ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਖਿਆ ਵਿਭਾਗ ਦਾ ਰਿਪੋਰਟ ਕਾਰਡ ਪੇਸ਼
ਚੰਡੀਗੜ੍ਹ,30 ਮਾਰਚ - ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਇਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਉਨ੍ਹਾਂ ਨਾਲ ਮੌਜੂਦ ਸਨ। ਮੁੱਖ ਮੰਤਰੀ ਵਲੋਂ ਸਿੱਖਿਆ ਵਿਭਾਗ ਦਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਦਾ ਪੱਧਰ ਹਰ ਥਾਂ ’ਤੇ ਇਕੋ ਜਿਹਾ ਹੋਣਾ ਚਾਹੀਦਾ ਹੈ ਤੇ ਸਿੱਖਿਆ ਨੂੰ ਪਹਿਲ ਦੇਣ ਵਾਲੇ ਦੇਸ਼ ਹਮੇਸ਼ਾ ਅੱਗੇ ਵਧਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਸਾਡੀ ਸਰਕਾਰ ਨੇ ਪੰਜਾਬ ਦੇ ਸਕੂਲਾਂ ’ਚ ਦਿੱਲੀ ਮਾਡਲ ਲਾਗੂ ਕੀਤਾ ਕਿਉਂਕਿ ਦਿੱਲੀ ’ਚ ‘ਆਪ’ ਨੇ ਸਭ ਤੋਂ ਪਹਿਲਾਂ ਸਿੱਖਿਆ ਦਾ ਪੱਧਰ ਹੀ ਉੱਚਾ ਚੁੱਕਿਆ ਸੀ।
ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਲਈ 19 ਹਜ਼ਾਰ 273 ਕਰੋੜ ਰੁਪਏ ਦਾ ਬਜਟ ਰੱਖਿਆ ਜੋ ਕਿ ਪਿਛਲੀ ਵਾਰ ਨਾਲੋਂ 7 ਫ਼ੀਸਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਸਿੱਖਿਆ ਹੈ ਪਰ ਸਾਡੇ ਦੇਸ਼ ਵਿਚ ਦੋ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਇੰਡੀਆ ਤੇ ਭਾਰਤ। ਇੰਡੀਆ ਦੀ ਸਿੱਖਿਆ ਅਮੀਰ ਵਰਗ ਲਈ ਹੈ ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਦੇ ਖ਼ੇਤਰ ਵਿਚ ਕੇਰਲ ਨੂੰ ਪਛਾੜ ਕੇ ਪਹਿਲਾ ਨੰਬਰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਕੂਲ ਆਨ ਵੀਲ੍ਹ ਕੀਤੇ ਤੇ ਸਰਕਾਰੀ ਸਕੂਲਾਂ ’ਚ ਬੱਸਾਂ ਦੀ ਸ਼ੁਰੂਆਤ ਕੀਤੀ ਤੇ ਪਹਿਲੀ ਵਾਰ ਸਰਕਾਰੀ ਸਕੂਲਾਂ ਲਈ ਪੀਲੇ ਰੰਗ ਦੀਆਂ ਬੱਸਾਂ ਚਲਾਈਆਂ, ਜਿਸ ਨਾਲ 15000 ਤੋਂ ਵੱਧ ਬੱਚਿਆਂ ਨੂੰ ਸਕੂਲ ਆਉਣ ਜਾਣ ਦੀ ਸੁਵਿਧਾ ਮਿਲੀ। ਉਨ੍ਹਾਂ ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਅਕਾਲੀ ਪੀਲੇ ਰੰਗ ਤੋਂ ਇਤਰਾਜ਼ ਨਾ ਕਰਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ’ਚ ਪਹਿਲੀ ਵਾਰ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤੇ ਸਕੂਲਾਂ ਲਈ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ। ਇਸ ਦੇ ਨਾਲ ਹੀ 1323 ਸੁਰੱਖਿਆ ਗਾਰਡ ਵੀ ਸਕੂਲਾਂ ’ਚ ਤਾਇਨਾਤ ਕੀਤੇ ਗਏ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਰਫ਼ ਤਿੰਨ ਸੂਬਿਆਂ ਦੇ ਸਕੂਲਾਂ ’ਚ ਇੰਟਰਨੈਟ ਦੀ ਸੁਵਿਧਾ ਮੌਜੂਦ ਹੈ ਤੇ ਪੰਜਾਬ ਉਨ੍ਹਾਂ ਸੂਬਿਆਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਹਾਈ ਸਪੀਟ ਇੰਟਰਨੈਟ ਮੁਹੱਈਆ ਕਰਵਾਉਣ ਲਈ 20 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਗੁਜਰਾਤ , ਯੂ.ਪੀ. ਤੇ ਐਮ.ਪੀ. ’ਚ ਪੇਪਰ ਲੀਕ ਹੁੰਦੇ ਹਨ, ਜਿੰਨ੍ਹਾਂ ’ਚੋਂ ਸਭ ਤੋਂ ਪਹਿਲਾ ਨੰਬਰ ਗੁਜਰਾਤ ਦਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਦਾ ਨਾਅਰਾ ਦਿੰਦੇ ਹਨ ਕਿ ‘ਪੇਪਰ ਫੂਟਾ, ਸਪਨਾ ਟੂਟਾ’ ਪਰ ਪੰਜਾਬ ’ਚ ਪਿਛਲੇ ਚਾਰ ਸਾਲਾਂ ਦੌਰਾਨ ਕੋਈ ਪੇਪਰ ਲੀਕ ਨਹੀਂ ਹੋਇਆ ਮਹਿਜ਼ ਇਕ ਦੋ ਸ਼ਿਕਾਇਤਾਂ ਜ਼ਰੂਰ ਆਈਆਂ ਹਨ।
;
;
;
;
;
;
;