ਸਿਰ ’ਤੇ ਕੁਹਾੜੀ ਮਾਰ ਕੇ ਬਲਾਕ ਕਾਂਗਰਸ ਪ੍ਰਧਾਨ ਦਾ ਕਤਲ
ਮਾਛੀਵਾੜਾ ਸਾਹਿਬ, 29 ਮਾਰਚ (ਰਾਜਦੀਪ ਸਿੰਘ ਅਲਬੇਲਾ) - ਅੱਜ ਮਾਛੀਵਾੜਾ ਨੇੜਲੇ ਪਿੰਡ ਹਾੜੀਆਂ ਵਿਚ ਉਸ ਸਮੇਂ ਚੀਕ-ਚਿਹਾੜਾ ਪੈ ਗਿਆ, ਜਦੋਂ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਹਮਲਾਵਾਰਾਂ ਵਲੋਂ ਸਿਰ ’ਚ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 6.30 ਵਜੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਤੱਖਰਾਂ ਤੋਂ ਹਾੜੀਆਂ ਰੋਡ ’ਤੇ ਜੋ ਕਿਰਾਏ ਲਈ ਕੁਆਰਟਰ ਬਣੇ ਹੋਏ ਹਨ, ਉਸ ਦੇ ਬਾਹਰ ਕੁਰਸੀ ’ਤੇ ਬੈਠੇ ਸਨ। ਅਚਾਨਕ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ, ਜਿਨ੍ਹਾਂ ’ਚੋਂ ਇਕ ਨੇ ਆਪਣੇ ਹੱਥ ਵਿਚ ਫੜੀ ਕੁਹਾੜੀ ਨਾਲ ਕਾਂਗਰਸ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਸਿਰ ’ਤੇ ਕਈ ਵਾਰ ਕਰ ਦਿੱਤੇ। ਇਸ ਕਾਤਲਾਨਾ ਹਮਲੇ ਵਿਚ ਪਰਮਿੰਦਰ ਤਿਵਾੜੀ ਖੂਨ ਨਾਲ ਲੱਥਪਥ ਹੋ ਕੇ ਉੱਥੇ ਫਰਸ਼ ’ਤੇ ਹੀ ਡਿਗ ਗਏ, ਜਿਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।
ਹਮਲਾਵਾਰ ਨੇ ਬੜੀ ਬੇਰਹਿਮੀ ਨਾਲ ਕੁਹਾੜੀ ਨਾਲ ਵਾਰ ਕੀਤੇ ਅਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਬੈਠ ਕੇ ਮਾਲਵਾ ਚੌਕ ਵੱਲ ਫ਼ਰਾਰ ਹੋ ਗਏ। ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਉੱਪਰ ਹਮਲਾ ਕਰਨ ਤੋਂ ਬਾਅਦ ਇਹ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਵਾਰਦਾਤ ’ਚ ਵਰਤੀ ਗਈ ਕੁਹਾੜੀ ਨੂੰ ਜਾਂਦੇ ਸਮੇਂ ਮਾਲਵਾ ਚੌਕ ਵਿਚ ਸੁੱਟ ਗਏ। ਖੂਨ ਨਾਲ ਲੱਥਪਥ ਪ੍ਰਧਾਨ ਪਰਮਿੰਦਰ ਤਿਵਾੜੀ ਨੂੰ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਲੁਧਿਆਣਾ ਫੋਰਟਿਸ ਹਸਪਤਾਲ ਵਿਚ ਪਹੁੰਚ ਕੇ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਜੋ ਘਟਨਾ ਵਾਪਰੀ ਹੈ, ਉਹ ਇਲਾਕਾ ਮਾਛੀਵਾੜਾ ਨਾਲ ਲੱਗਦੇ ਥਾਣਾ ਕੂੰਮਕਲਾਂ ਅਧੀਨ ਪੈਂਦੀ ਹੈ, ਉੱਥੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪੁਲਸ ਸਹਾਇਤਾ ਲਈ 100 ਨੰਬਰ ’ਤੇ ਫੋਨ ਕੀਤਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਇਸ ਘਟਨਾ ਕਾਰਨ ਪਿੰਡ ਹਾੜੀਆਂ ਅਤੇ ਆਸਪਾਸ ਪਿੰਡਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
;
;
;
;
;
;
;