ਪਿਤਾ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ, ਮੁਲਜ਼ਮ ਫਰਾਰ
ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 4 ਜਨਵਰੀ (ਇਕਬਾਲ ਸਿੰਘ ਸ਼ਾਂਤ) - ਹਲਕਾ ਲੰਬੀ ਦੇ ਪਿੰਡ ਮਿੱਡਾ ਵਿਖੇ ਅੱਜ ਇਕ ਰੂਹ ਕੰਬਾਊ ਘਟਨਾ ਵਿਚ ਪਿਤਾ ਵਲੋਂ ਆਪਣੀ ਹੀ ਨੌਜਵਾਨ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਕਾਰਨ ਇਲਾਕੇ ਵਿਚ ਸੋਗ ਅਤੇ ਸਹਿਮ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਪਛਾਣ ਕਰੀਬ 18 ਸਾਲਾ ਚਮਨਪ੍ਰੀਤ ਕੌਰ ਵਜੋਂ ਹੋਈ ਹੈ। ਘਟਨਾ ਸਮੇਂ ਲੜਕੀ ਆਪਣੇ ਘਰ ਦੇ ਕਮਰੇ ਵਿਚ ਬੈੱਡ 'ਤੇ ਸੁੱਤੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਸਦੇ ਪਿਤਾ ਪਾਲਾ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਜ਼ਬਰਦਸਤ ਸੀ ਕਿ ਹਥਿਆਰ ਦਾ ਵਾਰ ਸਿੱਧਾ ਲੜਕੀ ਦੇ ਜਬਾੜੇ 'ਤੇ ਲੱਗਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਿਤਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ 'ਤੇ ਥਾਣਾ ਕਬਰਵਾਲਾ ਦੀ ਮੁਖੀ ਹਰਪ੍ਰੀਤ ਕੌਰ ਪੁਲਿਸ ਅਮਲੇ ਸਮੇਤ ਤੁਰੰਤ ਮੌਕੇ 'ਤੇ ਪੁੱਜ ਗਏ। ਪੁਲਿਸ ਘਟਨਾ ਦੇ ਅਸਲ ਕਾਰਨਾਂ ਬਾਰੇ ਮ੍ਰਿਤਕਾ ਦੇ ਪਰਿਵਾਰ ਤੋਂ ਜਾਣਕਾਰੀ ਅਤੇ ਬਿਆਨ ਲੈਣ ਵਿਚ ਜੁਟੀ ਹੋਈ ਹੈ। ਇਸੇ ਵਿਚਕਾਰ ਚਰਚਾ ਹੈ ਕਿ ਲੜਕੀ ਅਗਾਂਹ ਪੜ੍ਹਨਾ ਚਾਹੁੰਦੀ ਸੀ,ਪਰ ਉਸਦਾ ਪਿਤਾ ਇਸ ਗੱਲ ਦੇ ਖ਼ਿਲਾਫ਼ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ।
;
;
;
;
;
;
;
;