ਈਰਾਨ ਤੇ ਅਮਰੀਕਾ ਵਿਚਾਲੇ ਹੋਈ ਜੰਗਬੰਦੀ
ਵਾਸ਼ਿੰਗਟਨ, 8 ਅਪ੍ਰੈਲ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਐਲਾਨ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਈਰਾਨ 'ਤੇ ਸੰਭਾਵੀ ਹਮਲਿਆਂ ਅਤੇ ਬੰਬਾਰੀ ਨੂੰ ਦੋ ਹਫ਼ਤਿਆਂ ਲਈ ਰੋਕ ਦਿੱਤਾ ਗਿਆ ਹੈ। ਟਰੰਪ ਨੇ ਕਿਹਾ ਕਿ ਇਹ "ਦੋ-ਪੱਖੀ ਜੰਗਬੰਦੀ" ਹੋਵੇਗੀ, ਜਿਸ ਦਾ ਅਰਥ ਹੈ ਕਿ ਨਾ ਤਾਂ ਅਮਰੀਕਾ ਅਤੇ ਨਾ ਹੀ ਈਰਾਨ ਇਸ ਸਮੇਂ ਦੌਰਾਨ ਕੋਈ ਹਮਲਾਵਰ ਕਾਰਵਾਈ ਕਰਨਗੇ। ਹਾਲਾਂਕਿ ਇਸ ਸਮਝੌਤੇ 'ਤੇ ਇਕ ਮਹੱਤਵਪੂਰਨ ਸ਼ਰਤ ਰੱਖੀ ਗਈ ਹੈ ਕਿ ਈਰਾਨ ਨੂੰ ਤੁਰੰਤ, ਪੂਰੀ ਤਰ੍ਹਾਂ ਅਤੇ ਸੁਰੱਖਿਅਤ ਢੰਗ ਨਾਲ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣਾ ਹੋਵੇਗਾ।
ਦੱਸ ਦੇਈਏ ਕਿ ਅਮਰੀਕਾ ਅਤੇ ਈਰਾਨ ਵਿਚਕਾਰ 40 ਦਿਨਾਂ ਦੀ ਜੰਗ ਤੋਂ ਬਾਅਦ ਦੋ ਹਫ਼ਤਿਆਂ ਦੀ ਜੰਗਬੰਦੀ 'ਤੇ ਆਖਰਕਾਰ ਸਹਿਮਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਦੀਆਂ ਅਪੀਲਾਂ ਤੋਂ ਬਾਅਦ ਕੀਤਾ ਗਿਆ ਹੈ।
ਇਹ ਜੰਗਬੰਦੀ ਲੇਬਨਾਨ ਸਮੇਤ ਹੋਰ ਖੇਤਰਾਂ 'ਤੇ ਵੀ ਲਾਗੂ ਹੋਵੇਗੀ। ਇਸ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਕਾਰ ਰਸਮੀ ਗੱਲਬਾਤ 10 ਅਪ੍ਰੈਲ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸ਼ੁਰੂ ਹੋਵੇਗੀ।
ਜੰਗਬੰਦੀ ਤੋਂ ਪਹਿਲਾਂ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਸੀ ਕਿ ਜੇਕਰ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਵਿਚੋਂ ਸੁਰੱਖਿਅਤ ਰਸਤਾ ਨਹੀਂ ਦਿੱਤਾ ਗਿਆ, ਤਾਂ ਉਹ ਇਸ ਦੀ ਪੂਰੀ ਸੱਭਿਅਤਾ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਨੇ ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਹਮਲਾ ਕਰਨ ਦੀ ਧਮਕੀ ਵੀ ਦਿੱਤੀ।
ਸਮਝੌਤੇ ਦੇ ਤਹਿਤ ਅਮਰੀਕਾ ਅਤੇ ਇਜ਼ਰਾਈਲ ਆਪਣੇ ਹਮਲੇ ਰੋਕ ਦੇਣਗੇ। ਈਰਾਨ ਵੀ ਆਪਣੇ ਹਮਲੇ ਬੰਦ ਕਰ ਦੇਵੇਗਾ। ਇਸ ਸਮੇਂ ਦੌਰਾਨ ਈਰਾਨੀ ਫ਼ੌਜ ਦੀ ਮਦਦ ਨਾਲ ਹੋਰਮੁਜ਼ ਜਲਡਮਰੂ ਰਾਹੀਂ ਤੇਲ, ਗੈਸ ਅਤੇ ਹੋਰ ਜਹਾਜ਼ਾਂ ਦਾ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਵੇਗਾ।
;
;
;
;
;
;
;
;