JALANDHAR WEATHER

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਮਾਮਲਾ: ਜਾਂਚ ਲਈ ਨਵੀਂ ਐਸ.ਆਈ.ਟੀ. ਦਾ ਗਠਨ

ਚੰਡੀਗੜ੍ਹ, 26 ਫਰਵਰੀ (ਕਪਿਲ ਵਧਵਾ) — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਨੂੰ ਤੇਜ਼ ਅਤੇ ਨਿਰਪੱਖ ਢੰਗ ਨਾਲ ਅੱਗੇ ਵਧਾਉਣ ਲਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ।

ਇਸ ਸੰਬੰਧੀ ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਪਹਿਲਾਂ ਦਰਜ ਮਾਮਲੇ ਦੀ ਜਾਂਚ ਹੁਣ ਨਵੀਂ ਟੀਮ ਦੇ ਹਵਾਲੇ ਕਰ ਦਿੱਤੀ ਗਈ ਹੈ। ਜ਼ਿਕਯੋਗ ਹੈ ਕਿ ਇਹ ਮਾਮਲਾ ਪੁਲਿਸ ਸਟੇਸ਼ਨ ‘ਸੀ’ ਡਿਵੀਜ਼ਨ, ਅੰਮ੍ਰਿਤਸਰ ਵਿਚ ਐਫ.ਆਈ.ਆਰ. ਨੰਬਰ 168 ਤਹਿਤ 7 ਦਸੰਬਰ 2025 ਨੂੰ ਦਰਜ ਕੀਤਾ ਗਿਆ ਸੀ। ਮਾਮਲਾ ਆਈ.ਪੀ.ਸੀ. ਦੀਆਂ ਧਾਰਾਵਾਂ 295, 295-ਏ, 409, 465 ਅਤੇ 120-ਬੀ ਅਧੀਨ ਦਰਜ ਹੈ।

ਨਵੇਂ ਜਾਰੀ ਹੁਕਮਾਂ ਅਨੁਸਾਰ ਇਸ ਤੋਂ ਪਹਿਲਾਂ ਬਣਾਈਆਂ ਗਈਆਂ ਤਿੰਨ ਟੀਮਾਂ ਦੇ ਆਦੇਸ਼ ਰੱਦ ਕਰਦੇ ਹੋਏ ਤਾਜ਼ਾ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਦੀ ਨਿਗਰਾਨੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (ਆਈਪੀਐਸ) ਅੰਮ੍ਰਿਤਸਰ ਵਲੋਂ ਕੀਤੀ ਜਾਵੇਗੀ।

ਐਸ.ਆਈ.ਟੀ. ਦੇ ਚੇਅਰਮੈਨ ਵਜੋਂ ਨਾਨਕ ਸਿੰਘ (ਆਈ.ਪੀ.ਐਸ.) ਦੀ ਨਿਯੁਕਤੀ ਕੀਤੀ ਗਈ ਹੈ। ਟੀਮ ਦੇ ਹੋਰ ਮੈਂਬਰਾਂ ਵਿਚ ਐਸ.ਐਸ.ਪੀ. ਖੰਨਾ ਦਰਪਨ ਆਹਲੂਵਾਲੀਆ (ਆਈਪੀਐਸ), ਐਸ.ਪੀ. ਡਿਟੈਕਟਿਵ ਪਟਿਆਲਾ ਗੁਰਬੰਸ ਸਿੰਘ ਬੈਂਸ (ਪੀਪੀਐਸ), ਐਸ.ਪੀ. ਸਪੈਸ਼ਲ ਬ੍ਰਾਂਚ ਮੁਹਾਲੀ ਸੁਖਨਾਜ਼ ਸਿੰਘ (ਪੀਪੀਐਸ), ਏ.ਸੀ.ਪੀ. ਅੰਮ੍ਰਿਤਸਰ ਹਰਮਿੰਦਰ ਸਿੰਘ (ਪੀਪੀਐਸ) ਅਤੇ ਐਸ.ਐਚ.ਓ. ਸੀ-ਡਿਵੀਜ਼ਨ ਸਬ-ਇੰਸਪੈਕਟਰ ਰਜਵੰਤ ਕੌਰ ਨੂੰ ਸ਼ਾਮਿਲ ਕੀਤਾ ਗਿਆ ਹੈ।

ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਲੋਂ ਐਸ.ਆਈ.ਟੀ. ਨੂੰ ਹਰ ਤਰ੍ਹਾਂ ਦਾ ਲੌਜਿਸਟਿਕ ਅਤੇ ਪ੍ਰਸ਼ਾਸਨਿਕ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ, ਤਾਂ ਜੋ ਜਾਂਚ ਨਿਰਪੱਖ, ਵਿਗਿਆਨਿਕ ਢੰਗ ਨਾਲ ਅਤੇ ਤੁਰੰਤ ਸਮੇਂ ਅੰਦਰ ਪੂਰੀ ਕੀਤੀ ਜਾ ਸਕੇ।

ਸੂਤਰਾਂ ਮੁਤਾਬਕ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਉੱਚ ਪੱਧਰੀ ਨਿਗਰਾਨੀ ਹੇਠ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿਚ ਲਿਆਂਦਾ ਜਾਵੇਗਾ।

ਪੱਤਰਕਾਰਾਂ ਵਲੋਂ ਸੰਪਰਕ ਕੀਤੇ ਜਾਣ ਤੇ ਡਾ. ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਹੁਣੇ ਹੁਣੇ ਸੌਂਪੀ ਗਈ ਹੈ। ਇਸ ਲਈ ਉਨ੍ਹਾਂ ਵਲੋਂ ਮੀਟਿੰਗ ਤੈਅ ਕੀਤੀ ਗਈ ਹੈ, ਜਿਸ ਦੌਰਾਨ ਹੁਣ ਤੱਕ ਦੀ ਜਾਂਚ ’ਤੇ ਗੌਰ ਕੀਤਾ ਜਾਵੇਗਾ ਅਤੇ ਪੁਖਤਾ ਸਬੂਤਾਂ ਦੇ ਅਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ