24 ਸਾਲਾ ਨੌਜਵਾਨ ਦੀ ਦੁਬਈ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ
ਜਗਰਾਉਂ ( ਲੁਧਿਆਣਾ ) , 15 ਅਪ੍ਰੈਲ ( ਕੁਲਦੀਪ ਸਿੰਘ ਲੋਹਟ) - ਨੇੜਲੇ ਪਿੰਡ ਢੋਲਣ ਦੇ 24 ਸਾਲਾ ਨੌਜਵਾਨ ਪ੍ਰਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।ਜਾਣਕਾਰੀ ਅਨੁਸਾਰ ਰੋਜੀ ਰੋਟੀ ਕਮਾਉਣ ਗਏ ਪ੍ਰਦੀਪ ਸਿੰਘ 15 ਕੁ ਦਿਨ ਪਹਿਲਾਂ ਹੀ ਦੁਬਈ ਗਿਆ ਸੀ ਅਚਾਨਕ ਇਹ ਭਾਣਾ ਵਾਪਰ ਗਿਆ।ਘਟਨਾ ਦੀ ਸੂਚਨਾਂ ਮਿਲਦਿਆਂ ਹੀ ਪਿੰਡ ਢੋਲਣ ਵਿਚ ਸੋਗ ਪਸਰ ਗਿਆ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਪੰਚ ਕਰਮਜੀਤ ਸਿੰਘ ਢੋਲਣ ਨੇ ਦੱਸਿਆ ਕਿ ਪ੍ਰਦੀਪ ਸਿੰਘ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸੀ ਤੇ ਘਰ ਦੀ ਗ਼ਰੀਬੀ ਦੂਰ ਕਰਨ ਲਈ ਲਗਾਤਾਰ ਸ਼ੰਘਰਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਨੂੰ ਦੁਬਈ ਪਹੁੰਚਿਆਂ ਹਾਲੇ 15 ਦਿਨ ਹੀ ਹੋਏ ਸਨ ਤਾਂ ਅਚਾਨਕ ਉਸ ਦੇ ਪਿਤਾ ਜਗਦੀਸ਼ ਸਿੰਘ ਨੂੰ ਕੰਪਨੀ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਪ੍ਰਦੀਪ ਸਿੰਘ ਦਾ ਪਰਿਵਾਰ ਪਿੰਡ ਵਿਚ ਦੁੱਧ ਦਾ ਕੰਮ ਕਰਦਾ ਹੈ ਤੇ ਇਸ ਤੋਂ ਪਹਿਲਾਂ ਉਸ ਦੇ ਦੋ ਭਰਾਵਾਂ ਦੀ ਵੀ ਮੌਤ ਹੋ ਚੁੱਕੀ ਹੈ।ਅੱਜ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ ਤੇ ਉਸ ਦੇ ਮਾਪੇ ਬੇਬਸ ਸਨ। ਮਾਂ ਧਾਹਾਂ ਮਾਰ ਕੇ ਰੋ ਰਹੀ ਸੀ।ਮ੍ਰਿਤਕ ਆਪਣੇ ਪਿੱਛੇ ਇਕ ਭੈਣ , ਦਾਦਾ-ਦਾਦੀ ਅਤੇ ਮਾਂ-ਬਾਪ ਨੂੰ ਰੋਂਦੇ ਵਿਲਕਦੇ ਛੱਡ ਗਿਆ । ਸਰਪੰਚ ਗੁਰਮੇਲ ਸਿੰਘ ਅਤੇ ਸ਼ਿੰਗਾਰਾ ਸਿੰਘ ( ਸਾਬਕਾ ਸਰਪੰਚ) ਨੇ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।
;
;
;
;
;
;
;