29-09-25
ਕੰਮ ਸਰਕਾਰ ਦੇ ਕਰੇ ਕੋਈ
ਬੀਤੇ ਜੂਨ ਮਹੀਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਨੀਕਰਨ ਸਾਹਿਬ ਜਾਣ ਲਈ ਨਿਕਲੇ ਤਾਂ ਸੋਚਿਆ, ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਚੱਲਦੇ ਹਾਂ, ਇਸ ਬਹਾਨੇ ਸ੍ਰੀ ਅਨੰਦਪੁਰ ਸਾਹਿਬ ਦੇ ਵੀ ਦਰਸ਼ਨ ਦੀਦਾਰੇ ਹੋ ਜਾਣਗੇ। ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਤੋਂ ਪਹਿਲਾਂ (ਹੁਸ਼ਿਆਰਪੁਰ ਵਾਲੇ ਪਾਸਿਓਂ) ਰਸਤੇ ਬਾਰੇ ਪਤਾ ਲੱਗਿਆ ਕਿ ਸੰਗਤਾਂ ਦੇ ਵਾਰ ਵਾਰ ਕਹਿਣ 'ਤੇ ਵੀ ਜਦੋਂ ਸਰਕਾਰ ਨੇ ਸੜਕ ਨਹੀਂ ਬਣਾਈ ਗਈ ਤਾਂ ਕਾਰ ਸੇਵਾ ਵਾਲਿਆਂ ਵਲੋਂ ਮੁੱਖ ਸੜਕ ਤਿਆਰ ਕਰਨ ਦਾ ਕੰਮ ਆਰੰਭ ਦਿੱਤਾ ਗਿਆ ਜੋ ਅੱਜ ਵੀ ਚੱਲ ਰਿਹਾ ਹੈ। ਹੁਣ ਕਹਿਣ ਨੂੰ ਤਾਂ ਹੜ੍ਹ ਕੁਦਰਤੀ ਕਰੋਪੀ ਹਨ, ਪਰ ਲਗਦਾ ਨਹੀਂ ਫਿਰ ਵੀ ਮੰਨ ਲਵੋ 'ਕੁਦਰਤੀ ਕਰੋਪੀ' ਹੀ ਸਹੀ ਇਸ ਵਿਚ ਸਰਕਾਰ ਨੇ ਲੋਕਾਂ ਦੀ ਕਿੰਨੀ ਕੁ ਮਦਦ ਕੀਤੀ, ਇਹ ਹੜ੍ਹ ਪ੍ਰਭਾਵਿਤ ਇਲਾਕਿਆਂ ਜਾਂ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਚੰਗੀ ਤਰ੍ਹਾਂ ਪਤਾ ਹੈ। ਜੇਕਰ ਇਸ ਔਖੀ ਘੜੀ ਵਿਚ ਵੱਖ-ਵੱਖ ਸੰਸਥਾਵਾਂ ਵੱਲੋਂ ਵੱਧ-ਚੜ੍ਹ ਕੇ ਲੋਕਾਂ ਦੀ ਮਦਦ ਨਾ ਕੀਤੀ ਜਾਂਦੀ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਪਿੰਡਾਂ ਦੀ ਮੌਜੂਦਾ ਸਥਿਤੀ ਕੀ ਹੋਣੀ ਸੀ। ਹੜ੍ਹ ਆਉਣ ਕਰਕੇ ਨੁਕਸਾਨੇ ਗਏ ਬੰਨ੍ਹਾਂ ਦੀ ਗੱਲ ਕਰੀਏ ਤਾਂ ਸਰਕਾਰ ਉਥੇ ਵੀ ਪੂਰੀ ਤਰ੍ਹਾਂ ਫੇਲ੍ਹ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ। ਗਾਹਲੜੀ ਬੰਨ੍ਹ ਜੋ ਟੁੱਟਣ ਤੋਂ ਕਰੀਬ ਦਸ ਦਿਨਾਂ ਦੀ ਜੱਦੋ-ਜਹਿਦ ਮਗਰੋਂ ਕਾਂਗਰਸੀ ਵਿਧਾਇਕ ਵਲੋਂ ਮੁਕੰਮਲ ਕਰਵਾਇਆ ਗਿਆ। ਇਸੇ ਤਰ੍ਹਾਂ ਘੋਨੇਵਾਲ ਬੰਨ੍ਹ ਨੇੜੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਉਥੇ ਵੀ ਕਾਰ ਸੇਵਾ ਵਾਲਿਆਂ ਵਲੋਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਦੂਰ- ਦੁਰਾਡੇ ਤੋਂ ਮਿੱਟੀ ਮੰਗਵਾ ਕੇ ਬੰਨ੍ਹ ਬੰਨ੍ਹਣ ਦਾ ਕੰਮ ਆਪਣੇ ਤੌਰ 'ਤੇ ਕੀਤਾ ਜਾ ਰਿਹਾ ਹੈ। ਇਸ ਸਾਰੇ ਵਿਚ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਉੱਥੇ ਦੇਖਣ ਨੂੰ ਮਿਲਿਆ, ਨਾ ਹੀ ਕੋਈ ਸਰਕਾਰੀ ਮਸ਼ੀਨਰੀ ਉੱਥੇ ਪਹੁੰਚੀ ਹੈ। ਸਰਕਾਰ ਨੇ ਇਹ ਆਮ ਜਨਤਾ ਕਿਸ ਹਵਾਲੇ ਛੱਡੀ ਹੋਈ ਹੈ।
-ਪਰਮਜੀਤ ਸੰਧੂ
ਥੇਹ ਤਿੱਖਾ ਗੁਰਦਾਸਪੁਰ।
ਉਮਰ
ਉਮਰ ਤੁਰਦੀ-ਤੁਰਦੀ ਬਹੁਤ ਕੁਝ ਸਮੇਟਦੀ ਚਲੀ ਜਾਂਦੀ ਹੈ, ਸਾਡਾ ਬਚਪਨ ਤੇ ਜਵਾਨੀ ਬੇਫ਼ਿਕਰੀ ਵਾਲਾ ਸਮਾਂ ਹੈ। ਪਤਾ ਹੀ ਨਹੀਂ ਲਗਦਾ ਕਦੋਂ ਬੱਚਿਆਂ ਵਾਲੀ ਜ਼ਿੱਦ ਕਰਦੇ ਕਰਦੇ ਸਾਨੂੰ, ਸਭ ਕੁਝ ਸਹਿਣ ਕਰਨਾ ਆ ਜਾਂਦਾ। ਅਲਵੇਲਪੁਣਾ ਪਤਾ ਨਹੀਂ ਕਿੱਥੇ ਚਲੇ ਜਾਂਦਾ ਹੈ ਅਤੇ ਵਧਦੀ ਉਮਰ ਜ਼ਿਮੇਵਾਰੀਆਂ ਨਾਲ ਅਜਿਹੀ ਸਾਂਝ ਬਣਦੀ ਹੈ ਜੋ ਮਰਦੇ ਦਮ ਤੱਕ ਨਹੀਂ ਟੁੱਟਦੀ। ਹੌਲੀ-ਹੌਲੀ ਦਿਲ ਦੀਆਂ ਖਾਹਿਸ਼ਾਂ ਵੀ ਜਾਣ ਲੱਗਦੀਆਂ ਹਨ ਅਤੇ ਖਾਣ-ਪੀਣ ਪਹਿਨਣ ਦੇ ਸ਼ੌਕ ਵੀ ਖ਼ਤਮ ਹੋ ਜਾਂਦੇ ਹਨ। ਵਾਬਰੋਲਿਆਂ ਵਾਂਗੂ ਉੱਡਣ ਵਾਲਾ ਇਨਸਾਨ ਆਪਣਾ-ਆਪ ਸਾਂਭਣ ਤੋਂ ਵੀ ਅਸਮਰੱਥ ਹੋਣ ਲੱਗਦਾ ਹੈ। ਹੋਲੀ-ਹੋਲੀ ਉਮਰ ਹੱਡੀਆਂ ਦੀ ਮੁੱਠ ਪਿੰਜਰੇ ਵਿਚ ਕੈਦ ਪਰਿੰਦੇ ਵਾਂਗੂ ਆਪਣੀ ਜ਼ਿੰਦਗੀ ਦੇ ਆਖਰੀ ਪਲ ਗੁਜ਼ਾਰਦੀ ਹੈ। ਅੰਤ ਵਿਚ ਰੂਹ ਵੀ ਸਰੀਰ ਨੂੰ ਛੱਡ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਹੈ।
-ਮਹਕਪ੍ਰੀਤ ਕੌਰ
ਸਰਹਿੰਦ, ਫ਼ਤਹਿਗੜ੍ਹ ਸਾਹਿਬ।
ਹੜ੍ਹਾਂ 'ਚ ਗਾਇਕਾਂ ਦੀ ਭੂਮਿਕਾ ਸਲਾਹੁਣਯੋਗ
ਪੰਜਾਬ 'ਚ ਆਏ ਹੜ੍ਹਾਂ ਨੇ ਸਿਰਫ਼ ਮਨੁੱਖੀ ਜੀਵਨ ਨੂੰ ਉਥਲ-ਪੁਥਲ ਨਹੀਂ ਕੀਤਾ ਸਗੋਂ ਮਨੁੱਖੀ ਜਾਨਾਂ ਤੋਂ ਇਲਾਵਾ ਬਹੁਤ ਸਾਰੇ ਪਸ਼ੂ ਵੀ ਮਾਰੇ ਗਏ ਹਨ। ਇਨ੍ਹਾਂ ਹੜ੍ਹਾਂ ਦੌਰਾਨ ਜਿਥੇ ਸਮਾਜ ਸੇਵੀ ਜਥੇਬੰਦੀਆਂ ਨੇ ਅਹਿਮ ਭੂਮਿਕਾ ਨਿਭਾਈ, ਉਥੇ ਪੰਜਾਬੀ ਗਾਇਤਾਂ ਤੇ ਫਿਲਮ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਵਲੋਂ ਵੀ ਹੜ੍ਹ ਪੀੜਤਾਂ ਦੇ ਹੱਕ 'ਚ ਮਾਰਿਆ ਹਾਅ ਦਾ ਨਾਹਰਾ ਸੱਚਮੁਚ ਸਲਾਹੁਣਯੋਗ ਹੈ। ਇਨ੍ਹਾਂ ਵਲੋਂ ਹੜ੍ਹ ਪੀੜਤਾਂ ਦੀ ਕੀਤੀ ਵਿੱਤੀ ਮਦਦ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਉਨੀ ਘੱਟ ਹੈ। ਇਨ੍ਹਾਂ ਹੜ੍ਹਾਂ ਦੌਰਾਨ ਬੇਵੱਸ ਲੋਕਾਂ ਦੀ ਮਦਦ ਕਰਨ 'ਚ ਸਰਕਾਰਾਂ ਹਮੇਸ਼ਾ ਵਾਂਗ ਗੋਗਲੂਆਂ ਤੋਂ ਮਿੱਟੀ ਝਾੜਦੀਆਂ ਨਜ਼ਰ ਆਈਆਂ। ਪਰ ਦੇਸ਼ ਵਿਦੇਸ਼ 'ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਹੜ੍ਹ ਪੀੜਤ ਇਲਾਕਿਆਂ ਲਈ ਮਦਦ ਭੇਜ ਕੇ ਇਕ ਇਤਿਹਾਸ ਰਚ ਦਿੱਤਾ ਹੈ। ਪੰਜਾਬੀਆਂ ਨੇ ਹੜ੍ਹ ਮਾਰੇ ਲੋਕਾਂ ਦੀ ਮਦਦ ਕਰ ਕੇ ਦੁਨੀਆ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ ਜਿਸ ਨੂੰ ਮੇਰਾ ਸਲਾਮ ਹੈ।
-ਲੈਕਚਰਾਰ ਅਜੀਤ ਖੰਨਾ
ਹੜ੍ਹਾਂ ਦਾ ਸੰਤਾਪ
ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਨਾਲ-ਨਾਲ ਉੱਤਰੀ ਭਾਰਤ ਹੜ੍ਹ ਦਾ ਸੰਤਾਪ ਹੰਢਾਅ ਰਹੇ ਹਨ। ਬਿਆਸ ਦਰਿਆ, ਸਤਲੁਜ ਦਰਿਆ, ਵੇਈਂ ਅਤੇ ਘੱਗਰ ਦਰਿਆ ਨੇ ਪੂਰੇ ਪੰਜਾਬ ਦਾ ਜਨ ਜੀਵਨ ਪ੍ਰਭਾਵਿਤ ਕਰਦੇ ਹੋਏ ਜਾਨ ਅਤੇ ਮਾਲ ਦਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਹੈ। ਸਰਕਾਰ ਜਿਥੇ ਹੋਏ ਨੁਕਸਾਨ ਦੀ ਪੂਰਤੀ ਦੀਆਂ ਕਸਮਾਂ ਖਾ ਰਹੀ ਹੈ ਉਥੇ ਵਿਰੋਧੀ ਨਾਲ-ਨਾਲ ਰਾਜਨੀਤੀ ਕਰਦੇ ਦਿਖਾਈ ਦੇ ਰਹੇ ਹਨ। ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਕੁਦਰਤ ਨੂੰ ਤੁਹਮਤ ਲਾਉਣ ਦਾ ਸਿਲਸਿਲਾ ਜਾਰੀ ਹੈ। ਹੜ੍ਹਾਂ ਦੀ ਮਾਰ ਲਈ ਆਪਣੇ ਲਾਲਚ ਅਤੇ ਸਵਾਰਥ ਨੂੰ ਪੂਰਾ ਕਰਨ ਲਈ ਕੀਤੀਆਂ ਗਈਆਂ ਵਾਤਾਵਰਨ ਮਾਰੂ ਕਾਰਵਾਈਆਂ ਲਈ ਮਨੁੱਖ ਕਦੇ ਮੁਆਫ਼ੀ ਨਹੀਂ ਮੰਗੇਗਾ। ਦਰਿਆਵਾਂ ਵਿਚ ਕੀਤੀ ਜਾਂਦੀ ਗੈਰ- ਕਾਨੂੰਨੀ ਮਾਈਨਿੰਗ ਅਤੇ ਦਰਿਆਵਾਂ ਦੇ ਰਾਹ ਵਿਚ ਉਸਾਰੀਆਂ ਕਾਲੋਨੀਆਂ ਲਈ ਮਨੁੱਖ ਕਦੇ ਸ਼ਰਮਿੰਦਾ ਨਹੀਂ ਹੋਵੇਗਾ। ਕੁਦਰਤ ਹਮੇਸ਼ਾ ਆਪਣੇ ਰਸਤੇ ਚਲਦੀ ਹੈ ਅਤੇ ਦਰਿਆ ਆਪਣੇ ਰਾਹਾਂ 'ਤੇ ਚਲਦੇ ਹਨ। ਕੁਦਰਤ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦੀ ਕਿਉਂਕਿ ਉਹ ਮਨੁੱਖ ਵਾਂਗੂ ਅਕ੍ਰਿਤਘਣ ਨਹੀਂ, ਸਗੋਂ ਪਾਲਣਹਾਰ ਹੈ। ਹੜ੍ਹਾਂ ਦੁਬਾਰਾ ਕੀਤੀ ਤਬਾਹੀ ਲਈ ਖੁਦ ਮਨੁੱਖ ਜ਼ਿੰਮੇਵਾਰ ਹੈ। ਇਸ ਗੱਲ ਨੂੰ ਉਹ ਜਿੰਨੀ ਜਲਦੀ ਸਮਝ ਲਵੇਗਾ, ਓਨਾ ਹੀ ਉਸ ਲਈ ਚੰਗਾ ਹੋਵੇਗਾ।
-ਗੌਰਵ ਮੁੰਜਾਲ ਪੀ.ਸੀ.ਐਸ.
ਉੱਜੜੇ ਹੀ ਆ, ਮਰੇ ਨਹੀਂ
ਆਲੇ-ਦੁਆਲੇ ਪਾਣੀ ਹੀ ਪਾਣੀ, ਚਾਰੇ ਪਾਸੇ ਹਾਹਾਕਾਰ ਮੱਚ ਗਈ, ਅਚਾਨਕ ਹੀ ਮੀਂਹ ਆਰੰਭ ਹੋਇਆ ਤੇ ਦੋ ਤਿੰਨ ਦਿਨ ਰੁਕਣ ਦਾ ਨਾਂਅ ਨਹੀਂ ਲਿਆ, ਲੋਕਾਂ ਦੇ ਪੱਕੇ ਘਰ ਹੜ੍ਹਾਂ ਦੀ ਮਾਰ ਹੇਠ ਆ ਗਏ, ਗਰੀਬਾਂ ਦੇ ਕੋਠੇ ਢਹਿ ਗਏ, ਛੱਤਾਂ ਚੋ ਰਹੀਆਂ ਨੇ, ਪਸ਼ੂ ਭੁੱਖੇ ਮਰ ਰਹੇ ਨੇ। ਮੱਘਰ ਸਿੰਘ ਦਾ ਘਰ ਹੜ੍ਹ ਦੀ ਮਾਰ ਹੇਠ ਆ ਗਿਆ ਤੇ ਢਹਿ-ਢੇਰੀ ਹੋ ਗਿਆ, ਦਾਣੇ ਵਾਲੇ ਢੋਲ ਵੀ ਚੁੱਕ ਨਹੀਂ ਹੋਏ ਤੇ ਨਾ ਕੋਈ ਜ਼ਰੂਰਤ ਦਾ ਸਮਾਨ ਚੁੱਕਿਆ ਗਿਆ। ਰਹਿਣ ਲਈ ਸਿਰ 'ਤੇ ਕੋਈ ਛੱਤ ਨਹੀਂ ਰਹੀ, ਬਾਹਰ ਖੁੱਲ੍ਹੇ ਆਸਮਾਨ ਚ ਝੁੰਗੀ ਬਣਾ ਕੇ ਡੇਰਾ ਲਾਉਣਾ ਪਿਆ। ਸਾਰਾ ਪਰਿਵਾਰ ਰਾਤ ਨੂੰ ਖੁੱਲ੍ਹੇ ਆਸਮਾਨ ਥੱਲੇ ਬੈਠੇ ਰੋਟੀ ਖਾ ਰਹੇ ਸਨ। ਮੱਘਰ ਸਿੰਘ ਦਾ ਪੋਤਾ ਬੋਲਿਆ, ਦਾਦਾ ਜੀ, ਹੁਣ ਆਪਾ ਕੀ ਕਰਾਂਗੇ ਆਪਣੇ ਕੋਲ ਤਾਂ ਕੁਝ ਨਹੀਂ ਰਿਹਾ 'ਸਭ ਕੁਝ ਖ਼ਤਮ ਹੋ ਗਿਆ ਏ' ਤਾਂ ਮੱਘਰ ਸਿੰਘ ਨੇ ਬੜੇ ਹੀ ਠਰ੍ਹੰਮੇ ਨਾਲ ਜਵਾਬ ਦਿੱਤਾ 'ਕੋਈ ਨਾ ਪੋਤੇ ਸਿਆਂ ਉੱਜੜੇ ਹਾਂ ਮਰੇ ਥੋੜੀ ਆ। ਅਸਾਂ ਨੇ ਬੜੇ ਸੰਤਾਪ ਹੰਢਾਏ ਨੇ। ਪਹਿਲਾਂ 47 ਦੇ ਦੰਗੇ ਦੇਖੇ, ਫੇਰ 84 ਦਾ ਕਤਲੇਆਮ ਦੇਖਿਆ, ਫੇਰ 88 ਵਾਲੇ ਹੜ੍ਹ ਦੇਖੇ ਹੁਣ 25 ਵਾਲੇ ਹੜ੍ਹ ਦੇਖ ਰਹੇ ਹਾਂ। 'ਉੱਜੜੇ ਹਾਂ ਮਰੇ ਥੋੜੀ ਆ', ਦੁਆਰਾ ਮਿਹਨਤ ਕਰਾਂਗੇ ਦੁਆਰਾ ਘਰ ਬਣਾਵਾਂਗੇ ਤੇ ਜ਼ਿੰਦਗੀ ਖੁਸ਼ਹਾਲ ਬਣਾਵਾਂਗੇ। ਮੱਘਰ ਸਿੰਘ ਦਾ ਪੋਤਾ ਦਾਦੇ ਦੀ ਗੱਲ ਸੁਣਦਾ-ਸੁਣਦਾ ਬੇਫ਼ਿਕਰ ਹੋ ਕੇ ਸੌ ਗਿਆ ਜਿਵੇਂ ਕਹਿ ਰਿਹਾ ਹੋਵੇ 'ਉੱਜੜੇ ਹਾਂ ਮਰੇ ਨਹੀਂ'।
-ਪ੍ਰੋਫੈਸਰ ਬਲਕਾਰ ਸਿੰਘ
ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਸੰਗਰੂਰ।