ਬਾਜਰੇ ਤੇ ਝੋਨੇ ਦੀ ਖਰੀਦ 'ਚ ਦੇਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵਲੋਂ ਪ੍ਰਦਰਸ਼ਨ

ਕਰਨਾਲ , 27 ਸਤੰਬਰ (ਗੁਰਮੀਤ ਸਿੰਘ ਸੱਗੂ)-ਰਾਜ ਵਿਚ ਬਾਜਰੇ ਅਤੇ ਝੋਨੇ ਦੀ ਖਰੀਦ ਵਿਚ ਹੋ ਰਹੀ ਦੇਰੀ ਅਤੇ ਡਿਜੀਟਲ ਤਰਾਜੂਆਂ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਭਾਕਿਊ) ਨੇ ਜ਼ਿਲ੍ਹੇ ਦੇ ਕਸਬਾ ਘਰੌਂਡਾ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਕਿਊ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਡੀ ਦੇ ਇੰਤਜ਼ਾਮਾਂ ’ਤੇ ਵੀ ਸਵਾਲ ਖੜ੍ਹੇ ਕੀਤੇ। ਭਾਕਿਊ ਨੇ ਚਿਤਾਵਨੀ ਦਿੱਤੀ ਕਿ ਜੇ ਸੋਮਵਾਰ ਤੱਕ ਧਾਨ ਦੀ ਖਰੀਦ ਸੁਚੱਜੀ ਨਹੀਂ ਬਣੀ ਅਤੇ ਡਿਜੀਟਲ ਕੰਡਿਆਂ ਰਾਹੀਂ ਤੋਲ ਨਹੀਂ ਹੋਈ ਤਾਂ ਵੱਡਾ ਆੰਦੋਲਨ ਕਰੇਗੀ। ਕਿਸਾਨਾਂ ਨੂੰ ਹੋ ਰਹੀ ਮੁਸ਼ਕਿਲ ਦਾ ਜਵਾਬ ਅਧਿਕਾਰੀਆਂ ਨੂੰ ਦੇਣਾ ਪਵੇਗਾ।
ਉਨ੍ਹਾਂ ਨੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਉੱਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਹੁਣ ਜਦੋਂ ਮੰਡੀਆਂ ਵਿਚ ਕਿਸਾਨ ਮੁਸ਼ਕਿਲ ਵਿਚ ਹਨ, ਕੋਈ ਵੀ “ਸਫੈਦਪੋਸ਼” ਆਗੂ ਦਿਖਾਈ ਨਹੀਂ ਦੇ ਰਿਹਾ ਪਰ ਜਦੋਂ ਮੰਡੀਆਂ ਵਿਚ ਸਭ ਕੁਝ ਠੀਕ ਹੋ ਜਾਵੇਗਾ, ਤਾਂ ਸਾਰੇ ਆਗੂ ਫੋਟੋ ਖਿੱਚਵਾਉਣ ਮੰਡੀਆਂ ਵਿਚ ਆ ਜਾਣਗੇ। ਹਾਲਾਂਕਿ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਹੈ ਪਰ ਇਹ ਭਰੋਸਾ ਕਿੰਨਾ ਸਫਲ ਰਹੇਗਾ, ਇਹ ਸੋਮਵਾਰ ਨੂੰ ਵੇਖਿਆ ਜਾਵੇਗਾ।ਸ਼ਨੀਵਾਰ ਨੂੰ ਘਰੌਂਡਾ ਦੀ ਨਵੀਂ ਅਨਾਜ ਮੰਡੀ ਵਿਚ ਸਥਿਤ ਕਿਸਾਨ ਭਵਨ ਵਿਚ ਭਾਕਿਊ ਦੇ ਪ੍ਰਦੇਸ਼ ਪ੍ਰਧਾਨ ਰਤਨ ਮਾਨ ਅਤੇ ਹਲਕਾ ਪ੍ਰਧਾਨ ਧਨੇਤਰ ਰਾਣਾ ਦੀ ਅਗਵਾਈ ਹੇਠ ਕਿਸਾਨ ਇਕੱਠੇ ਹੋਏ। ਉਥੋਂ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਅਤੇ ਭਾਕਿਊ ਅਹੁਦੇਦਾਰ ਮਾਰਕੀਟ ਕਮੇਟੀ ਦਫ਼ਤਰ ਤੱਕ ਪੁੱਜੇ। ਉਥੇ ਵੀ ਭਾਰੀ ਨਾਅਰੇਬਾਜ਼ੀ ਹੋਈ।
ਮਾਰਕੀਟ ਕਮੇਟੀ ਦਫ਼ਤਰ ਵਿਚ ਸਕੱਤਰ ਨੇ ਮੰਡੀ ਦੀ ਵਿਵਸਥਾ ਬਾਰੇ ਜਾਣਕਾਰੀ ਦਿੱਤੀ ਅਤੇ ਸੋਮਵਾਰ ਤੱਕ ਸਾਰੀਆਂ ਕਾਰਵਾਈਆਂ ਸਾਧਾਰਨ ਹੋਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਦੇਸ਼ ਪ੍ਰਧਾਨ ਰਤਨ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਮੰਡੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਜਿਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਅਤੇ ਤਿੰਨ ਦਿਨਾਂ ਅੰਦਰ-ਅੰਦਰ ਪੂਰੀ ਮੰਡੀ ਵਿਚ ਡਿਜੀਟਲ ਤਰਾਜੂਆਂ ਦੀ ਵਿਵਸਥਾ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਤਿੰਨ ਦਿਨਾਂ ਅੰਦਰ ਡਿਜੀਟਲ ਤਰਾਜੂ ਲੱਗ ਜਾਣ ਤਾਂ ਜੋ ਤੋਲ ਵਿਚ ਕੋਈ ਗੜਬੜ ਨਾ ਆਵੇ। ਪਿਛਲੀ ਵਾਰੀ ਵੀ ਜਦੋਂ ਅਸੀਂ ਮੰਡੀਆਂ ਵਿਚ ਗਏ ਸੀ ਤਾਂ ਤਰਾਜੂਆਂ ਵਿਚ ਵੱਡਾ ਘਪਲਾ ਮਿਲਿਆ ਸੀ ਪਰ ਡਿਜੀਟਲ ਤਰਾਜੂ ਵਿਚ ਹੇਰਾਫੇਰੀ ਦੇ ਮੌਕੇ ਘੱਟ ਹੁੰਦੇ ਹਨ। ਜੇ ਕੋਈ ਗੜਬੜ ਕਰੇਗਾ ਤਾਂ ਤੁਰੰਤ ਫੜਿਆ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਆੜ੍ਹਤੀਏ ਦੀਆਂ ਗੱਲਾਂ ਵਿਚ ਨਾ ਆਉਣ ਅਤੇ ਆਪਣੇ ਸਾਹਮਣੇ ਹੀ ਡਿਜੀਟਲ ਤਰਾਜੂ ਨਾਲ ਧਾਨ ਦੀ ਤੋਲ ਕਰਵਾਓ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕਿਸਾਨ ਮੁਸ਼ਕਿਲ ਵਿਚ ਹਨ ਤਾਂ ਕੋਈ ਆਗੂ ਨਹੀਂ ਆ ਰਿਹਾ ਪਰ ਜਦੋਂ ਸਭ ਠੀਕ ਹੋ ਜਾਵੇਗਾ ਤਾਂ ਆਗੂ ਮੰਡੀਆਂ ਵਿਚ ਫੋਟੋ ਖਿੱਚਵਾਉਣ ਆ ਜਾਣਗੇ।। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਸਿੰਘ ਘੁਮਾਨ, ਜਨਰਲ ਸਕੱਤਰੀ ਸੁਰੇਂਦਰ ਬੇਨੀਵਾਲ, ਡਾ. ਸਤਵੀਰ ਤੋਮਰ, ਵਿਨੋਦ ਰਾਣਾ, ਰਾਮ ਦੁਰੇਜਾ, ਜਸਬੀਰ ਰਾਣਾ, ਸ਼ਾਮ ਸਿੰਘ ਮਾਨ, ਰਣਬੀਰ ਕਤਲਾਹੇੜੀ ਅਤੇ ਸ਼ਾਹਿਦ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ ।