JALANDHAR WEATHER

ਗੁਰਦਾਸਪੁਰ ਚ ਤਿੰਨ ਦਿਨਾਂ ਦੌਰਾਨ ਤੀਸਰੀ ਜਗ੍ਹਾ 'ਤੇ ਚੱਲੀ ਗੋਲੀ, ਅਣਪਛਾਤੇ ਡੋਮੀਨੋਜ਼ ਦੇ ਰੈਸਟੋਰੈਂਟ 'ਤੇ ਗੋਲੀ ਚਲਾ ਕੇ ਫਰਾਰ

ਗੁਰਦਾਸਪੁਰ, 27 ਦਸੰਬਰ (ਗੁਰਪ੍ਰਤਾਪ ਸਿੰਘ) - ਸ਼ਹਿਰ ਗੁਰਦਾਸਪੁਰ ਅੰਦਰ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਦਿਖਾਈ ਦੇ ਰਹੀ ਹੈ। ਬੀਤੇ ਤਿੰਨ ਦਿਨਾਂ ਦੌਰਾਨ ਤਿੰਨ ਵੱਖ ਵੱਖ ਥਾਵਾਂ 'ਤੇ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। 25 ਦਸੰਬਰ ਨੂੰ 2 ਅਣਪਛਾਤੇ ਨੌਜਵਾਨਾਂ ਵਲੋਂ ਗੁਰਦਾਸਪੁਰ ਦੇ ਜੇਲ੍ਹ ਰੋਡ 'ਤੇ ਸਥਿਤ ਔਜ਼ੀ ਹੱਬ ਇਮੀਗ੍ਰੇਸ਼ਨ ਦੇ ਦਫ਼ਤਰ 'ਤੇ ਗੋਲੀਆਂ ਚਲਾਈਆਂ ਗਈਆਂ। 26 ਦਸੰਬਰ ਦਿਨ ਨੂੰ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ ਸੱਤ ਵਿਚ ਸਥਿਤ ਜ਼ੀਨਥ ਇਮੀਗ੍ਰੇਸ਼ਨ ਦੇ ਦਫ਼ਤਰ 'ਤੇ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਅਤੇ ਅੱਜ ਦੇਰ ਸ਼ਾਮ ਅਣਪਛਾਤਿਆਂ ਵਲੋਂ ਜੇਲ੍ਹ ਰੋਡ 'ਤੇ ਸਥਿਤ ਡੋਮੀਨੋਜ਼ ਦੇ ਸ਼ੋਰੂਮ 'ਤੇ ਗੋਲੀਆਂ ਚਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸ਼ਹਿਰ ਅੰਦਰ ਲਗਾਤਾਰ ਚੱਲ ਰਹੀਆਂ ਗੋਲੀਆਂ ਅਤੇ ਮੰਗੀਆਂ ਜਾ ਰਹੀਆਂ ਫਿਰੋਤੀਆਂ ਕਾਰਨ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਲਗਾਤਾਰ ਤੀਸਰੇ ਦਿਨ ਵਾਪਰੀ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ। ਕਿਉਂਕਿ ਪਹਿਲੀ ਘਟਨਾ ਤੋਂ ਬਾਅਦ ਪੁਲਿਸ ਵਲੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਗੱਲ ਕਹੀ ਗਈ ਸੀ। ਦੂਸਰੀ ਘਟਨਾ ਤੋਂ ਬਾਅਦ ਵੀ ਪੁਲਿਸ ਵਲੋਂ ਇਸੇ ਗੱਲ ਨੂੰ ਦੋਹਰਾਇਆ ਗਿਆ ਸੀ। ਪਰ ਲਗਾਤਾਰ ਤੀਜੇ ਦਿਨ ਚੱਲੀ ਇਸ ਗੋਲੀ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਪਹਿਲੇ ਮੁਜ਼ਰਮਾਂ ਨੂੰ ਤਾਂ ਕੀ ਕਾਬੂ ਕਰਨਾ ਹੈ, ਪੁਲਿਸ ਤਾਂ ਲਗਾਤਾਰ ਗੋਲੀ ਚੱਲਣ ਦੀਆਂ ਹੋ ਰਹੀਆਂ ਘਟਨਾਵਾਂ 'ਤੇ ਵੀ ਰੋਕ ਲਗਾਉਣ ਵਿਚ ਅਸਮਰੱਥ ਦਿਖਾਈ ਦੇ ਰਹੀ ਹੈ। ਗੋਲੀ ਚੱਲਣ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਿਸ ਮੌਕੇ 'ਤੇ ਪਹੁੰਚੀ। ਮੌਕੇ 'ਤੇ ਪਹੁੰਚੇ ਐਸ.ਪੀ. ਡੀ.ਕੇ ਚੌਧਰੀ ਨੇ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਪੁਲਿਸ ਦੀ ਹਿਰਾਸਤ ਵਿਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ