ਸੜਕ ਹਾਦਸੇ 'ਚ ਜ਼ਖਮੀ ਹੋਏ ਨੌਜਵਾਨ ਨੇ ਇਲਾਜ ਦੌਰਾਨ ਤੋੜਿਆ ਦਮ

ਮਹਿਲ ਕਲਾਂ, 26 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਸਹੌਰ-ਹਮੀਦੀ ਲਿੰਕ ਸੜਕ 'ਤੇ ਬੀਤੇ ਦਿਨ ਵਾਪਰੇ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਇਆ ਨੌਜਵਾਨ ਇਲਾਜ ਅਧੀਨ ਦਮ ਤੋੜ ਗਿਆ। ਪੁਲਿਸ ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਹਮੀਦੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਕੰਮ ਮਹਿਲ ਕਲਾਂ ਵੱਲ ਜਾ ਰਿਹਾ ਸੀ। ਜਦੋਂ ਉਹ ਰਸਤੇ 'ਚ ਪਿੰਡ ਸਹੌਰ ਨੇੜੇ ਪਹੁੰਚਿਆ ਤਾਂ ਅੱਗਿਓਂ ਆ ਰਹੀ ਬਲੈਰੋ ਕਾਰ ਨਾਲ ਜ਼ਬਰਦਸਤ ਸਿੱਧੀ ਟੱਕਰ ਹੋਣ ਕਰਕੇ ਮੋਟਰਸਾਈਕਲ ਚਾਲਕ ਨੌਜਵਾਨ ਕਰਮਜੀਤ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਤੁਰੰਤ ਸੀ. ਐਚ. ਸੀ. ਮਹਿਲ ਕਲਾਂ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਦੇ ਸਿਰ ਅਤੇ ਮੂੰਹ ਉਤੇ ਜ਼ਿਆਦਾ ਸੱਟ ਹੋਣ ਕਰਕੇ ਗੰਭੀਰ ਹਾਲਤ ਨੂੰ ਵੇਖਦਿਆਂ ਲਧਿਆਣਾ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸੁਰਜੀਤ ਸਿੰਘ ਹਮੀਦੀ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਠੁੱਲੀਵਾਲ ਪੁਲਿਸ ਨੇ ਬਲੈਰੋ ਕਾਰ ਡਰਾਈਵਰ ਯਸ਼ਵੀਰ ਸਿੰਘ ਗਾਗੇਵਾਲ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।