ਛੱਤੀਸਗੜ੍ਹ ਦੇ ਬੀਜਾਪੁਰ 'ਚ 4 ਨਕਸਲੀ ਗ੍ਰਿਫ਼ਤਾਰ

ਬੀਜਾਪੁਰ, 26 ਸਤੰਬਰ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ਤੋਂ ਚਾਰ ਨਕਸਲੀ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਦੋ 'ਤੇ 9 ਲੱਖ ਰੁਪਏ ਦਾ ਸਮੂਹਿਕ ਇਨਾਮ ਸੀ। ਪੁਲਿਸ ਨੇ ਇਹ ਦੱਸਿਆ। ਉਨ੍ਹਾਂ ਕਿਹਾ ਕਿ ਮਾਓਵਾਦੀਆਂ ਦੀ ਜਗਰਗੁੰਡਾ ਖੇਤਰ ਕਮੇਟੀ ਵਿਚ ਇਕ ਡਵੀਜ਼ਨਲ ਕਮੇਟੀ ਮੈਂਬਰ ਮਲੇਸ਼ ਕੁੰਜਮ (40), ਨੂੰ ਪੋਲਮਪੱਲੀ ਪਿੰਡ ਦੇ ਜੰਗਲਾਂ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਤਲਾਸ਼ੀ ਮੁਹਿੰਮ 'ਤੇ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਸੀ.ਆਰ.ਪੀ.ਐਫ. ਦੀ ਇਕ ਵਿਸ਼ੇਸ਼ ਇਕਾਈ ਕੋਬਰਾ (ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ) ਦੀ 210ਵੀਂ ਬਟਾਲੀਅਨ ਨਾਲ ਸਬੰਧਿਤ ਕਰਮਚਾਰੀ ਇਸ ਕਾਰਵਾਈ ਵਿਚ ਸ਼ਾਮਿਲ ਸਨ। ਅਧਿਕਾਰੀ ਨੇ ਦੱਸਿਆ ਕਿ ਕੁੰਜਮ ਵਿਰੁੱਧ ਜ਼ਿਲ੍ਹੇ ਦੇ ਤਰੇਮ, ਪਾਮੇਡ, ਉਸੂਰ ਅਤੇ ਆਵਾਪੱਲੀ ਪੁਲਿਸ ਥਾਣਿਆਂ ਵਿਚ ਕਤਲ, ਕਤਲ ਦੀ ਕੋਸ਼ਿਸ਼, ਪੁਲਿਸ 'ਤੇ ਹਮਲੇ, ਅਗਜ਼ਨੀ, ਲੁੱਟ, ਡਕੈਤੀ ਅਤੇ ਅਗਵਾ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਉਸ 'ਤੇ 8 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਇਕ ਹੋਰ ਕਾਰਵਾਈ ਵਿਚ, ਇਕ ਪੁਲਿਸ ਟੀਮ ਨੇ ਮਾਓਵਾਦੀਆਂ ਦੀ ਜਨਤਾ ਸਰਕਾਰ ਇਕਾਈ ਦੇ ਮੁਖੀ ਅਨਿਲ ਵੇਕੋ (32) ਨੂੰ ਡਾਰਮੇਰ ਪਿੰਡ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਉਸ 'ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ ਉਹ ਕਈ ਮਾਓਵਾਦੀ ਘਟਨਾਵਾਂ ਵਿਚ ਦੋਸ਼ੀ ਹੈ, ਜਿਸ ਵਿਚ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਧਮਾਕੇ ਅਤੇ ਪਿਛਲੇ ਦੋ ਸਾਲਾਂ ਦੌਰਾਨ ਪੁਲਿਸ ਟੀਮਾਂ 'ਤੇ ਹਮਲੇ ਸ਼ਾਮਿਲ ਹਨ।