JALANDHAR WEATHER

ਸਿੱਖਿਆ ਵਿਭਾਗ ਦੀ ਵੱਡੀ ਅਣਗਹਿਲੀ, ਪੰਜਵੀਂ ਜਮਾਤ ਦੇ ਨੰਬਰ ਕਾਰਡ ਤੋਂ ਜਨਮ ਮਿਤੀ ਦਾ ਕਾਲਮ ਗ਼ਾਇਬ

ਗੁਰੂਸਰ ਸੁਧਾਰ (ਜਗਰਾਉਂ), 2 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਪੰਜਵੀਂ ਜਮਾਤ ਦੇ ਬੋਰਡ ਦੇ ਨਤੀਜੇ ਲਈ ਸਕੂਲ ਸਿੱਖਿਆ ਵਿਭਾਗ ਦੁਆਰਾ ਭੇਜੇ ਗਏ ਖ਼ਾਲੀ ਸਰਟੀਫਿਕੇਟਾਂ, ਜਿਨ੍ਹਾਂ ਨੂੰ ਕਿ ਆਉਣ ਵਾਲੇ ਨਤੀਜਿਆਂ ਮੁਤਾਬਿਕ ਭਰਿਆ ਜਾਣਾ ਹੈ, ਵਿਚ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਕਿ ਇਨ੍ਹਾਂ ਸਰਟੀਫਿਕੇਟਾਂ ਦੇ ਵਿਚ ਬੱਚੇ ਦੀ ਜਨਮ ਮਿਤੀ ਦਰਜ ਕਰਨ ਦਾ ਕਾਲਮ ਹੀ ਗ਼ਾਇਬ ਹੈ। ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ, ਸਕੂਲ ਸਿੱਖਿਆ ਵਿਭਾਗ, ਪੰਜਵੀਂ ਪ੍ਰੀਖਿਆ - 2026 ਪ੍ਰਮਾਣ ਪੱਤਰ ਵਲੋਂ ਜਾਰੀ ਇਨ੍ਹਾਂ ਸਰਟੀਫਿਕੇਟਾਂ ਦੇ ਹੇਠਾਂ ਸੱਜੇ ਹੱਥ ਡਾਇਰੈਕਟਰ ਐਨ. ਸੀ. ਈ. ਆਰ. ਟੀ. ਪੰਜਾਬ ਦੇ ਦਸਤਖ਼ਤ ਹਨ, ਜਦਕਿ ਖੱਬੇ ਪਾਸੇ ਸੰਬੰਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਲੋਂ ਦਸਤਖ਼ਤ ਕੀਤੇ ਜਾਣੇ ਹਨ। ਇਨ੍ਹਾਂ ਸਰਟੀਫਿਕੇਟਾਂ ਉੱਤੇ ਪ੍ਰੀਖਿਆਰਥੀ ਬੱਚੇ ਦੀ ਹਰ ਤਰ੍ਹਾਂ ਦੀ ਡਿਟੇਲ ਭਰੀ ਜਾਣੀ ਹੈ ਤੇ ਗਰੇਡ, ਅੰਕ ਪ੍ਰਤੀਸ਼ਤ ਆਦਿ ਭਰੇ ਜਾਣ ਤੋਂ ਇਲਾਵਾ ਜਨਮ ਮਿਤੀ ਦਾ ਕਿਤੇ ਵੀ ਦਰਜ ਨਾ ਹੋ ਸਕਣਾ ਵਿਭਾਗ ਦੀ ਵੱਡੀ ਕੁਤਾਹੀ ਮੰਨਿਆ ਜਾਵੇਗਾ, ਕਿਉਂਕਿ ਸਕੂਲੀ ਸਰਟੀਫਿਕੇਟਾਂ ਵਿਚ ਦਰਜ ਬੱਚੇ ਦੀ ਜਨਮ ਮਿਤੀ ਜ਼ਿੰਦਗੀ ਦੇ ਹਰ ਪਲ ਕੰਮ ਆਉਂਦੀ ਹੈ।

ਇਸ ਮੁੱਦੇ 'ਤੇ ਪ੍ਰਗਟਾਵਾ ਕਰਦਿਆਂ ਬੀ.ਐਡ ਫਰੰਟ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਵੀਂ ਜਮਾਤ ਦਾ ਨੰਬਰ ਕਾਰਡ ਬੱਚਿਆਂ ਦੀ ਜਨਮ ਮਿਤੀ ਦੇ ਸਬੂਤ ਦੇ ਤੌਰ ਉਤੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲਾ ਲੈਣ ਲਈ ਪੇਸ਼ ਕੀਤਾ ਜਾਂਦਾ ਹੈ। ਪਰ ਵਿਭਾਗ ਨੇ ਅਣਗੌਲਿਆਂ ਕਰਦਿਆਂ ਇਸ ਵਾਰ ਬਹੁਤ ਵੱਡੀ ਭੁੱਲ ਕੀਤੀ ਹੈ। ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਇਸ ਅਣਗਹਿਲੀ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਜਿਥੇ ਬੱਚਿਆਂ ਦੇ ਨੰਬਰ ਕਾਰਡ ਨਵੇਂ ਸਿਰੇ ਤੋਂ ਜਾਰੀ ਕੀਤੇ ਜਾਣ ਉਥੇ ਭਵਿੱਖ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੁਸ਼ਕਿਲ ’ਤੇ ਕੁਤਾਹੀ ਨੂੰ ਧਿਆਨ ’ਚ ਲਿਆਉਣ ਲਈ ਅਧਿਆਪਕਾਂ ਦੁਆਰਾ ਬੀ.ਪੀ.ਈ.ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਨਾਲ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਅਮਨਦੀਪ ਸਿੰਘ, ਅਪਰ ਅਪਾਰ ਸਿੰਘ, ਇੰਦਰਜੀਤ ਸਿੰਘ ਮੁੱਲਾਪੁਰ, ਇੰਦਰਜੀਤ ਸਿੰਘ ਸਰਾਭਾ, ਅਵਤਾਰ ਸਿੰਘ, ਨਰਿੰਦਰ ਸਿੰਘ, ਬਾਬੂ ਲਾਲ, ਸਤਨਾਮ ਸਿੰਘ ਅਤੇ ਸੰਦੀਪ ਸਿੰਘ ਆਦਿ ਅਧਿਆਪਕ ਹਾਜ਼ਰ ਸਨ। ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਬੀ. ਪੀ. ਈ. ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਨਾਲ ਦੋ ਵਾਰ ਸੰਪਰਕ ਕੀਤਾ ਗਿਆ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ