ਯੂ.ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਪਰਿਵਾਰ ਹੜ੍ਹ ਪੀੜਤ ਲੋਕਾਂ ਕੋਲ ਪੁੱਜਾ


ਰਾਏਪੁਰ, 26 ਸਤੰਬਰ (ਪਰਮਜੀਤ ਸਿੰਘ)-ਪਿਛਲੇ ਲਗਭਗ ਇਕ ਮਹੀਨੇ ਤੋਂ ਵੱਧ ਦੇ ਸਮੇਂ ਤੋਂ ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਫਿਰੋਜ਼ਪੁਰ ਦੇ ਪਿੰਡਾਂ ਧੀਰਾ ਘਾਰਾ ਅਤੇ ਟੱਲੀ ਗੁਲਾਮ ਵਿਖੇ ਅੱਜ ਸ. ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ, ਸ. ਸਾਹਿਬ ਸਿੰਘ ਢੇਸੀ, ਸ. ਭੁਪਿੰਦਰ ਸਿੰਘ, ਨਿਸ਼ਾਨ ਸਿੰਘ ਯੂ. ਕੇ., ਸ. ਸੁਖਦੇਵ ਸਿੰਘ ਫਗਵਾੜਾ ਜਥੇ ਦੇ ਰੂਪ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ। ਸਭ ਤੋਂ ਪਹਿਲਾਂ ਸਰਕਾਰੀ ਸਕੂਲ ਧੀਰਾ ਘਾਰਾ ਵਿਖੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਹੋਈ ਜਿਥੇ ਸਕੂਲ ਪ੍ਰਬੰਧਕਾਂ ਦੀ ਮੰਗ ਉਤੇ ਸਕੂਲ ਲਈ 6 ਕੰਪਿਊਟਰ ਦੇਣ ਦਾ ਭਰੋਸਾ ਦਿੱਤਾ ਅਤੇ ਇਲਾਕੇ ਦੇ ਛੇ ਗ੍ਰੰਥੀ ਸਿੰਘ ਪਰਿਵਾਰਾਂ ਨੂੰ ਅਰਥਿਕ ਸਹਿਯੋਗ ਦਿੱਤਾ ਗਿਆ, ਜਿਸ ਤੋਂ ਬਾਅਦ ਪਿੰਡ ਧੀਰਾ ਘਾਰਾ ਅਤੇ ਟੱਲੀ ਗੁਲਾਮ ਦੇ ਕੁੱਲ 160 ਪਰਿਵਾਰਾਂ ਦੀ ਮਾਲੀ ਸਹਾਇਤਾ ਘਰੋਂ-ਘਰੀਂ ਜਾ ਕੇ ਵੰਡੀ ਗਈ।
ਪਿੰਡ ਦੇ ਬੀਮਾਰ ਅੰਗਹੀਣ ਤੇ ਵਿਧਵਾ ਭੈਣਾਂ ਨੂੰ ਵਿਸ਼ੇਸ਼ ਮਾਇਕ ਸਹਾਇਤਾ ਦਿੱਤੀ ਗਈ। ਸ. ਸਾਹਿਬ ਸਿੰਘ ਢੇਸੀ ਅਤੇ ਸ. ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਤੇ ਖਾਸ ਤੌਰ ਉਤੇ ਯੂ. ਕੇ. ਤੋਂ ਮੈਂਬਰ ਪਾਰਲੀਮੈਂਟ ਸ. ਤਨਮਨਜੀਤ ਸਿੰਘ ਢੇਸੀ, ਜਿਸ ਦਿਨ ਤੋਂ ਪੰਜਾਬ ਹੜ੍ਹ ਦੀ ਮਾਰ ਹੇਠ ਆਇਆ ਹੈ, ਉਸੇ ਦਿਨ ਤੋਂ ਹੀ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰ ਰਿਹਾ ਹੈ। ਸੰਸਥਾਵਾਂ ਵੀ ਆਪਣੇ ਤੌਰ ਉਤੇ ਸੇਵਾ ਕਰ ਰਹੀਆਂ ਹਨ। ਹੁਣ ਹਾਲਾਤ ਕੁਝ ਸੁਧਰਨ ਤੋਂ ਬਾਅਦ ਹਰ ਪਰਿਵਾਰ ਦੇ ਨੁਕਸਾਨ ਅਲੱਗ ਤਰ੍ਹਾਂ ਦੇ ਹੋਣ ਕਾਰਨ ਸਭ ਨੂੰ ਇਕੋ ਜਿਹੇ ਸਾਮਾਨ ਰਾਹੀਂ ਮਦਦ ਨਹੀਂ ਪੂਰੀ ਹੋ ਸਕਦੀ। ਇਸ ਲਈ ਢੇਸੀ ਪਰਿਵਾਰ ਵਲੋਂ ਸਮੂਹ ਨਗਰ ਨਿਵਾਸੀ ਪਿੰਡ ਰਾਏਪੁਰ, ਕੇਵਲ ਸਿੰਘ ਸਿਆਣ ਫਾਰਮਵਰਕ ਯੂ. ਕੇ., ਜਗਦੇਵ ਸਿੰਘ ਸਰਨ ਨਾਰਚ ਯੂ. ਕੇ., ਗੁਰਬਖ਼ਸ਼ ਸਿੰਘ ਵਿੰਡਸਰ ਕੈਨੇਡਾ, ਦਰਸ਼ਬੀਰ ਸਿੰਘ ਬਰੈਂਪਟਨ ਆਦਿ ਸਹਿਯੋਗੀ ਸੱਜਣਾਂ ਵਲੋਂ ਅੱਜ ਪਹਿਲੇ ਪੜਾਅ ਤਹਿਤ 160 ਪਰਿਵਾਰਾਂ ਦੀ ਮਾਲੀ ਸਹਾਇਤਾ ਕੀਤੀ ਗਈ। ਜਲਦ ਹੀ ਦੂਜੇ ਪੜਾਅ ਤਹਿਤ ਇਸੇ ਇਲਾਕੇ ਦੇ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਮਾਲੀ ਸਹਾਇਤਾ ਜਾਰੀ ਰੱਖੀ ਜਾਵੇਗੀ।