ਬਲਕੌਰ ਸਿੰਘ ਸਿੱਧੂ ਅਦਾਲਤ 'ਚ ਗਵਾਹੀ ਦੇਣ ਨਹੀਂ ਪੁੱਜੇ, ਅਗਲੀ ਸੁਣਵਾਈ 17 ਨੂੰ

ਮਾਨਸਾ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਸਿਹਤ ਕਾਰਨਾਂ ਕਰਕੇ ਜ਼ਿਲ੍ਹਾ ਸੈਸ਼ਨਜ਼ ਜੱਜ ਮਾਨਸਾ ਮਨਿੰਦਰਜੀਤ ਸਿੰਘ ਦੀ ਅਦਾਲਤ ’ਚ ਗਵਾਹੀ ਦੇਣ ਨਾ ਪਹੁੰਚ ਸਕੇ। ਸ਼ੂਟਰ ਦੀਪਕ ਮੁੰਡੀ ਨੂੰ ਜਿਥੇ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਗਿਆ, ਉਥੇ ਮੁੱਖ ਸਾਜ਼ਿਸ਼ਘਾੜੇ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਹੋਰਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤੀ।
ਅੱਜ ਪੁਲਿਸ ਕਰਮਚਾਰੀ ਮਨਪ੍ਰੀਤ ਸਿੰਘ ਦੀ ਅਹਿਮ ਗਵਾਹੀ ਵੀ ਹੋਈ। ਪਿਛਲੀ ਪੇਸ਼ੀ ’ਤੇ ਮੂਸੇਵਾਲਾ ਦੇ ਪਿਤਾ ਨੇ ਅਦਾਲਤ ਅੱਗੇ ਗੁਹਾਰ ਲਗਾਈ ਸੀ ਕਿ ਸ਼ੂਟਰਾਂ ਨੂੰ ਸਰੀਰਕ ਤੌਰ ’ਤੇ ਪੇਸ਼ ਕੀਤਾ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਦੇ ਕਾਤਲਾਂ ਨੂੰ ਵੇਖ ਸਕਣ। ਅਦਾਲਤ ਨੇ ਹੁਕਮ ਜਾਰੀ ਕੀਤੇ ਸਨ ਕਿ ਸਾਰੇ ਸ਼ੂਟਰਾਂ ਨੂੰ ਫਿਜ਼ੀਕਲ ਤੌਰ ’ਤੇ ਪੇਸ਼ ਕੀਤਾ ਜਾਵੇ ਪਰ ਬਲਕੌਰ ਸਿੰਘ ਵਲੋਂ ਸਿਹਤਯਾਬ ਨਾ ਹੋਣ ਦੀ ਦਰਖਾਸਤ ਦਿੱਤੀ ਗਈ ਸੀ, ਜਿਸ ਕਰਕੇ ਸ਼ੂਟਰਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਮਾਣਯੋਗ ਅਦਾਲਤ ਨੇ ਅਗਲੀ ਸੁਣਵਾਈ 17 ਅਕਤੂਬਰ ’ਤੇ ਪਾਉਂਦਿਆਂ ਸ਼ੂਟਰਾਂ ਨੂੰ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ।