ਪੁਲਿਸ ਨੇ 40 ਤੋਲੇ ਸੋਨਾ ਸਮੇਤ ਹੋਰ ਸਮਾਨ ਦੀ ਚੋਰੀ ਮਾਮਲੇ ਵਿਚ ਤਿੰਨ ਨੌਜਵਾਨਾਂ ਸਮੇਤ ਇਕ ਲੜਕੀ ਨੂੰ ਕੀਤਾ ਗ੍ਰਿਫ਼ਤਾਰ
ਐਸ. ਏ. ਐਸ. ਨਗਰ, 20 ਮਾਰਚ (ਕਪਿਲ ਵਧਵਾ) - ਮੁਹਾਲੀ ਪੁਲਿਸ ਨੇ ਵਿਆਹ ਵਾਲੇ ਘਰ ਵਿਚ ਹੋਈ 40 ਤੋਲੇ ਸੋਨਾ ਸਮੇਤ ਹੋਰ ਸਮਾਨ ਦੀ ਚੋਰੀ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਸਮੇਤ ਇਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸੈਕਟਰ 77 ਵਿਖੇ ਸ਼ਿਕਾਇਤਕਰਤਾ ਪਰਸ਼ੋਤਮ ਵਸ਼ਿਸ਼ਟ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਆਪਣੀ ਭਾਣਜੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਆਪਣੀ ਭੈਣ ਦੇ ਘਰ ਆਇਆ ਸੀ। 14 ਫਰਵਰੀ ਦੀ ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ ਤਾਂ ਘਰ ਵਿਚ ਘੁਸਪੈਠ ਕਰਦਿਆਂ ਅਣ-ਪਛਾਤੇ ਵਿਅਕਤੀਆਂ ਵਲੋਂ ਕਰੀਬ 40 ਤੋਲੇ ਸੋਨੇ ਦੇ ਗਹਿਣੇ ਸਮੇਤ ਹੋਰ ਵੀ ਸ਼ਗਨਾਂ ਦਾ ਸਮਾਨ ਚੋਰੀ ਕਰ ਲਿਆ ਗਿਆ, ਜਿਸ ਤੋਂ ਬਾਅਦ ਥਾਣਾ ਸੁਹਾਣਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ 15 ਫਰਵਰੀ ਨੂੰ ਇਹ ਮਾਮਲਾ ਦਰਜ ਕਰ ਲਿਆ ਗਿਆ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਮੁਹਾਲੀ ਦੇ ਨਿਰਦੇਸ਼ਾਂ ’ਤੇ ਸੀ.ਆਈ.ਏ. ਸਟਾਫ ਖਰੜ ਅਤੇ ਸੰਬੰਧਿਤ ਥਾਣਾ ਦੀ ਪੁਲਿਸ ਨੇ ਸੰਯੁਕਤ ਅਭਿਆਨ ਦੌਰਾਨ ਘਰ ਵਿਚ ਹੀ ਕੰਮ ਕਰਨ ਵਾਲੇ ਧਮੀਜਾ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕੀ ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ 30 ਬੋਰ ਦਾ ਪਿਸਤੌਲ, ਦੋ ਜ਼ਿੰਦਾ ਕਾਰਤੂਸ ਤੇ ਕਰੀਬ 30 ਤੋਲੇ ਸੋਨੇ ਦੇ ਗਹਿਣੇ ,ਡੇਢ ਲੱਖ ਰੁਪਏ ਦੀ ਨਗਦੀ, ਵਾਰਦਾਤ ਵਿਚ ਵਰਤੀ ਗਈ ਸਵਿਫਟ ਡਿਜ਼ਾਇਰ ਗੱਡੀ ਨੂੰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਾਕੀ ਤਿੰਨ ਮੁਲਜ਼ਮਾਂ ਦੀ ਪਛਾਣ ਨੇਹਾ ਦੇ ਪਤੀ ਬਲਕਾਰ ਸਿੰਘ ਉਰਫ ਬੌਬੀ, ਜਸਕਰਨ ਸਿੰਘ ਅਤੇ ਪ੍ਰਿਤਪਾਲ ਸਿੰਘ ਵਾਸੀਆਨ ਬਾਘਾਪੁਰਾਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ ਅਤੇ ਜਾਂਚ ਜਾਰੀ ਹੈ।
;
;
;
;
;
;
;