ਨਵਜੋਤ ਕੌਰ ਸਿੱਧੂ ਦਾ ਰੰਧਾਵਾ 'ਤੇ ਪਲਟਵਾਰ: 'ਨੋਟਿਸ ਬੇਬੁਨਿਆਦ, ਵਾਪਸ ਨਾ ਲਿਆ ਤਾਂ ਕਰਾਂਗੀ ਕਾਨੂੰਨੀ ਕਾਰਵਾਈ'
ਚੰਡੀਗੜ੍ਹ, 10 ਦਸੰਬਰ- ਕਾਂਗਰਸ ਅੰਦਰ ਚੱਲ ਰਿਹਾ ਸਿਆਸੀ ਘਮਾਸਾਣ ਹੁਣ ਕਾਨੂੰਨੀ ਲੜਾਈ ਵਿਚ ਬਦਲ ਗਿਆ ਹੈ। ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਭੇਜੇ ਗਏ ਮਾਣਹਾਨੀ ਦੇ ਕਾਨੂੰਨੀ ਨੋਟਿਸ ਦਾ ਕਰਾਰਾ ਜਵਾਬ ਦਿੱਤਾ ਹੈ।
ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਦਿੱਤੇ ਬਿਆਨਾਂ 'ਤੇ ਪੂਰੀ ਤਰ੍ਹਾਂ ਕਾਇਮ ਹਨ। ਉਨ੍ਹਾਂ ਰੰਧਾਵਾ ਦੇ ਕਾਨੂੰਨੀ ਨੋਟਿਸ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਰੰਧਾਵਾ ਨੇ ਇਹ ਨੋਟਿਸ ਵਾਪਸ ਨਾ ਲਿਆ ਤਾਂ ਉਹ ਵੀ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ।
ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਟਿੱਪਣੀਆਂ 'ਬੋਲਣ ਦੀ ਆਜ਼ਾਦੀ'ਅਧੀਨ ਆਉਂਦੀਆਂ ਹਨ ਅਤੇ ਇਹ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹਨ।
ਇਹ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਨਵਜੋਤ ਕੌਰ ਸਿੱਧੂ ਨੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ 'ਤੇ ਗੰਭੀਰ ਦੋਸ਼ ਲਗਾਏ ਸਨ। ਨਵਜੋਤ ਕੌਰ ਸਿੱਧੂ ਨੇ ਜਨਤਕ ਤੌਰ 'ਤੇ ਕਿਹਾ ਸੀ ਕਿ ਰੰਧਾਵਾ ਦੇ ਤਸਕਰਾਂ ਨਾਲ ਸੰਬੰਧ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਰੰਧਾਵਾ ਨੇ ਰਾਜਸਥਾਨ ਵਿਚ ਪਾਰਟੀ ਦੀਆਂ ਟਿਕਟਾਂ ਵੇਚਣ ਵਿਚ ਵੱਡਾ ਭ੍ਰਿਸ਼ਟਾਚਾਰ ਕੀਤਾ ਹੈ।
ਇਨ੍ਹਾਂ ਬਿਆਨਾਂ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕੱਲ੍ਹ ਹੀ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਕੇ 7 ਦਿਨਾਂ ਦੇ ਅੰਦਰ ਜਨਤਕ ਮੁਆਫੀ ਮੰਗਣ ਲਈ ਕਿਹਾ ਸੀ, ਜਿਸ ਦਾ ਜਵਾਬ ਹੁਣ ਸਿੱਧੂ ਨੇ ਸਖ਼ਤ ਸ਼ਬਦਾਂ ਵਿਚ ਦਿੱਤਾ ਹੈ।
;
;
;
;
;
;
;
;