ਡੇਅਰੀ ਧੰਦੇ 'ਚ ਕ੍ਰਾਂਤੀ ਲਈ ਪੀ.ਡੀ.ਐਫ਼ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਤਜਵੀਜ਼
ਜਗਰਾਉਂ ( ਲੁਧਿਆਣਾ) , 25 ਦਸੰਬਰ ( ਕੁਲਦੀਪ ਸਿੰਘ ਲੋਹਟ) - ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ( ਪੀ. ਡੀ. ਐੱਫ. ਏ. ) ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪੰਜਾਬ ਦੇ ਲੱਖਾਂ ਡੇਅਰੀ ਕਿਸਾਨਾਂ ਦੀਆਂ ਗੰਭੀਰ ਚਿੰਤਾਵਾਂ ਅਤੇ ਰਾਜ ਦੇ ਡੇਅਰੀ ਉਦਯੋਗ 'ਤੇ ਮੰਡਰਾ ਰਹੇ ਆਰਥਿਕ ਸੰਕਟ ਵੱਲ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ। ਪੰਜਾਬ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਦੁੱਧ ਉਤਪਾਦਕਾਂ ਨੇ ਆਖਿਆ ਕਿ ਪੰਜਾਬ ਪ੍ਰੋਗਰੈਸਿਵ ਡੇਅਰੀ ਫਾਰਮਿੰਗ ਦੀ ਅਗਵਾਈ ਹੇਠ ਪੰਜਾਬ ਦੇਸ਼ ਭਰ ਵਿਚ ਆਪਣੇ ਮਜ਼ਬੂਤ ਅਤੇ ਅਗੇਤਰੀ ਡੇਅਰੀ ਉਦਯੋਗ ਲਈ ਜਾਣਿਆ ਜਾਂਦਾ ਹੈ। ਇਹ ਖੇਤਰ ਨਾ ਸਿਰਫ਼ ਰਾਜ ਦੀ ਆਰਥਿਕਤਾ ਦਾ ਇਕ ਮਹੱਤਵਪੂਰਨ ਸਤੰਭ ਹੈ, ਸਗੋਂ ਇਸ ਨੇ ਪਿੰਡਾਂ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਪੰਜਾਬ ਦੇ ਵੱਡੀ ਗਿਣਤੀ ਪੜ੍ਹੇ-ਲਿਖੇ ਨੌਜਵਾਨਾਂ ਨੇ ਵਿਦੇਸ਼ ਜਾਣ ਜਾਂ ਨੌਕਰੀਆਂ ਪਿੱਛੇ ਭੱਜਣ ਦੀ ਬਜਾਏ ਡੇਅਰੀ ਫਾਰਮਿੰਗ ਨੂੰ ਇਕ ਪੇਸ਼ੇ ਵਜੋਂ ਅਪਣਾਇਆ ਹੈ। ਇਸ ਨਾਲ ਸੂਬੇ ਵਿਚ ਬੇਰੁਜ਼ਗਾਰੀ ਦੀ ਦਰ ਵਿਚ ਵੱਡੀ ਗਿਣਤੀ ਵਿਚ ਕਮੀ ਆਈ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਲੱਖਾਂ ਰੁਪਏ ਦੇ ਕਰਜ਼ੇ ਲੈ ਕੇ ਆਧੁਨਿਕ ਡੇਅਰੀ ਫਾਰਮ ਸਥਾਪਿਤ ਕੀਤੇ ਹਨ, ਜਿਸ ਨਾਲ ਪੰਜਾਬ ਦੁੱਧ ਉਤਪਾਦਨ ਵਿਚ ਮੋਹਰੀ ਬਣਿਆ ਹੈ। ਪਰ, ਹਾਲ ਹੀ ਵਿਚ ਲਏ ਗਏ ਕੁਝ ਫ਼ੈਸਲਿਆਂ ਨੇ ਇਸ ਉਦਯੋਗ ਅਤੇ ਇਨ੍ਹਾਂ ਨੌਜਵਾਨਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਪੀ. ਡੀ. ਐਫ. ਨੇ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਅਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਡੇਅਰੀ ਫਾਰਮਿੰਗ ਨਾਲ ਜੁੜੇ ਹੋਰ ਨੁਕਤੇ ਤਿਆਰ ਕੀਤੇ ਹਨ ਜਿੰਨ੍ਹਾਂ 'ਤੇ ਚਰਚਾ ਕਰਨ ਲਈ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਹੈ। ਸਦਰਪੁਰਾ ਅਨੁਸਾਰ ਮਾਣਯੋਗ ਮੁੱਖ ਮੰਤਰੀ ਨਾਲ ਇਹ ਮੀਟਿੰਗ ਪੰਜਾਬ ਅੰਦਰ ਦੁੱਧ ਉਤਪਾਦਨ ਨਾਲ ਜੁੜੇ ਵਰਗ ਅੰਦਰ ਨਵੀਂ ਕ੍ਰਾਂਤੀ ਲੈ ਕੇ ਆਵੇਗੀ।
;
;
;
;
;
;
;