ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ ਰਿਤਿਕਾ ਅਰੋੜਾ ਇਕ ਲੱਖ ਰੁਪਏ ਰਿਸ਼ਵਤ ਲੈਂਦੀਂ ਕਾਬੂ
ਗੁਰਦਾਸਪੁਰ, 19 ਜਨਵਰੀ (ਰੋਹਿਤ ਗੁਪਤਾ)- ਜ਼ਿਲ੍ਹਾ ਟਾਊਨ ਪਲਾਨਰ ਗੁਰਦਾਸਪੁਰ ਰਿਤਿਕਾ ਅਰੋੜਾ ਨੂੰ 1,00,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦੇ ਖਿਲਾਫ ਐਫ. ਆਈ. ਆਰ. ਨੰ 02 ਮਿਤੀ 19-01-2026 ਅਧੀਨ ਧਾਰਾ 7 ਪੀ.ਸੀ. ਐਕਟ 1988 (ਪੀ.ਸੀ. ਐਕਟ ਸੋਧ 2018 ਅਨੁਸਾਰ), ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਦਰਜ ਕਰ ਲਏ ਗਈ ਹੈ। ਸ਼ਿਕਾਇਤਕਰਤਾ ਗੁਰਜੀਤ ਸਿੰਘ ਪੁੱਤਰ ਮੰਨਾ ਸਿੰਘ, ਵਾਸੀ ਪਿੰਡ ਲੇਹਲ, ਜ਼ਿਲ੍ਹਾ ਗੁਰਦਾਸਪੁਰ ਨੇ ਦੋਸ਼ ਲਗਾਇਆ ਸੀ ਕਿ ਉਸਨੇ ਪਿੰਡ ਲੇਹਲ ’ਚ 7 ਕਨਾਲ 17.5 ਮਰਲੇ ਦੀ ਜ਼ਮੀਨ 15 ਅਪ੍ਰੈਲ 2025 ਨੂੰ ਖਰੀਦੀ ਸੀ ।
ਇਸ ਜ਼ਮੀਨ ’ਤੇ ਉਸਨੇ ਪਲਾਟ ਤਿਆਰ ਕਰਵਾਏ ਅਤੇ ਉਨ੍ਹਾਂ ਦੀ ਰਜਿਸਟਰੀ ਲਈ ਤਹਿਸੀਲ ’ਚ ਕਿਸਮ ਬਦਲਵਾ ਕੇ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ’ਚ ਅਰਜ਼ੀ ਦਿੱਤੀ। ਜਦੋਂ ਉਹ ਇਸ ਮਾਮਲੇ ਸਬੰਧੀ ਰਿਤਿਕਾ ਅਰੋੜਾ, ਜ਼ਿਲ੍ਹਾ ਟਾਊਨ ਪਲਾਨਰ, ਗੁਰਦਾਸਪੁਰ ਨੂੰ ਮਿਲਿਆ, ਤਾਂ ਉਨ੍ਹਾਂ ਵਲੋਂ ਫਾਈਲ ਨੂੰ ਕਾਰਵਾਈ ’ਚ ਨਹੀਂ ਲਿਆਂਦਾ ਗਿਆ ਅਤੇ ਮਾਮਲੇ ਨੂੰ ਟਾਲਿਆ ਜਾਣ ਲੱਗਾ। ਜਦੋਂ ਸ਼ਿਕਾਇਤਕਰਤਾ ਨੇ ਦੇਰੀ ਬਾਰੇ ਪੁੱਛਿਆ, ਤਾਂ ਕਥਿਤ ਦੋਸ਼ੀ ਨੇ ਕਿਹਾ ਕਿ ਦਸਤਾਵੇਜ਼ ਠੀਕ ਹਨ ਪਰ ਕਾਲੋਨੀ ਦਾ ਕੰਮ ਮੁਫ਼ਤ ’ਚ ਨਹੀਂ ਹੋ ਸਕਦਾ ਅਤੇ ਪਲਾਟ ਮਨਜ਼ੂਰ ਕਰਵਾਉਣ ਲਈ ਪ੍ਰਤੀ ਪਲਾਟ 1 ਲੱਖ ਰੁਪਏ ਰਿਸ਼ਵਤ ਦੇਣੀ ਪਵੇਗੀ। ਸ਼ਿਕਾਇਤਕਰਤਾ ਰਿਸ਼ਵਤ ਦੇ ਕੇ ਕੰਮ ਕਰਵਾਉਣ ਲਈ ਤਿਆਰ ਨਹੀਂ ਸੀ, ਇਸ ਲਈ ਉਸਨੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਦਫ਼ਤਰ ’ਚ ਸੰਪਰਕ ਕੀਤਾ ਅਤੇ 1,00,000 ਰੁਪਏ ਰਿਸ਼ਵਤ ਦੀ ਰਕਮ ਪੇਸ਼ ਕਰਕੇ ਡੀ.ਐਸ.ਪੀ. ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਇਸ ਤੋਂ ਬਾਅਦ ਟ੍ਰੈਪ ਲਗਾਇਆ ਗਿਆ ਅਤੇ ਰਿਤਿਕਾ ਅਰੋੜਾ, ਜ਼ਿਲ੍ਹਾ ਟਾਊਨ ਪਲਾਨਰ, ਗੁਰਦਾਸਪੁਰ ਨੂੰ ਉਸਦੇ ਦਫ਼ਤਰ ’ਚ 1,00,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ।
;
;
;
;
;
;
;
;