40 ਮੁਕਤਿਆਂ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘਾਂ ਵਲੋਂ ਮਹੱਲੇ ਦੀ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ 40 ਮੁਕਤਿਆਂ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਲਦਾ ਵਹੀਰ ਚੱਕਰਵਰਤੀ ਵਲੋਂ ਚੱਲੀ ਆਉਂਦੀ ਖਾਲਸਾਈ ਰਵਾਇਤ ਅਨੁਸਾਰ ਸਮੂਹ ਨਿਹੰਗ ਸਿੰਘ ਦਲਾਂ ਦੇ ਸਹਿਯੋਗ ਨਾਲ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਖਾਲਸਾਈ ਸਿੱਖੀ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਵਲੋਂ ਮਹੱਲਾ ਸ਼ੁਰੂ ਕੀਤਾ ਗਿਆ।
ਇਸ ਮੌਕੇ ਸਿੰਘ ਸ਼ਿੰਗਾਰੇ ਹੋਏ ਘੋੜਿਆਂ, ਊਠਾਂ ਅਤੇ ਹਾਥੀਆਂ ’ਤੇ ਸਵਾਰ ਸਨ। ਇਸ ਤੋਂ ਪਹਿਲਾਂ ਪਾਠ ਦਾ ਭੋਗ ਪਾਇਆ ਗਿਆ ਅਤੇ ਅਰਦਾਸ ਉਪਰੰਤ ਮਹੱਲੇ ਦੀ ਸ਼ੁਰੂਆਤ ਹੋਈ। ਇਹ ਮਹੱਲਾ ਗੁਰਦੁਆਰਾ ਟਿੱਬੀ ਸਾਹਿਬ ਪਹੁੰਚੇਗਾ ਅਤੇ ਨਿਹੰਗ ਸਿੰਘਾਂ ਵਲੋਂ ਜੰਗਜੂ ਕਰਤੱਬ ਅਤੇ ਘੋੜ ਸਵਾਰੀ ਦੇ ਜੌਹਰ ਵਿਖਾਏ ਜਾਣਗੇ। ਮਹੱਲੇ ਉਪਰੰਤ ਭਾਵੇਂ ਰਵਾਇਤੀ ਤੌਰ ’ਤੇ ਮਾਘੀ ਜੋੜ ਮੇਲਾ ਸਮਾਪਤ ਹੋ ਗਿਆ ਹੈ ਪਰ ਮਲੋਟ ਰੋਡ ’ਤੇ ਲੱਗਿਆ ਮਨੋਰੰਜਨ ਮੇਲਾ 31 ਜਨਵਰੀ ਤੱਕ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਦੁਕਾਨਾਂ ਕਰੀਬ ਦੋ ਮਹੀਨੇ ਸੱਜੀਆਂ ਰਹਿਣਗੀਆਂ।
ਮਾਘੀ ਜੋੜ ਮੇਲੇ ਤੇ ਮਹੱਲੇ ਦੀ ਸ਼ੁਰੂਆਤ ਸਮੇਂ 'ਅਜੀਤ' ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਮਾਘੀ ਦੇ ਦਿਹਾੜੇ ਤੇ ਉਹ 40 ਮੁਕਤਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਪ੍ਰਣਾਮ ਕਰਦੇ ਹਨ। ਉਹਨਾਂ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਗੁਰੂ ਲੜ ਲੱਗਣ। ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਟੁੱਟੀ ਗੰਢੀ ਦਾ ਇਤਿਹਾਸ ਸਭ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਨਿਹੰਗ ਸਿੰਘ ਹਾਜ਼ਰ ਸਨ।
;
;
;
;
;
;
;
;