JALANDHAR WEATHER

ਪਿੰਡ ਲੱਖਣ ਕਲਾਂ ਦੇ ਇਕ ਕਿਸਾਨ ਦੇ ਡੇਰੇ 'ਤੇ ਚੱਲੀਆਂ ਗੋਲੀਆਂ ਦੇ ਮਾਮਲੇ 'ਚ ਪੁਲਿਸ ਵਲੋਂ 9 ਵਿਅਕਤੀਆਂ ਵਿਰੁੱਧ ਕੇਸ ਦਰਜ

ਕਪੂਰਥਲਾ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਬੀਤੀ ਰਾਤ ਸਵਾ 10 ਵਜੇ ਕਪੂਰਥਲਾ ਸਬ ਡਵੀਜ਼ਨ ਦੇ ਪਿੰਡ ਲੱਖਣ ਕਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਦੇ ਭਤੀਜੇ ਦਲਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਦੇ ਡੇਰੇ 'ਤੇ ਦਰਜਨ ਤੋਂ ਵੱਧ ਚੱਲੀਆਂ ਗੋਲੀਆਂ ਦੇ ਮਾਮਲੇ ਦੇ ਸੰਬੰਧ ਵਿਚ ਥਾਣਾ ਸਦਰ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੀ.ਐਸ.ਪੀ. ਸਬ ਡਵੀਜ਼ਨ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਨੇ ਦਲਜੀਤ ਸਿੰਘ ਦੇ ਬਿਆਨਾਂ 'ਤੇ ਪਿੰਡ ਲੱਖਣ ਕਲਾਂ ਦੇ ਵਾਸੀ ਪਵਿੱਤਰ ਸਿੰਘ, ਸਿਮਰਨ ਸਿੰਘ ਉਰਫ ਸਿੰਮਾ, ਗੁਰਦੀਪ ਸਿੰਘ, ਅਰਵਿੰਦਰ ਸਿੰਘ ਉਰਫ ਬਾਊ, ਮੌਂਟੀ, ਕਰਨ, ਰਾਮ ਆਸਰਾ, ਹਨੀ ਤੇ ਦੀਪੂ ਵਿਰੁੱਧ ਕੇਸ ਦਰਜ ਕੀਤਾ ਹੈ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਚੋਣਾਂ ਦੌਰਾਨ ਪਵਿੱਤਰ ਸਿੰਘ ਤੇ ਦਲਜੀਤ ਸਿੰਘ ਦੇ ਗਰੁੱਪਾਂ ਵਿਚ ਹੋਈ ਆਪਸੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਦੱਸਿਆ ਜਾਂਦਾ ਹੈ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਅੱਜ ਸਵੇਰੇ ਪੁਲਿਸ ਲੱਖਣ ਕਲਾਂ ਪੁੱਜੀ ਤੇ ਮੌਕੇ 'ਤੇ ਪੁਲਿਸ ਪਾਰਟੀ ਨੇ ਗੋਲੀਆਂ ਦੇ 13 ਖਾਲੀ ਖੋਲ ਬਰਾਮਦ ਕਰਕੇ ਆਪਣੇ ਕਬਜ਼ੇ ਵਿਚ ਲੈ ਲਏ | ਇਹ ਵੀ ਪਤਾ ਲੱਗਾ ਹੈ ਕਿ ਦਲਜੀਤ ਸਿੰਘ ਦੇ ਸਪੇਨ ਵਿਚ ਰਹਿੰਦੇ ਇਕ ਕਰੀਬੀ ਰਿਸ਼ਤੇਦਾਰ ਨੇ ਸੋਸ਼ਲ ਮੀਡੀਏ 'ਤੇ ਇਕ ਵੀਡੀਓ ਪਾਈ ਸੀ ਜਿਸ ਤੋਂ ਵਿਵਾਦ ਸ਼ੁਰੂ ਹੋਇਆ ਤੇ ਬਾਅਦ ਵਿਚ ਪਵਿੱਤਰ ਸਿੰਘ ਦੇ ਕਰੀਬੀ ਰਿਸ਼ਤੇਦਾਰ ਦੀ ਸਪੇਨ ਵਿਚ ਰਹਿੰਦੇ ਵਿਅਕਤੀ ਨਾਲ ਫੋਨ 'ਤੇ ਕਥਿਤ ਤੌਰ 'ਤੇ ਤਕਰਾਰ ਹੋਈ, ਇਸ ਪਿੱਛੋਂ ਇਹ ਘਟਨਾ ਵਾਪਰੀ | ਦਲਜੀਤ ਸਿੰਘ ਦੇ ਡੇਰੇ 'ਤੇ ਚੱਲੀਆਂ ਗੋਲੀਆਂ ਦੇ ਮਾਮਲੇ ਨੂੰ ਲੈ ਕੇ ਪਿੰਡ ਵਿਚ ਦਹਿਸ਼ਤ ਪਾਈ ਜਾ ਰਹੀ ਹੈ | ਦੁਪਹਿਰ ਬਾਅਦ ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਪਿੰਡ ਲੱਖਣ ਕਲਾਂ ਪੁੱਜੇ ਤੇ ਉਨ੍ਹਾਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ