ਕੇਂਦਰੀ ਟੀਮ ਨੇ ਕਪੂਰਥਲਾ ਤੇ ਭੁਲੱਥ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਸੈਂਪਲ ਭਰੇ
ਕਪੂਰਥਲਾ, 13 ਅਪ੍ਰੈਲ (ਅਮਰਜੀਤ ਕੋਮਲ)-ਕੇਂਦਰੀ ਟੀਮ ਨੇ ਅੱਜ ਜ਼ਿਲ੍ਹੇ ਦੀ ਦਾਣਾ ਮੰਡੀ ਕਪੂਰਥਲਾ ਤੇ ਭੁਲੱਥ ਵਿਚ ਐਫ.ਸੀ.ਆਈ. ਦੇ ਅਧਿਕਾਰੀ ਆਰ.ਕੇ. ਸਿੰਘ ਦੀ ਅਗਵਾਈ ਵਿਚ ਬੇਮੌਸਮੀ ਬਾਰਿਸ਼ ਕਾਰਨ ਮੰਡੀ ਵਿਚ ਆਈਆਂ ਕਣਕ ਦੀਆਂ ਢੇਰੀਆਂ ਦਾ ਜਾਇਜ਼ਾ ਲਿਆ ਤੇ ਟੀਮ ਦੇ ਮੈਂਬਰਾਂ ਵਲੋਂ ਦੋਵਾਂ ਮੰਡੀਆਂ ਵਿਚੋਂ ਕਣਕ ਦੇ ਸੈਂਪਲ ਭਰੇ | ਦੱਸਿਆ ਜਾਂਦਾ ਹੈ ਕਿ ਇਹ ਟੀਮ ਕਣਕ ਦੇ ਭਰੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਰਿਪੋਰਟ ਕੇਂਦਰ ਸਰਕਾਰ ਨੂੰ ਦੇਵੇਗੀ ਤੇ ਬਾਅਦ ਵਿਚ ਸਰਕਾਰ ਵਲੋਂ ਕਣਕ ਦੀ ਖ਼ਰੀਦ ਵਿਚ ਛੋਟ ਦਿੱਤੇ ਜਾਣ ਸੰਬੰਧੀ ਫ਼ੈਸਲਾ ਲੈਣ ਤੋਂ ਬਾਅਦ ਮੰਡੀਆਂ ਵਿਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਆਸਾਰ ਹਨ | ਮੰਡੀਆਂ ਦਾ ਦੌਰਾ ਕਰਨ ਆਈ ਟੀਮ ਨਾਲ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਹਰਸ਼ਰਨ ਸਿੰਘ ਤੋਂ ਇਲਾਵਾ ਐਫ.ਸੀ.ਆਈ. ਦੇ ਅਧਿਕਾਰੀ ਵੀ ਸਨ | ਇੱਥੇ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਕਣਕ ਦਾ ਦਾਣਾ ਬਦਰੰਗ ਹੋਇਆ ਹੈ, ਜਿਸ ਕਾਰਨ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚੋਂ ਕਣਕ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ | ਭਾਵੇਂ ਹੁਣ ਮੰਡੀਆਂ ਵਿਚ ਘੱਟ ਨਮੀ ਵਾਲੀ ਕਣਕ ਆ ਰਹੀ ਹੈ, ਪਰੰਤੂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਬਦਰੰਗ ਦਾਣੇ ਸੰਬੰਧੀ ਛੋਟ ਦਾ ਐਲਾਨ ਨਹੀਂ ਕਰਦੀ ਉਨੀ ਦੇਰ ਤੱਕ ਉਹ ਕਣਕ ਦੀ ਖ਼ਰੀਦ ਨਹੀਂ ਕਰਨਗੇ |
;
;
;
;
;
;
;