਰ ਅਤੇ ਇਲਾਕੇ ਦਾ ਮੰਨਿਆ ਪਰਿਵਾਰ ਵੱਸਦਾ ਹੈ। ਉਸ ਦੇ ਦੋ ਪੁੱਤਰ ਨੇਕ ਤੇ ਬੰਤ ਹਨ। ਉਸ ਦਾ ਇਕ ਪੁੱਤਰ ਬਹੁਤ ਮਿਹਨਤੀ ਹੈ। ਉਹ ਆਰਥਿਕ, ਸੱਭਿਆਚਾਰਕ ਅਤੇ ਭਾਈਚਾਰਕ ਤੌਰ 'ਤੇ ਤਾਕਤਵਰ ਹਨ। ਉਨ੍ਹਾਂ ਦੇ ਵਿਰੋਧੀ ਹਰ ਮੋੜ 'ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ। ਇਕ ਦਿਨ ਮੌਕਾ ਤਾੜ ਕੇ ਨੇਕ ਅਤੇ ਬੰਤ ਨੂੰ ਪਾਰਾ ਪਾ ਕੇ ਖੀਰ ਖੁਵਾ ਦਿੰਦੇ ਹਨ। ਇਸ ਨਾਲ ਨੇਕ ਦੀ ਮੌਤ ਹੋ ਜਾਂਦੀ ਹੈ। ਵੱਡਾ ਭਰਾ ਬੰਤ ਕੌਲੀ ਦੀ ਉਪਰਲੀ ਖੀਰ ਖਾਣ ਕਰਕੇ ਬਚ ਜਾਂਦਾ ਹੈ। ਉਹ ਲੋਕਾਂ ਦੀ ਚੁੱਕਣਾ ਵਿਚ ਆ ਕੇ ਆਪਣੀ ਭਰਜਾਈ ਨਾਲ ਜ਼ਮੀਨ ਵੰਡ ਲੈਂਦਾ ਹੈ। ਆਪਣੇ ਪਿੰਡ ਦੇ ਸਰਪੰਚ ਅਤੇ ਸ਼ਰੀਕੇ ਦੀਆਂ ਵਧੀਕੀਆਂ ਦਾ ਜਵਾਬ ਬੜੀ ਦਲੇਰੀ ਨਾਲ ਦਿੰਦੀ ਹੈ। ਹਥਲੀ ਪੁਸਤਕ 'ਮੁੜ ਆਈ ਬਹਾਰ' ਨਾਵਲ ਦਾ ਤੱਤਭਾਵ ਹੈ ਕਿ ਪੂਰੀ ਕਹਾਣੀ ਇਕ ਮੰਨੇ-ਪਰਮੰਨੇ ਪਰਿਵਾਰ ਦੇ ਇਰਦ-ਗਿਰਦ ਘੁੰਮਦੀ ਹੈ। ਇਸ ਪਰਿਵਾਰ ਵਿਚ ਉਤਰਾਵਾਂ ਅਤੇ ਚੜ੍ਹਾਵਾਂ ਦੀ ਲੜੀ ਚਲਦੀ ਹੈ। ਇਹ ਪਰਿਵਾਰ ਪਹਿਲਾਂ ਪੂਰੀ ਤਰ੍ਹਾਂ ਉੱਜੜ ਜਾਂਦਾ ਹੈ। ਕੁਝ ਸਮੇਂ ਬਾਅਦ ਉਹ ਦੁਬਾਰਾ ਹਰੀ-ਭਰੀ ਬਗੀਚੀ ਦੀ ਤਰ੍ਹਾਂ ਮਹਿਕ ਛੱਡਦਾ ਨਜ਼ਰ ਆਉਂਦਾ ਹੈ। ਇਹ ਇਕ ਮਹਾਨ ਔਰਤ ਦੀ ਸੰਘਰਸ਼ਮਈ ਮਿਹਨਤ ਦਾ ਕਮਾਲ ਹੈ। ਮਨੁੱਖ ਦੇ ਔਖੇ ਸਮੇਂ ਜਦੋਂ ਆਪਣੇ ਸਾਥ ਛੱਡ ਜਾਂਦੇ ਹਨ, ਤਾਂ ਉਸ ਸਮੇਂ ਆਪਣੇ ਪਰਾਏ ਦੀ ਪਛਾਣ ਹੁੰਦੀ ਹੈ। ਸੌਖੇ ਵੇਲੇ ਜਿਹੜੇ ਲੋਕ ਜੀ ਹਜ਼ੂਰੀ ਕਰਦੇ, ਤੁਹਾਡੇ ਇਰਦ ਘੁੰਮਦੇ, ਔਖਾ ਸਮਾਂ ਆਉਣ 'ਤੇ ਉਹ ਗਿਰਗਿਟ ਵਾਂਗ ਰੰਗ ਬਦਲ ਲੈਂਦੇ ਹਨ। ਇਸ ਤਰ੍ਹਾਂ ਦੇ ਸਮੇਂ ਪਰਿਵਾਰਿਕ ਸਬਰ, ਸੰਤੋਖ, ਇਤਫਾਕ ਅਤੇ ਅਣਥੱਕ ਮਿਹਨਤ ਡੋਲਣ ਨਹੀ ਦਿੰਦੀ। ਲੇਖਕ ਨੇ ਆਪਣੇ ਤਜਰਬਿਆਂ, ਵਾਪਰ ਚੁੱਕੀਆਂ ਘਟਨਾਵਾਂ, ਜ਼ਿੰਦਗੀ ਦੇ ਵਾਵਰੋਲਿਆਂ ਅਤੇ ਝੱਖੜਾਂ ਨੂੰ ਨਾਵਲ ਦੇ ਪਾਤਰਾਂ ਰਾਹੀਂ ਸਨਮੁੱਖ ਕੀਤਾ ਹੈ। ਇਸ ਕਾਰਜ ਲਈ ਲੇਖਕ ਨੂੰ ਵਧਾਈ ਦੇਣੀ ਬਣਦੀ ਹੈ।
-ਡਾ. ਅਮਰਜੀਤ ਸਿੰਘ
ਮੋਬਾਈਲ : 985553-88572
ਪਰਦੇ ਪਿਛਲਾ ਸੱਚ
ਲੇਖਕ : ਕੇਵਲ ਸਿੰਘ ਰਾਣਾ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 99
ਸੰਪਰਕ : 98155-40482
ਇਕ ਮਿੰਨੀ ਕਹਾਣੀ ਲੇਖਕ, ਕਵੀ ਅਤੇ ਪੱਤਰਕਾਰ ਦੀ ਸੋਝੀ ਰੱਖਣ ਵਾਲੇ ਕੇਵਲ ਸਿੰਘ ਰਾਣਾ ਦਾ ਦੂਸਰਾ ਮਿੰਨੀ ਕਹਾਣੀ-ਸੰਗ੍ਰਹਿ 'ਪਰਦੇ ਪਿਛਲਾ ਸੱਚ' ਹੈ। 'ਅਜੀਤ' ਅਖ਼ਬਾਰ ਦੇ ਮੁਹਾਲੀ ਦਫ਼ਤਰ ਦੇ ਇੰਚਾਰਜ ਵਜੋਂ ਕੰਮ ਕਰਨ ਵਾਲੇ ਇਸ ਵਿਅਕਤੀ ਦੀ ਪਹਿਲੀ ਪੁਸਤਕ ਇਕ ਮਿੰਨੀ ਕਹਾਣੀ-ਸੰਗ੍ਰਹਿ ਹਲਫ਼ਨਾਮਾ ਸੀ। ਇਕ ਕਾਵਿ-ਸੰਗ੍ਰਹਿ ਤਲਖ਼ ਹਕੀਕਤ ਵੀ ਇਸ ਕਲਮ ਦੁਆਰਾ ਲਿਖਿਆ ਜਾ ਚੁੱਕਾ ਹੈ। ਇਸ ਸੰਗ੍ਰਹਿ ਦੀਆਂ ਰਚਨਾਵਾਂ ਸਮਾਜ ਦੇ ਮਸਲਿਆਂ ਦੀ ਗੱਲ ਸੁਣਾਉਂਦੀਆਂ ਹਨ, ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਦੇ ਵਿਚਲੇ ਖੱਪਿਆਂ ਨੂੰ ਪੇਸ਼ ਕਰਦੀਆਂ ਹਨ ਅਤੇ ਰਾਜਨੀਤੀ ਅਤੇ ਪ੍ਰਸ਼ਾਸਨ ਦੇ ਕੋਝੇਪਨ ਦੇ ਭੇਤ ਵੀ ਖੋਲ੍ਹਦੀਆਂ ਹਨ। ਕਹਾਣੀਕਾਰ ਇਨ੍ਹਾਂ ਰਚਨਾਵਾਂ ਨੂੰ ਮਿੰਨੀ ਕਹਾਣੀ ਦਾ ਨਾਂਅ ਦਿੰਦਾ ਹੈ ਪਰ ਵਿਸ਼ਿਆਂ ਦੀ ਏਨੀ ਵਿਭਿੰਨਤਾ ਹੋਣ ਦੇ ਬਾਵਜੂਦ ਤੱਤਾਂ ਦੇ ਆਧਾਰ 'ਤੇ ਇਨ੍ਹਾਂ ਵਿਚੋਂ ਕੁਝ ਰਚਨਾਵਾਂ ਨੂੰ ਮਿੰਨੀ ਕਹਾਣੀਆਂ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਰਚਨਾਵਾਂ ਵਿਚ ਜਾਂ ਤਾਂ ਕਿਸੇ ਖਾਸ ਪਹਿਲੂ ਬਾਰੇ ਕਹਾਣੀਕਾਰ ਨੇ ਆਪਣੀ ਸੋਚ ਦੱਸੀ ਗਈ ਹੈ ਤੇ ਜਾਂ ਫਿਰ ਕੇਵਲ ਕੋਈ ਗੱਲ ਹੀ ਸੁਣਾਈ ਹੈ। ਉਸ ਦੀ ਇਸ ਢੰਗ ਨਾਲ ਇਕਹਿਰੀ ਘਟਨਾ ਲਿਖਣ ਨੂੰ ਜੇ ਉਸ ਦੀ ਨਿਵੇਕਲੀ ਸ਼ੈਲੀ ਮੰਨ ਲਿਆ ਜਾਵੇ ਤਾਂ ਉਸ ਦੀ ਸਰਲ ਭਾਸ਼ਾ ਪਾਠਕ ਨੂੰ ਜਲਦੀ ਸਮਝ ਆਉਣ ਦਾ ਵਸੀਲਾ ਵੀ ਬਣਦੀ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ਿਆਂ ਬਾਰੇ ਗੱਲ ਕੀਤੀ ਜਾਵੇ ਤਾਂ ਇਹ ਕਹਾਣੀਆਂ ਨਸ਼ਿਆਂ, ਜ਼ਿੰਦਗੀ ਦੇ ਖ਼ੂਬਸੂਰਤ ਪਲਾਂ, ਸਮਾਜ ਦੇ ਸ਼ਰਾਰਤੀ ਤੱਤਾਂ, ਭ੍ਰਿਸ਼ਟਾਚਾਰ ਦੇ ਢੰਗਾਂ, ਧਾਰਮਿਕ ਪਖੰਡਾਂ, ਕਰਮਕਾਂਡਾਂ, ਮਨੌਤਾਂ, ਸਾਈਬਰ ਕ੍ਰਾਈਮ, ਅਮੀਰ-ਗ਼ਰੀਬ ਪਾੜਾ, ਰਿਸ਼ਤੇ-ਨਾਤੇ, ਭਾਈਚਾਰਾ, ਉੱਚੀ ਜਾਤ ਤੇ ਨੀਵੀ ਜਾਤ, ਪਰਵਾਸੀ ਜੀਵਨ, ਭਰੂਣ ਹੱਤਿਆ, ਨਾਜਾਇਜ਼ ਧੰਦੇ, ਬੇਰੁਜ਼ਗਾਰੀ ਅਤੇ ਹੋਰ ਕਈ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਲਿਖੀਆਂ ਗਈਆਂ ਹਨ। ਇਸ ਸੰਗ੍ਰਹਿ ਦੀ ਉੱਤਮ ਕਹਾਣੀ ਸਵੈ-ਰੁਜ਼ਗਾਰ ਹੈ, ਜਿਸ ਵਿਚ ਕਹਾਣੀਕਾਰ ਨੇ ਇਸ ਸਮਾਜ ਦੀ ਧਾਰਮਿਕ ਵਿਵਸਥਾ ਅਤੇ ਅਖੌਤੀ ਮਨੌਤਾਂ 'ਤੇ ਡੂੰਘੀ ਚੋਟ ਮਾਰੀ ਹੈ। ਇਕ ਪੜ੍ਹਿਆ ਲਿਖਿਆ ਬੇਰੁਜ਼ਗਾਰ ਵਿਅਕਤੀ ਜਦ ਆਤਮ ਹੱਤਿਆ ਕਰਨ ਲੱਗਦਾ ਹੈ ਤਾਂ ਕੋਈ ਸਿਆਣਾ ਵਿਅਕਤੀ ਉਸ ਨੂੰ ਇਕ ਅਜਿਹੇ ਰੁਜ਼ਗਾਰ ਦੀ ਸਲਾਹ ਦਿੰਦਾ ਹੈ ਕਿ ਉਹ ਸੱਚਮੁੱਚ ਅਮੀਰ ਬਣ ਜਾਂਦਾ ਹੈ। ਮੰਦਰ ਕੋਲ ਖੜ੍ਹੀ ਉਸ ਦੀ ਆਪਣੀ ਗਾਂ ਨੂੰ ਉਸ ਤੋਂ ਹੀ ਖ਼ਰੀਦ ਕੇ ਲੋਕ ਚਾਰਾ ਖਵਾ ਕੇ ਆਪਣੇ ਪਾਪ ਅਤੇ ਕਸ਼ਟ ਕੱਟਣੇ ਚਾਹੁੰਦੇ ਹਨ। ਇਸ ਪੁਸਤਕ ਦੀਆਂ ਕਹਾਣੀਆਂ ਬੰਦੇ ਨੂੰ ਸੋਚਣ ਨੂੰ ਮਜਬੂਰ ਜ਼ਰੂਰ ਕਰਦੀਆਂ ਹਨ।
-ਡਾ. ਸੰਦੀਪ ਰਾਣਾ,
ਮੋਬਾਈਲ : 98728-87551
ਧੁੰਦ ਹਟਣ ਤੋਂ ਬਾਅਦ
ਲੇਖਕ : ਸਤਪਾਲ ਸਿੰਘ ਅਮਲੋਹ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98550-62399
ਸਤਪਾਲ ਸਿੰਘ ਅਮਲੋਹ ਦਾ ਇਹ ਪਹਿਲਾ ਵਾਰਤਕ ਕਥਾ ਸੰਗ੍ਰਹਿ ਹੈ। ਲੇਖਕ ਨੇ ਪੁਸਤਕ ਦੀ ਵਿਧਾ ਨੂੰ ਵਾਰਤਕ-ਕਹਾਣੀ ਲਿਖ ਕੇ ਨਵੀਂ ਪਿਰਤ ਪਾਈ ਹੈ। ਸੰਗ੍ਰਹਿ ਵਿਚ 21 ਵਾਰਤਕ ਰਚਨਾਵਾਂ ਹਨ। ਲੇਖਕ ਦੀਆ ਨਿੱਜੀ ਹੱਡਬੀਤੀਆਂ ਵਿਚੋਂ ਵਿਸ਼ੇ ਲਏ ਗਏ ਹਨ। ਬਚਪਨ ਦੀਆਂ ਯਾਦਾਂ ਹਨ। ਕੁਝ ਨੌਕਰੀ ਸਮੇਂ ਦੇ ਤਜਰਬੇ ਹਨ। ਉੱਘੀ ਸਾਹਿਤਕਾਰ ਪਰਮਜੀਤ ਕੌਰ ਸਰਹਿੰਦ ਨੇ ਕਿਤਾਬ ਦੀਆਂ ਰਚਨਾਵਾਂ ਨੂੰ ਸੂਰਜੀ ਸੱਚ ਲਿਖਿਆ ਹੈ। ਲੇਖਕ ਦਾ ਆਪਾ ਰਚਨਾਵਾਂ ਵਿਚ ਝਲਕਦਾ ਹੈ। 'ਮੈਂ' ਪਾਤਰ ਰਚਨਾਵਾਂ ਵਿਚ ਸੁਹਜ ਤੇ ਰਸ ਪੈਦਾ ਕਰਦਾ ਹੈ। ਰਚਨਾਵਾਂ ਪੜ੍ਹਨ ਤੇ ਪਾਠਕ ਦੇ ਜ਼ਿਹਨ ਵਿਚ ਜੋ ਪ੍ਰਭਾਵ ਪੈਂਦਾ ਹੈ ਉਸ ਨਾਲ ਦਿਲ ਦਿਮਾਗ਼ 'ਤੇ ਛਾਈ ਧੁੰਦ ਕੁਝ ਛਟ ਜਾਂਦੀ ਹੈ । ਇਹ ਲੇਖਕ ਦੀ ਕਲਮੀ ਕਰਾਮਾਤ ਹੈ। ਵਾਰਤਕ ਵਿਚ ਸੁਹਜ ਹੈ। ਪਾਠਕ ਨੂੰ ਕਹਾਣੀ ਜਿਹਾ ਰਸ ਮਹਿਸੂਸ ਹੁੰਦਾ ਹੈ। ਕੁਝ ਰਚਨਾਵਾਂ ਵਿਚ ਗੱਲ ਤੁਰਦੀ ਭਾਸ਼ਨੀ ਸ਼ੈਲੀ ਦਾ ਰੂਪ ਧਾਰਨ ਕਰ ਜਾਂਦੀ ਹੈ। ਪਹਿਲੀ ਰਚਨਾ ਵਿਚ ਬਚਪਨ ਦੀ ਯਾਦ ਹੈ ਜਦੋਂ ਇਕ ਵਾਰੀ ਘਰ ਵਿਚ ਚਿੜੀ ਦੇ ਆਲ੍ਹਣੇ ਵਿਚੋਂ ਡਿੱਗੇ ਬੋਟਾਂ ਨੂੰ ਚੁੱਕ ਕੇ ਲੇਖਕ ਆਲ੍ਹਣੇ ਵਿਚ ਰੱਖਣ ਲਗਦਾ ਹੈ ਤਾਂ ਚਿੜਾ ਨੇੜੇ ਨਹੀ ਜਾਣ ਦਿੰਦਾ । ਸਮੇਂ ਬਾਅਦ ਬੱਚੇ ਸਾਰੀ ਗੱਲ ਸੁਣ ਕੇ ਕਹਿੰਦੇ ਹਨ। ਓ-ਓ ਡੈਡੀ ਚਿੜੀ ਤੋਂ ਡਰ ਗਏ (ਇਕ ਬਾਪ ਇਹ ਵੀ) ਹਵਾਈ ਅੱਡੇ 'ਤੇ ਲੇਖਕ ਪਰਵਾਸ ਦਾ ਚਿੰਤਨ ਕਰਦਾ ਹੈ। । ਪਰਵਾਸ ਬਾਰੇ ਵਿਦੇਸ਼ ਜਾ ਰਹੇ ਲੋਕਾਂ ਨਾਲ ਲੇਖਕ ਗੱਲਬਾਤ ਕਰਦਾ ਹੈ। ਇਹ ਸੰਵਾਦ ਰੌਚਿਕ ਸ਼ੈਲੀ ਵਿਚ ਲੇਖ 'ਫ਼ੈਸਲਾ ਪਰਵਾਸ ਦਾ' ਵਿਚ ਦਰਜ ਹੈ। ਦੇਸ਼ ਵਿਚੋਂ ਪਰਵਾਸ ਦੇ ਅੰਕੜੇ ਸ਼ਾਮਿਲ ਕਰਕੇ ਲੇਖਕ ਨੇ ਦੇਸ਼ ਦੀ ਚਿੰਤਾਮਈ ਸਥਿਤੀ ਦਾ ਪ੍ਰਭਾਵ ਪੈਦਾ ਕੀਤਾ ਹੈ । ਪੰਜਾਬ ਵਿਚ ਨੌਜਵਾਨਾਂ ਦੇ ਭਵਿੱਖ ਦੀ ਚਿੰਤਾ ਦਾ ਜ਼ਿਕਰ ਹੈ। ਹੱਕ ਦੀ ਕਮਾਈ ਵਿਚ ਬੰਟੇ ਖੇਡਦੇ ਬੱਚਿਆਂ ਨਾਲ ਲੇਖਕ ਬੰਟੇ ਖੇਡਦਾ ਹੈ ਤੇ ਇਕ ਬੱਚੇ ਨੂੰ ਬੰਟੇ ਖਰੀਦਣ ਲਈ ਪੈਸੇ ਦਿੰਦਾ ਹੈ ਪਰ ਕੁਝ ਸਮੇਂ ਪਿੱਛੋਂ ਉਹੀ ਬੱਚਾ ਲੇਖਕ ਨੂੰ ਬੰਟੇ ਮੋੜ ਕੇ ਹੱਕ ਦੀ ਕਮਾਈ ਦੀ ਗੱਲ ਕਰਦਾ ਹੈ। ਇਕ ਰਚਨਾ ਵਿਚ ਪੰਜਾਬ ਦੇ ਕਾਲੇ ਦਿਨਾਂ ਵਿਚ ਲੇਖਕ ਨੇ ਅਪਣੀ ਹੱਡਬੀਤੀ ਪੇਸ਼ ਕੀਤੀ ਹੈ। ਕੁਕੂਨਸ ਵਿਚ ਗ਼ਰੀਬ ਮਜ਼ਦੂਰ ਦੀ ਉਸ ਵੇਲੇ ਦੀ ਦਾਸਤਾਨ ਹੈ ਜਦੋਂ ਨੋਟਬੰਦੀ ਦਾ ਸਮਾਂ ਸੀ। ਤਾਲਾਬੰਦੀ ਸਮੇਂ ਵੀ ਗਰੀਬ ਬੰਦੇ ਦਾ ਦੁੱਖ ਰਚਨਾ ਵਿਚ ਹੈ । ਕਿਤਾਬ ਦੀਆਂ ਰਚਨਾਵਾਂ ਗਰਾਰੀ, ਸਤਿਸੰਗ ਦਿਲਚਸਪ ਤੇ ਚਿੰਤਨਸ਼ੀਲ ਹਨ। ਮਸ਼ੀਨੀ ਯੁੱਗ ਕਾਰਨ ਵਧ ਰਹੀਆਂ ਬਿਮਾਰੀਆਂ ਤੇ ਧਰਮ ਦੇ ਨਾਂਅ 'ਤੇ ਕੀਤੇ ਜਾ ਰਹੇ ਪਖੰਡਾਂ ਦਾ ਪਰਦਾਫਾਸ਼ ਲੇਖਕ ਕਰਦਾ ਹੈ। ਸੰਗ੍ਰਹਿ ਦੀਆਂ ਰਚਨਾਵਾਂ ਕਰਾਮਾਤੀ ਬਾਬਾ, ਟਟੀਹਰੀ ਵਾਲੀ ਫੀਲਿੰਗ, ਕਰਕ ਕਲੇਜੇ ਮਾਹਿ, ਦੋ ਰੁਪਏ ਦਾ ਕਰਜ਼, ਸੜੀ ਰਸੀ ਦਾ ਵਲ, ਵਿਗਿਆਨ ਦੀ ਜੋਤ ਪੜ੍ਹ ਕੇ ਸਾਹਿਤਕ ਸੁਹਜ ਪ੍ਰਾਪਤ ਹੁੰਦਾ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਫਿਰਕਾਪ੍ਰਸਤੀ, ਅੱਤਵਾਦ ਅਤੇ ਸਮਾਜਿਕ ਧਾਰਨਾਵਾਂ
ਲੇਖਕ : ਰਾਮ ਪੁਨਿਆਨੀ
ਅਨੁਵਾਦ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ ਲੁਧਿਆਣਾ
ਮੁੱਲ :125 ਰੁਪਏ, ਸਫ਼ੇ : 79
ਸੰਪਰਕ : 09322254043
ਰਾਮ ਪੁਨਿਆਨੀ ਦੁਆਰਾ ਲਿਖੀ ਗਈ ਇਸ ਕਿਤਾਬ ਦਾ ਸਾਹਿਤ ਜਗਤ ਵਿਚ ਆਗਮਨ ਆਪਣੇ-ਆਪ ਵਿਚ ਹੀ ਮਾਨਵ ਜਾਗ੍ਰਿਤੀ ਦੀ ਲਹਿਰ ਦੇ ਆਗਮਨ ਹੋਣ ਦੇ ਬਰਾਬਰ ਹੈ। ਬਲਬੀਰ ਸਿੰਘ ਲੌਂਗੋਵਾਲ ਦੁਆਰਾ ਇਸ ਕਿਤਾਬ ਦਾ ਪੰਜਾਬੀ ਵਿਚ ਅਨੁਵਾਦ ਇਕ ਸਫ਼ਲ ਉਪਰਾਲਾ ਹੈ, ਕਿਉਂਕਿ ਇਸ ਕਿਤਾਬ ਨੇ ਮੁੱਢ ਤੋਂ ਹੁਣ ਤੱਕ ਚੱਲੀਆਂ ਉਨ੍ਹਾਂ ਅਫ਼ਵਾਹਾਂ ਤੇ ਦੰਭੀ ਰਾਜਨੀਤੀ ਚਾਲਾਂ ਹੇਠ ਸਲਾਬ ਚੁੱਕੇ, ਉਸ ਸੱਚ ਨੂੰ ਤਰਕਸ਼ੀਲਤਾ ਤੇ ਬੁੱਧੀਮਤਾ ਦੀ ਪੱਧਰ ਉੱਤੇ ਵਾਚਣ ਦੀ ਧੁੱਪ ਲਗਾਈ ਹੈ। ਇਹ ਕਿਤਾਬ ਉਨ੍ਹਾਂ ਸਾਰੀਆਂ ਰਾਜਨੀਤਕ ਚਾਲਾਂ ਦਾ ਵਿਖਿਆਨ ਤੱਥਾਂ ਦੇ ਅਧਾਰ 'ਤੇ ਕਰਦੀ ਹੈ। ਲੇਖਕ ਦੁਆਰਾ ਇਸ ਕਿਤਾਬ ਨੂੰ 10 ਪਾਠਾਂ ਵਿਚ 66 ਉੱਪ-ਅੰਕਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਸਦੀਆਂ ਤੋਂ ਚਲੀ ਆ ਰਹੀ ਫਿਰਕੂ ਹਿੰਸਾ ਤੋਂ ਲੈ ਕੇ ਭਾਰਤ ਇਸਲਾਮ, ਬਸਤੀਵਾਦ ਕਾਲ, ਕਸ਼ਮੀਰ ਮਸਲਾ, ਵਰਤਮਾਨ ਸਮੇਂ ਵਿਚ ਫਿਰਕਾਪ੍ਰਸਤੀ ਆਦਿ ਮਸਲਿਆਂ 'ਤੇ ਜਿਨ੍ਹਾਂ 'ਤੇ ਸਰਕਾਰਾਂ ਆਮ ਜਨਤਾ ਨੂੰ ਮੂਰਖ ਬਣਾਉਂਦੀਆਂ ਹਨ, ਬਾਬਤ ਜਨਤਾ ਨੂੰ ਆਪਣੇ ਖੋਜ ਕਾਰਜ ਰਾਹੀਂ ਹਲੂਣ ਕੇ ਸੱਚ ਨਾਲ ਰੂ-ਬ-ਰੂ ਕਰਵਾਇਆ ਹੈ। ਪਹਿਲਾਂ-ਪਹਿਲ ਤਾਂ ਜਦ ਮੈਂ ਇਸ ਕਿਤਾਬ ਦੇ ਕੁਝ ਦੋ ਕੁ ਪਾਠ ਪੜ੍ਹੇ ਤਾਂ ਮੈਂ ਆਪਣਾ-ਆਪ ਮੂਰਖ ਤੇ ਧੋਖਾ-ਗ੍ਰਸਤ ਨਾਗਰਿਕ ਹੋਣ 'ਤੇ ਸ਼ਰਮਿੰਦਗੀ ਮਹਿਸੂਸ ਕੀਤੀ। ਕਈ ਵਾਰ ਅਸੀਂ ਕੀ ਕਰਦੇ ਹਾਂ, ਜੋ ਸਾਨੂੰ ਨਿਊਜ਼ ਚੈੱਨਲਾਂ ਰਾਹੀਂ ਜਾਂ ਸਰਕਾਰਾਂ ਰਾਹੀਂ ਟੀ.ਵੀ, ਇੰਟਰਨੈੱਟ 'ਤੇ ਜੋ ਪਰੋਸਿਆ ਜਾਂਦਾ ਹੈ ਅਸੀਂ ਉਸ ਨੂੰ ਸੱਚ ਮੰਨ ਸਰਕਾਰਾਂ ਦੀਆਂ ਰਾਜਨੀਤਕ ਚਾਲਾਂ ਦੇ ਜੀਆਂ-ਜਾਲ ਵਿਚ ਫਸ ਜਾਂਦੇ ਹਾਂ।
ਗੱਲ ਕੀ ਸਮੇਂ ਦੀਆਂ ਸਰਕਾਰਾਂ ਨੇ ਜਾਂ ਕਹਿ ਲਵੋ ਤਾਕਤਪ੍ਰਸਤ ਤਬਕੇ ਨੇ ਆਮ ਲੋਕਾਂ ਦੀ ਮਾਸੂਮੀਅਤ ਦਾ ਆਪਣੇ ਲੋਭ ਵਾਸਤੇ ਇੰਨਾ ਮੌਜੂ ਬਣਾਇਆ ਹੈ ਕਿ ਇਸ ਕਿਤਾਬ ਨੇ ਉਨ੍ਹਾਂ ਸਾਰੇ ਦੰਭੀ ਇਰਾਦਿਆਂ ਨੂੰ ਡੰਕੇ ਦੀ ਚੋਟ 'ਤੇ ਭੰਡਿਆ ਹੈ। ਸਮਾਂ-ਪ੍ਰਸਤ ਤਾਕਤਵਰ ਤਬਕੇ ਸਾਡੇ ਅੱਗੇ ਇਤਿਹਾਸ ਨੂੰ ਆਪਣੇ ਮਤਲਬ ਅਨੁਸਾਰ ਤੋੜ-ਮੋੜ ਕੇ ਪੇਸ਼ ਕੀਤਾ ਹੈ। ਅਸੀਂ ਜੋ ਕਿਤਾਬ ਵਿਚ ਮੁਸਲਿਮ ਰਾਜਿਆਂ ਬਾਰੇ ਜਾਂ ਗਜ਼ਨੀ ਸ਼ਾਸਨ ਬਾਰੇ ਪੜ੍ਹਦੇ ਰਹੇ ਹਾਂ ਉਹ ਇਕ ਛਲਾਵਾ ਮਾਤਰ ਹੀ ਜਾਪਦਾ ਹੈ, ਜਦਕਿ ਸੱਚ ਕਿਸੇ ਦਿਸਹੱਦੇ ਤੋਂ ਪਾਰ ਖੜੋਤਾ ਭਾਸਦਾ ਹੈ।
ਸ਼ਾਸਕਾਂ ਨੇ ਜੋ ਆਮ ਜਨਤਾ ਨੂੰ ਯਥਾਰਥ ਤੋਂ ਪਰੇ ਰੱਖ ਪ੍ਰਪੰਚ ਰਚ ਅਗਿਆਨਤਾ ਦੀ ਧੂਣੀ ਧੁਖਾਈ ਹੈ, ਉਸ ਨੂੰ ਲੇਖਕ ਨੇ ਆਪਣੇ ਗਿਆਨ ਤੇ ਖੋਜ ਦੀ 'ਵਾ ਨਾਲ ਸਿਰੇ ਤੋਂ ਸਾਫ਼ ਕੀਤਾ ਹੈ। ਜਿਵੇਂ ਤੱਥਾਂ ਨੂੰ ਖੋਜਦੇ ਪਤਾ ਲੱਗਦਾ ਹੈ ਮਾਨਵ ਪੰਛਹੀਣ ਬਾਂਦਰ ਤੋਂ ਨਹੀਂ ਉਪਜਿਆ। ਠੀਕ ਇਸੇ ਤਰ੍ਹਾਂ ਇਹ ਕਿਤਾਬ ਅੱਜ ਦੀ ਪੀੜ੍ਹੀ ਨੂੰ ਝੰਜੋੜਦੀ ਹੈ, ਹਰ ਖ਼ਬਰ, ਹਰ ਜਾਣਕਾਰੀ ਦੀ ਸਿਰੇ ਤੋਂ ਜਾਂਚ ਕਰਨ ਦੀ ਤੇ ਅਸਲ ਨੂੰ ਜਾਣਨ ਨਾ ਕਿ ਜੋ ਸਮੇਂ ਦੇ ਠੇਕੇਦਾਰ ਜੋ ਨਾਗਰਿਕਾਂ ਸਾਹਮਣੇ ਪਰੋਸਣ ਉਸ ਨੂੰ ਯਕੀਨੀ ਮਨ ਲਿਆ ਜਾਵੇ। ਲੇਖਕ ਆਖਦਾ ਹੈ-'ਅੱਜ ਲੋੜ ਇਸ ਗੱਲ ਦੀ ਹੈ ਕਿ ਸੈਮੀਨਾਰਾਂ, ਭਾਸ਼ਨਾਂ ਛੋਟੀਆਂ-ਛੋਟੀਆਂ ਕਿਤਾਬਾਂ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਵੱਖ-ਵੱਖ ਫਿਰਕਿਆਂ ਦੇ ਸੰਬੰਧ ਵਿਚ ਭਰਮ ਪਾਊ ਧਾਰਨਾਵਾਂ ਅਤੇ ਕਲਪਿਤ ਮਿੱਥਾਂ ਨੂੰ ਖ਼ਤਮ ਕੀਤਾ ਜਾਵੇ।'
ਇਸ ਕਿਤਾਬ ਵਿਚਲਾ ਅਨੁਵਾਦ ਬਹੁਤ ਹੀ ਸਰਲ ਸ਼ਬਦਾਵਲੀ ਵਿਚ ਕੀਤਾ ਗਿਆ ਹੈ। ਇਸ ਕਿਤਾਬ ਨੂੰ ਆਪਣੇ ਸਕੂਲ, ਕਾਲਜ, ਸੰਸਥਾ ਅਤੇ ਘਰ ਦੀ ਲਾਇਬ੍ਰੇਰੀ ਵਿਚ ਸ਼ਾਮਿਲ ਕਰ ਹਰ ਵਿਦਿਆਰਥੀ ਅਤੇ ਨੌਜਵਾਨਾਂ ਲਈ ਪੜ੍ਹਨਾ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਨੌਜਵਾਨ ਹਰ ਘਟਨਾ ਨੂੰ ਸੱਚ ਦੀ ਕਸੌਟੀ 'ਤੇ ਪਰਖ ਸਕਣ ਤਾਂ ਜੋ ਲੇਖਕ ਦੇ ਕਹਿਣ ਅਨੁਸਾਰ-'ਆਜ਼ਾਦੀ ਸੰਗਰਾਮ ਦੀਆਂ ਕਦਰਾਂ-ਕੀਮਤਾਂ ਦੀ ਰੱਖਿਆ ਕੀਤੀ ਜਾਵੇ।'
-ਜਸਕਿਰਨਜੀਤ ਕੌਰ
ਮੋਬਾਈਲ : 88476-94338
ਹੜ੍ਹ
ਲੇਖਕ : ਸੁਖਿੰਦਰ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100ਰੁਪਏ, ਸਫ਼ੇ : 119
ਸੰ