ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਵਾਰਿਸਾਂ ਨੇ ਘੇਰਿਆ ਹਸਪਤਾਲ
ਰਾਮ ਤੀਰਥ (ਅੰਮ੍ਰਿਤਸਰ), 14 ਅਪ੍ਰੈਲ (ਧਰਵਿੰਦਰ ਸਿੰਘ ਔਲਖ) - ਸੜਕ ਹਾਦਸੇ ਵਿੱਚ ਜਖ਼ਮੀ ਹੋਏ ਪਿੰਡ ਬਲੱਗਣ ਦੇ ਨੌਜਵਾਨ ਅਵਤਾਰ ਸਿੰਘ (34) ਪੁੱਤਰ ਨਿਰੰਜਨ ਸਿੰਘ ਦੀ ਨੇੜੇ ਕੋਹਾਲੀ, ਚੋਗਾਵਾਂ-ਰਾਮ ਤੀਰਥ ਰੋਡ ਵਿਖੇ ਨਿੱਜੀ ਹਸਪਤਾਲ ਵਿਚ ਮੌਤ ਹੋਣ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹਸਪਤਾਲ ਨੂੰ ਘੇਰਾ ਪਾ ਲਿਆ ਅਤੇ ਦੋਸ਼ ਲਾਏ ਕਿ ਨੌਜਵਾਨ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ, ਕਿਉਕਿ ਡਾਕਟਰਾਂ ਵਲੋਂ ਉਸ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਮ੍ਰਿਤਕ ਦੋ ਛੋਟੇ ਛੋਟੇ ਬੱਚਿਆਂ ਦਾ ਬਾਪ ਸੀ।
ਮ੍ਰਿਤਕ ਨੌਜਵਾਨ ਅਵਤਾਰ ਸਿੰਘ ਦੇ ਮਾਮਾ ਤਰਲੋਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਸੀ, 1 ਅਪ੍ਰੈਲ ਨੂੰ ਆਪਣੀ ਪਤਨੀ ਨਾਲ ਬੱਚਿਆਂ ਨੂੰ ਸਕੂਲ ਦਾਖ਼ਲ ਕਰਵਾਉਣ ਲਈ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਦੀ ਪਿੰਡ ਕੋਟਲਾ ਡੂਮ ਦੇ ਭੱਠੇ ਕੋਲ ਇਕ ਆਟੋ ਨਾਲ ਟੱਕਰ ਹੋ ਗਈ, ਜਿਸ ਵਿਚ ਪਤੀ ਪਤਨੀ ਜ਼ਖਮੀ ਹੋ ਗਏ। ਪਤੀ ਪਤਨੀ ਨੂੰ ਤੁਰੰਤ ਨਿੱਜੀਹਸਪਤਾਲ ਵਿਚ ਲਿਜਾਇਆ ਗਿਆ। ਪਤਨੀ ਨੂੰ ਮਾਮੂਲੀ ਸੱਟਾਂ ਸਨ, ਜਦੋਂਕਿ ਅਵਤਾਰ ਸਿੰਘ ਦੇ ਸਿਰ ਅਤੇ ਲੱਤ ਤੇ ਜਿਆਦਾ ਸੱਟ ਹੋਣ ਕਰਕੇ ਉਸ ਨੂੰ ਦਾਖ਼ਲ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ 4 ਅਪ੍ਰੈਲ ਨੂੰ ਡਾਕਟਰਾਂ ਵਲੋਂ ਅਵਤਾਰ ਸਿੰਘ ਨੂੰ ਵੀ ਛੁੱਟੀ ਦੇ ਦਿੱਤੀ ਗਈ, ਪਰ ਘਰ ਜਾ ਕੇ ਉਸਦੀ ਹਾਲਤ ਹੋਰ ਵੀ ਵਿਗੜ ਗਈ, ਉਸ ਨੂੰ ਦੁਬਾਰਾ ਫਿਰ ਹਸਪਤਾਲ ਦਾਖ਼ਲ ਕਰਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਡਾਕਟਰਾਂ ਵਲੋਂ ਬਿਲਕੁਲ ਵੀ ਮਰੀਜ਼ ਦੀ ਕੋਈ ਪਰਵਾਹ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਇਲਾਜ ਵਿਚ ਕੀਤੀ ਅਣਗਹਿਲੀ ਹੀ ਮਰੀਜ਼ ਦੀ ਮੌਤ ਦਾ ਕਾਰਨ ਬਣੀ ਹੈ।
ਪਰਿਵਾਰ ਵਾਲਿਆਂ ਦੇ ਸੱਦੇ 'ਤੇ ਨੇੜੇ ਦੇ ਪਿੰਡਾਂ ਵਿਚੋਂ ਬਹੁਤ ਸਾਰੇ ਲੋਕ ਹਸਪਤਾਲ ਵਿਚ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਵੀ ਬੁਲਾ ਲਿਆ ਗਿਆ। ਪਰਿਵਾਰ ਨੇ ਮੰਗ ਕੀਤੀ ਕਿ ਦੋਸ਼ੀ ਡਾਕਟਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਥਾਣਾ ਲੋਪੋਕੇ ਤੋਂ ਆਏ ਪੁਲਿਸ ਅਧਿਕਾਰੀ ਡਾਕਟਰ ਨੂੰ ਆਪਣੇ ਨਾਲ ਥਾਣਾ ਲੋਪੋਕੇ ਵਿਖੇ ਲੈ ਗਏ ਹਨ, ਜਿੱਥੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
;
;
;
;
;
;
;
;
;