ਸਾਬਕਾ ਪ੍ਰਧਾਨ ਸਮੇਤ ਟਰੱਕ ਆਪ੍ਰੇਟਰਾਂ ਨੇ ਪੁਕਾਰ ਬੰਦ ਕਰਵਾ ਕੇ ਕੀਤੀ ਨਾਅਰੇਬਾਜ਼ੀ
ਭਵਾਨੀਗੜ੍ਹ, 2 ਮਾਰਚ, (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਟਰੱਕ ਯੂਨੀਅਨ ਵਿਖੇ ਅੱਜ ਉਸ ਸਮੇਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਟਰੱਕ ਆਪ੍ਰੇਟਰਾਂ ਨੇ ਯੂਨੀਅਨ ਦੀ ਪੁਕਾਰ ਦੇ ਸਮੇਂ ਪਹੁੰਚ ਕੇ ਮੌਜੂਦਾ ਪ੍ਰਧਾਨ ਵਲੋਂ ਉਸ ਦਾ ਕਾਰਜਕਾਰ ਖ਼ਤਮ ਹੋਣ ਉਪਰੰਤ ਹਿਸਾਬ ਨਾ ਦੇਣ ’ਤੇ ਪੁਕਾਰ ਬੰਦ ਕਰਵਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਨੇ ਕਿਹਾ ਕਿ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਦਾ ਇਕ ਸਾਲ ਦਾ ਕਾਰਜਕਾਲ 27 ਫਰਵਰੀ ਨੂੰ ਖ਼ਤਮ ਹੋ ਗਿਆ ਹੈ, ਪਰ ਉਨ੍ਹਾਂ ਵਲੋਂ ਨਾ ਤਾਂ ਯੂਨੀਅਨ ਦਾ ਹਿਸਾਬ ਅਤੇ ਨਾ ਹੀ ਚੋਣ ਸੰਬੰਧੀ ਕੋਈ ਤਰੀਕ ਰੱਖੀ ਜਾ ਰਹੀ ਹੈ। ਸ: ਬੀਟਾ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਵਲੋਂ ਟਰੱਕ ਆਪ੍ਰੇਟਰਾਂ ਨਾਲ ਆਪ ਹੁਦਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਹਰਜੀਤ ਸਿੰਘ ਬੀਟਾ ਤੋਂ ਇਲਾਵਾ ਗੁਰਮੀਤ ਸਿੰਘ, ਗੁਰਜੰਟ ਸਿੰਘ ਚਹਿਲ, ਸਰਬਜੀਤ ਸਿੰਘ ਤੂਰ, ਕਾਲਾ ਚਹਿਲ, ਟਿੰਕੂ ਘਰਾਚੋਂ ਤੋਂ ਇਲਾਵਾ ਹੋਰ ਟਰੱਕ ਆਪ੍ਰੇਟਰਾਂ ਨੇ ਪੁਕਾਰ ਬੰਦ ਕਰਵਾਉਂਦਿਆਂ ਕਿਹਾ ਕਿ ਜਿੰਨਾ ਸਮਾਂ ਮੌਜੂਦਾ ਪ੍ਰਧਾਨ ਹਿਸਾਬ ਕਿਤਾਬ ਦਾ ਸਮਾਂ ਨਹੀਂ ਦਿੰਦਾ, ਪੁਕਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਯੂਨੀਅਨ ਦੀ ਚੋਣ ਕਰਵਾਉਣ ਦੀ ਮੰਗ ਕੀਤੀ। ਇਸ ਸਮੇਂ ਟਰੱਕ ਆਪ੍ਰੇਟਰਾਂ ਵਿਚਕਾਰ ਬਹਿਸਬਾਜ਼ੀ ਵੀ ਹੋਈ, ਜਿਸ ਦੌਰਾਨ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੌਕਾ ਸੰਭਾਲਦਿਆਂ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਨੂੰ ਕਥਿਤ ਤੌਰ ’ਤੇ ਥਾਣੇ ਲਿਜਾਣ ਲਈ ਪੁਲਿਸ ਦੀ ਗੱਡੀ ਵਿਚ ਬਿਠਾਉਣਾ ਸ਼ੁਰੂ ਕੀਤਾ, ਜਿਸ ਦਾ ਟਰੱਕ ਆਪ੍ਰੇਟਰਾਂ ਵਲੋਂ ਵਿਰੋਧ ਕਰਨ ’ਤੇ ਪੁਲਿਸ ਅਧਿਕਾਰੀਆਂ ਨੇ ਹਰਜੀਤ ਸਿੰਘ ਬੀਟਾ ਅਤੇ ਟਰੱਕ ਆਪ੍ਰੇਟਰਾਂ ਨੂੰ ਸਮਝਾ ਕੇ ਪੁਕਾਰ ਕਰਵਾਉਂਦਿਆਂ ਮੌਕਾ ਸੰਭਾਲਿਆ। ਹਰਜੀਤ ਸਿੰਘ ਬੀਟਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਵਲੋਂ 3 ਮਾਰਚ ਨੂੰ ਸਾਬਕਾ ਪ੍ਰਧਾਨਾਂ ਦੀ ਬਣੀ ਕਮੇਟੀ ਦੀ ਮੀਟਿੰਗ ਬੁਲਾ ਕੇ ਹਿਸਾਬ ਕਿਤਾਬ ਦੇਣ ਦਾ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਹੈ। ਜੇਕਰ ਉਨ੍ਹਾਂ ਫ਼ਿਰ ਵੀ ਹਿਸਾਬ ਕਿਤਾਬ ਦੀ ਤਰੀਕ ਮੁਕੱਰਰ ਨਾ ਕੀਤੀ ਤਾਂ ਉਹ ਦੁਬਾਰਾ ਪੁਕਾਰ ਬੰਦ ਕਰਵਾ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਹਿਸਾਬ-ਕਿਤਾਬ ਦੇਣ ਦੀ ਕੋਈ ਪੱਕੀ ਤਰੀਕ ਨਹੀਂ ਰੱਖੀ ਹੋਈ, ਪਰ ਫ਼ਿਰ ਵੀ ਸਾਬਕਾ ਪ੍ਰਧਾਨਾਂ ਦੀ ਕਮੇਟੀ ਅਤੇ ਸਾਡੀ ਬਣੀ ਕਮੇਟੀ ਦੀ ਮੀਟਿੰਗ ਬੁਲਾ ਕੇ ਹਿਸਾਬ ਦੇ ਕੇ ਚੋਣ ਸੰਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ।
;
;
;
;
;
;
;