ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਂਚ ਕਰਨ ਤੋਂ ਬਾਅਦ ਪਿੰਡ ਗੋਪੀਪੁਰ ਦੇ ਸਰਪੰਚ ਨੂੰ ਕੀਤਾ ਮੁਅੱਤਲ
ਸੁਲਤਾਨਪੁਰ ਲੋਧੀ (ਕਪੂਰਥਲਾ),29 ਦਸੰਬਰ (ਪ.ਪ. ਰਾਹੀਂ) - ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਗੋਪੀਪੁਰ ਦੇ ਸਰਪੰਚ ਗੁਰਪ੍ਰਿੰਸ ਸਿੰਘ ਅਤੇ ਮੈਂਬਰ ਰਾਜਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਆਪਣੇ ਹੁਕਮ ਵਿਚ ਲਿਖਿਆ ਹੈ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਆਪਣੇ ਪੱਤਰ ਨੰਬਰ ਰੀਡਰ/ਡੀ. ਡੀ. ਪੀ. ਓ./2853 ਮਿਤੀ 22.08.2025 ਰਾਹੀਂ ਸੂਚਿਤ ਕੀਤਾ ਸੀ ਕਿ ਸਰਪੰਚ ਗ੍ਰਾਮ ਪੰਚਾਇਤ ਗੋਪੀਪੁਰ ਵਲੋਂ ਆਪਣੇ ਪੱਧਰ ਤੇ ਸੀਵਰੇਜ ਦਾ ਕੰਮ ਕਰਵਾ ਕੇ ਸਰਕਾਰ ਦੀਆਂ ਹਿਦਾਇਤਾਂ ਦੀ ਉਲੰਘਣਾ ਕੀਤੀ ਹੈ।ਛੱਪੜ ਵਾਲੀ ਜਗਾ ਤੇ ਪਾਰਕ ਜਾਂ ਕੋਈ ਹੋਰ ਚੀਜ਼ ਬਣਾਉਣ ਦੀ ਤਜਵੀਜ਼ ਸੀ, ਉਸ ਦਾ ਵੀ ਸਰਪੰਚ ਵਲੋਂ ਵਿਚਕਾਰ ਦੀ ਪਾਇਪ ਪਾਉਣ ਨਾਲ ਨੁਕਸਾਨ ਹੋਇਆ ਹੈ। ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਐਸਟੀਮੇਟ ਵੀ ਨਹੀਂ ਲਾਇਆ ਗਿਆ।ਇਸ ਤੋਂ ਇਲਾਵਾ ਪੰਚਾਇਤੀ ਜ਼ਮੀਨ ਦੀ ਬੋਲੀ ਨਿਗਰਾਨ ਅਧਿਕਾਰੀ ਦੀ ਗ਼ੈਰਹਾਜ਼ਰੀ ਵਿਚ ਆਪਣੇ ਪੱਧਰ 'ਤੇ ਕੀਤੀ ਗਈ । ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਕਪੂਰਥਲਾ ਵਲੋਂ ਕੀਤੀ ਜਾਂਚ ਤੋਂ ਬਾਅਦ ਆਪਣੇ ਪੱਤਰ ਨੰਬਰ 3833 ਮਿਤੀ 27 .11.2025 ਸਰਪੰਚ ਅਤੇ ਪੰਚ ਵਿਰੁੱਧ ਦੋਸ਼ ਤੈਅ ਕੀਤੇ। ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (5) ਮੁਅੱਤਲ ਹੋਣ ਵਾਲਾ ਸਰਪੰਚ ਅਤੇ ਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕੇਗਾ।
;
;
;
;
;
;
;
;