ਕੋਲੰਬੀਆ 'ਚ ਵੱਡਾ ਅੱਤਵਾਦੀ ਹਮਲਾ: ਬੱਸ 'ਚ ਹੋਇਆ ਜ਼ਬਰਦਸਤ ਧਮਾਕਾ, 13 ਲੋਕਾਂ ਦੀ ਮੌਤ
ਬੋਗੋਟਾ,26 ਅਪ੍ਰੈਲ -ਕੋਲੰਬੀਆ ਵਿਚ ਇਕ ਬੱਸ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ 38 ਹੋਰ ਜ਼ਖ਼ਮੀ ਹੋ ਗਏ ਹਨ। ਫ਼ੌਜ ਦੇ ਮੁਖੀ ਨੇ ਇਸ ਹਮਲੇ ਨੂੰ ਇਕ "ਅੱਤਵਾਦੀ ਕਾਰਵਾਈ" ਕਰਾਰ ਦਿੱਤਾ ਹੈ। ਕਾਊਕਾ ਖੇਤਰ ਦੇ ਗਵਰਨਰ ਆਕਟੇਵੀਓ ਗੁਜ਼ਮੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਸ ਪੈਨ-ਅਮਰੀਕਨ ਹਾਈਵੇਅ 'ਤੇ ਜਾ ਰਹੀ ਸੀ।ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ, “ਕਾਜੀਬੀਓ ਵਿਚ ਹਮਲਾ ਕਰਨ ਵਾਲੇ ਅਤੇ ਨਿਰਦੋਸ਼ ਨਾਗਰਿਕਾਂ ਦੀਆਂ ਜਾਨਾਂ ਲੈਣ ਵਾਲੇ ਅੱਤਵਾਦੀ, ਫਾਸੀਵਾਦੀ ਅਤੇ ਨਸ਼ਾ ਤਸਕਰ ਹਨ। ਇਹ ਹਮਲਾ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਲੜੀ ਦਾ ਇਕ ਤਾਜ਼ਾ ਹਿੱਸਾ ਹੈ। ਉਨ੍ਹਾਂ ਨੇ ਇਸ ਹਮਲੇ ਲਈ ਦੇਸ਼ ਦੇ ਸਭ ਤੋਂ ਲੋੜੀਂਦੇ ਅਪਰਾਧੀ ‘ਇਵਾਨ ਮੋਰਡਿਸਕੋ’ ਅਤੇ ਜੈਮੇ ਮਾਰਟੀਨੇਜ਼ ਗੁੱਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਦੋਵੇਂ ਗੁੱਟ ਸਾਬਕਾ ‘ਫਾਰਕ6 ਬਾਗੀਆਂ ਦੇ ਹਿੱਸੇ ਹਨ, ਜਿਨ੍ਹਾਂ ਨੇ 2016 ਦੇ ਸ਼ਾਂਤੀ ਸਮਝੌਤੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ‘ਫਾਸਿਸਟ ਅਤੇ ਨਸ਼ਾ ਤਸਕਰ’ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਵਿੱਚ ਇਸ ਖੇਤਰ ਵਿਚ 26 ਤੋਂ ਵੱਧ ਹਿੰਸਕ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਪੁਲੀਸ ਸਟੇਸ਼ਨਾਂ ਅਤੇ ਰਾਡਾਰ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸਰਕਾਰ ਨੇ ਮੁੱਖ ਮੁਲਜ਼ਮ ‘ਮਾਰਲਨ’ ਦੀ ਗ੍ਰਿਫ਼ਤਾਰੀ ਲਈ 10 ਲੱਖ ਡਾਲਰ (ਕਰੀਬ 8.3 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ। ਖੇਤਰੀ ਗਵਰਨਰਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਫ਼ੌਜੀ ਮਦਦ ਅਤੇ ਖ਼ੁਫ਼ੀਆ ਆਪ੍ਰੇਸ਼ਨ ਤੇਜ਼ ਕਰਨ ਦੀ ਮੰਗ ਕੀਤੀ ਹੈ।
;
;
;
;
;
;
;
;
;