23-03-26
ਮਾਂ ਬੋਲੀ ਪ੍ਰਤੀ ਪਿਆਰ
ਐਤਵਾਰ, 1 ਮਾਰਚ ਦੇ ਅੰਕ ਵਿਚ ਪੰਨਾ ਨੰਬਰ ਚਾਰ 'ਤੇ ਬਲਦੇਵ ਸਿੰਘ ਬੇਦੀ ਦਾ ਛਪਿਆ ਲੇਖ ਕੇਰਲਾ ਵਾਸੀਆਂ ਦਾ ਭਾਸ਼ਾਈ ਪਿਆਰ ਮਾਂ ਬੋਲੀ ਪ੍ਰਤੀ ਚਿੰਤਨ ਨੂੰ ਵਧਾਉਂਦਾ ਹੋਇਆ ਮਾਂ ਬੋਲੀ ਪ੍ਰਤੀ ਮਾਨਸਿਕਤਾ ਨੂੰ ਉਜਾਗਰ ਕਰਨ ਵਿਚ ਸਫ਼ਲ ਹੋਇਆ ਹੈ।ਇੱਕ ਕੇਰਲਾ ਭਾਸ਼ਾ ਦੇ ਲੋਕ ਹਨ ਜੋ ਪੰਜਾਬ ਵਿਚ ਆ ਕੇ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲੇ, ਦੂਜੇ ਅਸੀਂ ਹਾਂ ਜਿਨ੍ਹਾਂ ਦੀ ਮਾਂ ਬੋਲੀ ਆਪਣੇ ਹੀ ਘਰ ਵਿਚ ਬਿਗਾਨੀ ਹੋਈ ਜਾਪਦੀ ਹੈ। ਵਿਦੇਸ਼ੀ ਭਾਸ਼ਾ ਦੇ ਪਾਣ ਵਿਚ ਅਸੀਂ ਆਪਣੀ ਹੀ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਬਹੁਤੀਆਂ ਭਾਸ਼ਾਵਾਂ ਦਾ ਗਿਆਨ ਰੱਖਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਆਪਣੀ ਭਾਸ਼ਾ ਅਤੇ ਸੱਭਿਅਤਾ ਨਾਲ ਟੁੱਟ ਕੇ ਤਰੱਕੀ ਦਾ ਪੱਲਾ ਫੜਨਾ ਸਾਡੇ ਪਤਨ ਦਾ ਕਾਰਣ ਬਣ ਸਕਦਾ ਹੈ। ਅਜੋਕਾ ਸਮਾਂ ਆਧੁਨਿਕਤਾ ਅਤੇ ਤਕਨਾਲੋਜੀ ਦਾ ਸਮਾਂ ਹੈ, ਵਿਕਸਤ ਹੋਣ ਲਈ ਗਿਆਨ ਦਾ ਵਿਸਤਾਰ ਹੋਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਗਿਆਨ ਦੇ ਵਿਸਤਾਰ ਵਿਚ ਬਹੁਤੀਆਂ ਭਸ਼ਾਵਾਂ ਦਾ ਗਿਆਨ ਹੋਣਾ ਬਹੁਤ ਲਾਹੇਵੰਦ ਸਿੱਧ ਹੋ ਸਕਦਾ ਹੈ ਪਰੰਤੂ ਕੇਰਲਾ ਦੇ ਲੋਕਾਂ ਵਾਂਗ ਸਾਨੂੰ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਫਿਰ ਹੀ ਅਸੀਂ ਹਕੀਕੀ ਰੂਪ ਵਿਚ ਸੱਭਿਆਚਾਰ ਦੇ ਰਖਵਾਲੇ ਕਹਾ ਸਕਦੇ ਹਾਂ।
-ਰਜਵਿੰਦਰ ਪਾਲ ਸ਼ਰਮਾ,
ਪਿੰਡ ਕਾਲਝਰਾਣੀ।
ਸੜਕ ਦਾ ਕੰਮ ਜਲਦੀ ਮੁਕੰਮਲ ਹੋਵੇ
ਬਠਿੰਡਾ-ਡੱਬਵਾਲੀ ਮੁੱਖ ਹਾਈਵੇੇ ਤੋਂ ਲੈ ਕੇ ਪਿੰਡ ਘੁੱਦਾ ਤੱਕ ਸੜਕ ਦੀ ਮੁਰੰਮਤ ਦਾ ਕੰਮ ਚਲਦਾ ਹੋਣ ਕਰਕੇ, ਸੜਕ ਉੱਪਰ ਪੱਥਰ/ਬਜਰ ਪਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਪਰ ਬੱਜਰ ਵਿਚ ਪਾਇਆ ਗਿਆ ਰੇਤਾ ਨਿਕਲਣ ਕਰਕੇ ਆਵਾਜਾਈ ਦੇ ਸਾਧਨਾਂ ਦਾ ਸੜਕ ਉੱਪਰੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਛੋਟੇ ਸਾਧਨਾਂ ਵਾਲਿਆਂ ਨੂੰ ਤਾਂ ਵਿੰਗ ਪਾ ਕੇ ਦੂਜੇ ਪਿੰਡਾਂ ਦੇ ਰਸਤਿਆਂ ਤੋਂ ਆਉਣਾ ਜਾਣਾ ਪੈਂਦਾ ਹੈ। ਬੱਸਾਂ ਬਹੁਤ ਹੀ ਮੁਸ਼ਕਿਲ ਨਾਲ ਲੰਘਦੀਆਂ ਹਨ, ਐਮਰਜੈਂਸੀ ਵਾਲੇ ਸਾਧਨ ਵੀ ਬਹੁਤ ਮੁਸ਼ਕਿਲ ਨਾਲ ਲੰਘਦੇ ਹਨ। ਅੱਗੇ ਹਾੜ੍ਹੀ ਦੀ ਫ਼ਸਲ ਆਉਣ ਵਾਲੀ ਹੈ ਜਿਸ ਕਰਕੇ ਕਿਸਾਨਾਂ ਨੂੰ ਫ਼ਸਲ ਢੋਣ ਵਿਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿੰਡ ਘੁੱਦਾ ਵਿਖੇ ਕੇਂਦਰੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਕਾਲਜ਼, ਸਪੋਰਟਸ ਸਕੂਲ ਤੇ ਹੋਰ ਵੱਡੇ ਅਦਾਰੇ, ਦੂਜੇ ਪਾਸੇ ਸੰਗਤ ਮੰਡੀ ਦਾ ਬਜ਼ਾਰ, ਅਨੇਕਾਂ ਦਫ਼ਤਰ, ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨਾ, ਏਮਜ਼ ਅਤੇ ਅਨੇਕਾਂ ਹੀ ਹੋਰ ਥਾਵਾਂ ਨੂੰ ਇਸੇ ਸੜਕ ਰਾਹੀਂ ਹੀ ਆਉਣਾ/ਜਾਣਾ ਪੈਂਦਾ ਹੈ। ਜਿਸ ਕਰਕੇ ਲੋਕਾਂ ਨੂੰ ਡਾਢੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟ ਗੁਰੂ (ਬਠਿੰਡਾ)
ਮਨੁੱਖੀ ਬੁੱਧੀ ਲਈ ਖ਼ਤਰਾ ਮਸਨੂਈ ਬੁੱਧੀ
ਅੱਜ ਦੇ ਯੁੱਗ ਵਿਚ ਤੇਜ਼ੀ ਨਾਲ ਮਸਨੂਈ ਬੁੱਧੀ ਵਿਕਸਿਤ ਹੋ ਰਹੀ ਹੈ। ਇਹ ਡਾਟਾ ਦੇ ਆਧਾਰ 'ਤੇ ਫ਼ੈਸਲੇ ਲੈਂਦੀ ਹੈ, ਗਣਨਾ ਤੇ ਵਿਸ਼ਲੇਸ਼ਣ ਵਿਚ ਬੇਹੱਦ ਤੇਜ਼ ਹੋਣ ਕਰਕੇ ਘੱਟ ਸਮੇਂ ਵਿਚ ਵੱਡੇ ਕੰਮ ਕਰ ਸਕਦੀ ਹੈ। ਦੂਜੇ ਪਾਸੇ ਮਨੁੱਖੀ ਬੁੱਧੀ ਵਿਚ ਭਾਵਨਾ, ਨੈਤਿਕਤਾ, ਅਨੁਭਵ ਅਤੇ ਸਿਰਜਣਾਤਮਕਤਾ ਸ਼ਾਮਿਲ ਹੋਣ ਕਰਕੇ ਮਨੁੱਖੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੰਵੇਦਨਸ਼ੀਲ ਫ਼ੈਸਲੇ ਲੈ ਸਕਦੀ ਹੈ, ਜਦਕਿ ਮਸਨੂਈ ਬੁੱਧੀ ਅਜਿਹਾ ਨਹੀਂ ਕਰ ਸਕਦੀ ਕਿਉਂਕਿ ਇਹ ਯੰਤਰ ਮਨੁੱਖ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਭਵਿੱਖ ਵਿਚ ਜੇਕਰ ਮਸਨੂਈ ਬੁੱਧੀ ਬਹੁਤ ਅੱਗੇ ਵੱਧ ਵੀ ਜਾਵੇ, ਤਦ ਵੀ ਇਸਦਾ ਸੰਚਾਲਨ ਮਨੁੱਖੀ ਬੁੱਧੀ ਦੇ ਹੱਥਾਂ ਵਿਚ ਹੀ ਰਹੇਗਾ। ਇਹ ਸਿਰਫ਼ ਇਕ ਸਾਧਨ ਮਾਤਰ ਹੈ, ਜੋ ਮਨੁੱਖੀ ਦਿਸ਼ਾ-ਨਿਰਦੇਸ਼ਾਂ 'ਤੇ ਕੰਮ ਕਰਦਾ ਹੈ। ਇਸ ਲਈ ਅੰਤਮ ਨਿਰਣਾ ਅਤੇ ਨੈਤਿਕ ਜ਼ਿੰਮੇਵਾਰੀ ਮਨੁੱਖ 'ਤੇ ਹੀ ਰਹੇਗੀ। ਭਾਵੇਂ ਮਸਨੂਈ ਬੁੱਧੀ ਤੇ ਮਨੁੱਖੀ ਬੁੱਧੀ ਇਕ ਦੂਜੇ ਦੇ ਵਿਰੋਧੀ ਨਹੀਂ, ਸਗੋਂ ਸਹਿਯੋਗੀ ਹਨ, ਪਰ ਕੰਟਰੋਲ ਹਮੇਸ਼ਾ ਮਨੁੱਖ ਦੇ ਹੱਥ ਵਿਚ ਹੋਣਾ ਚਾਹੀਦਾ ਹੈ। ਇਸ ਸਮੇਂ ਮਸਨੂਈ ਬੁੱਧੀ 'ਤੇ ਕਿੱਤਾ ਜਾ ਰਿਹਾ ਜ਼ੋਰ ਹੈ ਕਿ ਮਨੁੱਖ ਜ਼ਿਆਦਾ ਨਾ ਸੋਚੇ, ਸਗੋਂ ਇਹ ਬਿਜਲਈ ਯੰਤਰ ਕੰਮ ਕਰੇ, ਜੋ ਨੇੜੇ ਭਵਿੱਖ ਵਿਚ ਮਨੁੱਖੀ ਬੁੱਧੀ ਲਈ ਘਾਤਕ ਸਿੱਧ ਹੋ ਸਕਦੀ ਹੈ। ਇਸ ਕਰਕੇ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਤਕਨਾਲੋਜੀ ਸਹਾਇਕ ਹੋ ਸਕਦੀ ਹੈ, ਪਰ ਅੰਤਮ ਫ਼ੈਸਲੇ ਮਨੁੱਖੀ ਬੁੱਧੀ ਹੀ ਕਰੇ ਤਾਂ ਸਾਡੇ ਲਈ ਬਿਹਤਰ ਹੋਵੇਗਾ।
-ਰਾਜ ਕੁਮਾਰ ਖੰਨਾ
(ਐਮ.ਏ., ਐਮ.ਫਿਲ)
ਅਸਲੇ ਦੀ ਨਾਜਾਇਜ਼ ਵਰਤੋਂ ਰੋਕੀ ਜਾਏ
ਵਿਆਹਾਂ-ਸ਼ਾਦੀਆਂ ਵਿਚ ਅਸਲਾ ਲੈ ਕੇ ਜਾਣ ਦੀ ਮਨਾਹੀ ਦੇ ਬੋਰਡ ਸਭ ਮੈਰਿਜ ਪੈਲਸਾਂਵਿਚ ਲੱਗੇ ਹੁੰਦੇ ਹਨ, ਪਰੰਤੂ ਉਨ੍ਹਾਂ ਦੀ ਕੋਈ ਵੀ ਪ੍ਰਵਾਹ ਨਹੀਂ ਕਰਦਾ। ਦੇਖਣ ਵਾਲੀ ਗੱਲ ਇਹ ਹੈ ਕਿ ਕੀ ਅਸਲਾ ਰੱਖਣ ਵਾਲਾ ਵਿਅਕਤੀ ਉਸ ਨੂੰ ਚਲਾਉਣ ਲਈ ਪੂਰੀ ਤਰ੍ਹਾਂਕਾਬਿਲ ਵੀ ਹੈ ਜਾਂ ਨਹੀਂ? ਦਰਅਸਲ ਬਹੁਤੀ ਵਾਰੀ ਨਸ਼ਾ ਪੱਤਾ ਕਰ ਕੇ ਵਿਅਕਤੀ ਨਸ਼ੇ ਦੀ ਲੋਰ ਵਿਚ ਚੱਲ ਰਹੇ ਗਾਣੇ 'ਤੇ ਜੱਟ ਫਾਇਰ ਕਰਦੈ। ਬਸ ਫਿਰ ਉਹ ਫਾਇਰ ਅਸਮਾਨ ਵੱਲ ਨੂੰ ਨਹੀਂ ਜਾਂਦਾ ਸਗੋਂ ਨਸ਼ੇ ਦੀ ਲੋਰ ਵਿਚ ਇਹ ਕਿਸੇ ਨੱਚਣ ਵਾਲੇ, ਕਿਸੇ ਗਾਉਣ ਵਾਲੇ ਜਾਂ ਬਰਾਤੀ ਸੱਜਣ ਦੀ ਜਾਨ ਲੈ ਬੈਠਦਾ ਹੈ। ਪੁਰਾਣੇ ਜ਼ਮਾਨੇ ਵਿਚ ਅਸਲਾ ਰੱਖਣ ਦਾ ਕਾਰਣ ਘਰ ਪਰਿਵਾਰ ਦੇ ਜੀਆਂ ਦੀ ਰੱਖਿਆ ਕਰਨਾ ਹੁੰਦਾ ਸੀ। ਪਰ ਅੱਜ ਕੱਲ ਅਜਿਹਾ ਟਰੈਂਡ ਬਣ ਗਿਆ ਹੈ ਕਿ ਸਾਡੇ ਵਿਆਹ ਵਿਚ ਕਿੰਨੇ ਬੰਦੇ ਅਸਲੇ ਵਾਲੇ ਆਉਂਦੇ ਹਨ। ਮੈਂ ਇੱਕ ਵਿਆਹ ਵਿਚ ਜਾਗੋ ਦੇ ਪ੍ਰੋਗਰਾਮ ਵਿਚ ਦੇਖਿਆ ਕਿ 10 ਕੁ ਵਜੇ ਤੋਂ ਬਾਅਦ ਨੌਜਵਾਨ ਭੰਗੜਾ ਪਾਉਣ ਲੱਗ ਪਏ ਤੇ ਜਦੋਂ ਉਹ ਗੀਤ ਚੱਲਿਆ ਜੱਟ ਫਾਇਰ ਕਰਦਾ ਤਾਂ ਪਤਾ ਨਹੀਂ 10-12 ਨੌਜਵਾਨਾਂ ਦੇ ਹੱਥਾਂ ਵਿਚ ਰਵਾਲਵਰ ਫੜੇ ਹੋਏ ਤੇ ਉਹ ਫਾਇਰ ਕਰਨ ਲੱਗੇ, ਅਜਿਹੀਆਂ ਘਟਨਾਵਾਂ ਹਰ ਰੋਜ਼ ਸੁਣਨ ਨੂੰ ਮਿਲ ਰਹੀਆਂ ਹਨ। ਜਿਸ ਦਾ ਖਮਿਆਜਾ ਮੈਰਿਜ ਪੈਲਸਾਂ ਵਾਲੇ ਜਾਂ ਵਿਆਹ ਵਾਲੇ ਸੱਜਣਾਂ 'ਤੇ ਆ ਪੈਂਦਾ ਹੈ ਤੇ ਵਿਆਹ ਦੀ ਕਿਰਕਰੀ ਤਾਂ ਹੁੰਦੀ ਹੀ ਹੈ ਸਗੋਂ ੳਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
-ਧਰਮ ਸਿੰਘ ਪਟਿਆਲਵੀ
ਏਕਤਾ ਵਿਹਾਰ, ਪਟਿਆਲਾ