ਪਿੰਡ ਕਰਨੈਲ ਗੰਜ 'ਚ 12 ਲੱਖ ਦੀ ਠੱਗੀ ਮਾਰ ਕੇ ਸੁਨਿਆਰਾ ਫਰਾਰ

ਭੁਲੱਥ, 26 ਸਤੰਬਰ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਤੋਂ ਥੋੜ੍ਹੀ ਦੂਰੀ ਉਤੇ ਪੈਂਦੇ ਪਿੰਡ ਕਰਨੈਲ ਗੰਜ ਵਿਚ ਕੁਝ ਸਾਲਾਂ ਤੋਂ ਰਹਿ ਰਹੇ ਸੁਨਿਆਰੇ ਦਾ ਕੰਮ ਕਰਦੇ ਵਿਅਕਤੀ ਵਲੋਂ ਅਨੋਖੇ ਤਰੀਕੇ ਨਾਲ 12 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਵਿਸ਼ਵ ਪ੍ਰਤਾਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਰਨੈਲ ਗੰਜ ਨੇ ਦੱਸਿਆ ਕਿ ਵਿਜੇ ਕੁਮਾਰ ਪੁੱਤਰ ਹੰਸ ਰਾਜ ਵਾਸੀ ਕਪੂਰਥਲਾ ਨਜ਼ਦੀਕ ਚੁੰਗੀ ਅੰਮ੍ਰਿਤਸਰ ਰੋਡ ਉਨ੍ਹਾਂ ਦੇ ਪਿੰਡ ਕਰਨੈਲ ਗੰਜ ਵਿਖੇ ਕੁਝ ਸਾਲਾਂ ਤੋਂ ਕਿਰਾਏ ਉਤੇ ਘਰ ਲੈ ਕੇ ਸੁਨਿਆਰੇ ਦਾ ਕੰਮ ਕਰਦਾ ਸੀ। ਮੈਂ ਉਸ ਪਾਸੋਂ ਸੋਨਾ ਬਣਾਉਣ ਲਈ ਗਿਆ ਤੇ ਉਸ ਨੇ ਮੈਨੂੰ ਕਿਹਾ ਕਿ ਹੁਸ਼ਿਆਰਪੁਰ ਸੋਨਾ ਸਸਤਾ ਹੈ ਤੇ ਮੈਨੂੰ ਨਾਲ ਲੈ ਕੇ ਸੁਨਿਆਰੇ ਦੀ ਵੱਡੀ ਦੁਕਾਨ ਉਤੇ ਲੈ ਗਿਆ ਤੇ 9 ਲੱਖ 50 ਹਜ਼ਾਰ ਰੁਪਏ ਦਾ ਸੋਨਾ ਖਰੀਦਿਆ। ਮੈਂ ਦੁਕਾਨਦਾਰ ਪਾਸੋਂ ਖਰੀਦੇ ਗਏ ਸੋਨੇ ਦਾ ਬਿੱਲ ਮੰਗਿਆ ਤਾਂ ਉਸਨੇ ਕਿਹਾ ਕਿ ਟੈਕਸ ਪਵੇਗਾ ਤੂੰ ਬਿੱਲ ਰਹਿਣ ਦੇ, ਮੈਂ ਵਿਜੇ ਕੁਮਾਰ ਸੁਨਿਆਰੇ ਦੇ ਝਾਂਸੇ ਵਿਚ ਆ ਕੇ 2 ਲੱਖ 50 ਹਜ਼ਾਰ ਰੁਪਏ ਗਹਿਣੇ ਬਣਾਉਣ ਲਈ ਨਕਦੀ ਦਿੱਤੀ। ਇਸ ਸੰਬੰਧੀ ਥਾਣਾ ਭੁਲੱਥ ਪੁਲਿਸ ਨੂੰ ਲਿਖਤੀ ਇਤਲਾਹ ਦੇ ਦਿੱਤੀ ਗਈ ਹੈ।