ਕੋਈ ਵੀ ਅਦਾਕਾਰ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦਿਲਜੀਤ ਦੋਸਾਂਝ ਤੋਂ ਬਿਹਤਰ ਨਹੀਂ ਨਿਭਾ ਸਕਦਾ ਸੀ-ਇਮਤਿਆਜ਼ ਅਲੀ

ਨਵੀਂ ਦਿੱਲੀ, 26 ਸਤੰਬਰ (ਏਐਨਆਈ): ਦਿਲਜੀਤ ਦੋਸਾਂਝ ਨੂੰ ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਬਣੀ 'ਅਮਰ ਸਿੰਘ ਚਮਕੀਲਾ' ਵਿਚ ਆਪਣੇ ਪ੍ਰਦਰਸ਼ਨ ਲਈ ਸਰਵੋਤਮ ਅਦਾਕਾਰ ਦੀ ਸ਼੍ਰੇਣੀ ਵਿਚ ਅੰਤਰਰਾਸ਼ਟਰੀ ਐਮੀ ਪੁਰਸਕਾਰ ਨਾਮਜ਼ਦਗੀ ਮਿਲੀ ਹੈ। ਉਨ੍ਹਾਂ ਨੇ ਇਸ ਫ਼ਿਲਮ ਵਿਚ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਵਿਚ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ ਵਿਚ ਹਨ। ਏਐਨਆਈ ਨਾਲ ਗੱਲ ਕਰਦੇ ਹੋਏ, ਇਮਤਿਆਜ਼ ਅਲੀ ਨੇ ਫ਼ਿਲਮ ਵਿਚ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਵਿਚ ਦਿਲਜੀਤ ਦੋਸਾਂਝ ਨੂੰ ਕਾਸਟ ਕਰਨ 'ਤੇ ਆਪਣੀ ਸ਼ੁਰੂਆਤੀ ਪ੍ਰਤੀਕਿਰਿਆ ਸਾਂਝੀ ਕੀਤੀ। ਉਨ੍ਹਾਂ ਮੰਨਿਆ ਕਿ ਉਹ ਇਸ ਗੱਲ 'ਤੇ ਅਨਿਸ਼ਚਿਤ ਸਨ ਕਿ ਦਿਲਜੀਤ ਆਪਣੇ ਲੰਬੇ ਵਾਲਾਂ ਕਾਰਨ ਪੰਜਾਬੀ ਲੋਕ ਗਾਇਕ ਦੀ ਭੂਮਿਕਾ ਨਿਭਾ ਸਕਦਾ ਹੈ ਜਾਂ ਨਹੀਂ, ਕਿਉਂਕਿ ਕਿਰਦਾਰ ਲਈ ਛੋਟੇ ਵਾਲਾਂ ਦੀ ਲੋੜ ਸੀ ।
ਮੈਂ ਸੋਚਿਆ ਸੀ ਕਿ ਦਿਲਜੀਤ ਇਹ ਨਹੀਂ ਕਰ ਸਕੇਗਾ ਕਿਉਂਕਿ ਚਮਕੀਲਾ ਦਾ ਇਕ ਖਾਸ ਰੂਪ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਇਸ ਵਿਚ ਫਿੱਟ ਹੋ ਸਕਦਾ ਹੈ ਜਾਂ ਨਹੀਂ । ਹੁਣ ਫ਼ਿਲਮ ਦੀ ਰਿਲੀਜ਼ ਤੋਂ ਲਗਭਗ ਇਕ ਸਾਲ ਬਾਅਦ, ਨਿਰਦੇਸ਼ਕ ਇਮਤਿਆਜ਼ ਅਲੀ ਦਾ ਮੰਨਣਾ ਹੈ ਕਿ ਕੋਈ ਵੀ ਅਦਾਕਾਰ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਦਿਲਜੀਤ ਦੋਸਾਂਝ ਤੋਂ ਬਿਹਤਰ ਨਹੀਂ ਨਿਭਾ ਸਕਦਾ ਸੀ।