ਅੱਜ ਰਾਤ ਇੰਗਲੈਂਡ ਦਾ ਸਮਾਂ ਬਦਲੇਗਾ, ਘੜੀਆਂ ਇਕ ਘੰਟਾ ਹੋਣਗੀਆਂ ਅੱਗੇ
ਇੰਗਲੈਂਡ, 28 ਮਾਰਚ (ਸੁਖਜਿੰਦਰ ਸਿੰਘ ਢੱਡੇ)--ਇੰਗਲੈਂਡ ਸਮੇਤ ਪੂਰੇ ਬ੍ਰਿਟੇਨ ਵਿਚ ਅੱਜ ਰਾਤ ਸਮੇਂ ਵਿਚ ਤਬਦੀਲੀ ਹੋਣ ਜਾ ਰਹੀ ਹੈ। ਡੇਲਾਈਟ ਸੇਵਿੰਗ ਟਾਈਮ ਤਹਿਤ ਘੜੀਆਂ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ। ਇਹ ਤਬਦੀਲੀ 29 ਮਾਰਚ ਦੀ ਸਵੇਰ ਤੜਕੇ 1 ਵਜੇ ਹੋਵੇਗੀ, ਜਦੋਂ ਘੜੀਆਂ ਸਿੱਧਾ 2 ਵਜੇ ‘ਤੇ ਕਰ ਦਿੱਤੀਆਂ ਜਾਣਗੀਆਂ। ਇਸ ਨਾਲ ਬ੍ਰਿਟੇਨ ਦਾ ਸਮਾਂ ਗ੍ਰੀਨਵਿਚ ਮੀਨ ਟਾਈਮ (ਜੀਐਮਟੀ) ਤੋਂ ਬਦਲ ਕੇ ਬ੍ਰਿਟਿਸ਼ ਸਮਰ ਟਾਈਮ (ਬੀਐਸਟੀ) ਹੋ ਜਾਵੇਗਾ। ਸਮੇਂ ਦੀ ਇਸ ਤਬਦੀਲੀ ਦਾ ਮਕਸਦ ਦਿਨ ਦੀ ਰੌਸ਼ਨੀ ਦਾ ਵਧੇਰੇ ਲਾਭ ਲੈਣਾ ਹੁੰਦਾ ਹੈ। ਇਸ ਨਾਲ ਗਰਮੀਆਂ ਦੇ ਮਹੀਨਿਆਂ ਵਿਚ ਸ਼ਾਮ ਨੂੰ ਹੋਰ ਲੰਮਾ ਚਾਨਣ ਮਿਲਦਾ ਹੈ ਅਤੇ ਬਿਜਲੀ ਦੀ ਖਪਤ ਘਟਾਉਣ ਵਿਚ ਵੀ ਮਦਦ ਮਿਲਦੀ ਹੈ।
ਹਾਲਾਂਕਿ ਇਸ ਤਬਦੀਲੀ ਕਾਰਨ ਲੋਕਾਂ ਨੂੰ ਇਕ ਘੰਟਾ ਘੱਟ ਨੀਂਦ ਮਿਲੇਗੀ, ਪਰ ਸ਼ਾਮ ਦੇ ਸਮੇਂ ਲੰਮਾ ਚਾਨਣ ਹੋਣ ਨਾਲ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਵਧੇਰੇ ਸਮਾਂ ਮਿਲੇਗਾ। ਬਹੁਤ ਸਾਰੇ ਮੋਬਾਈਲ ਫੋਨ, ਕੰਪਿਊਟਰ ਅਤੇ ਡਿਜ਼ੀਟਲ ਘੜੀਆਂ ਆਪਣੇ ਆਪ ਹੀ ਸਮਾਂ ਬਦਲ ਲੈਂਦੀਆਂ ਹਨ, ਪਰ ਹੱਥ ਵਾਲੀਆਂ ਜਾਂ ਘਰ ਦੀਆਂ ਕੁਝ ਘੜੀਆਂ ਨੂੰ ਹੱਥੋਂ ਅੱਗੇ ਕਰਨਾ ਪਵੇਗਾ। ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅੱਜ ਰਾਤ ਸੌਣ ਤੋਂ ਪਹਿਲਾਂ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਕਰ ਲੈਣ ਤਾਂ ਜੋ ਸਵੇਰੇ ਸਮੇਂ ਦੀ ਗੜਬੜ ਤੋਂ ਬਚਿਆ ਜਾ ਸਕੇ। ਡੇਲਾਈਟ ਸੇਵਿੰਗ ਟਾਈਮ ਦੀ ਇਹ ਪ੍ਰਥਾ ਕਈ ਯੂਰਪੀ ਦੇਸ਼ਾਂ ਸਮੇਤ ਬ੍ਰਿਟੇਨ ਵਿਚ ਵੀ ਹਰ ਸਾਲ ਮਾਰਚ ਦੇ ਅਖੀਰ ਵਿਚ ਲਾਗੂ ਹੁੰਦੀ ਹੈ ਅਤੇ ਅਕਤੂਬਰ ਦੇ ਅੰਤ ਵਿਚ ਮੁੜ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਂਦੀਆਂ ਹਨ।
;
;
;
;
;
;
;
;