ਸਕਾਰਪੀਓ ਸਵਾਰ ਲੁਟੇਰਿਆਂ ਨੇ ਟਰੱਕ ਨੂੰ ਘੇਰ ਕੇ ਲੁੱਟਿਆ- ਡਰਾਇਵਰ ਦੀ ਕੀਤੀ ਕੁੱਟਮਾਰ
ਮਾਨਾਂਵਾਲਾ, (ਅੰਮ੍ਰਿਤਸਰ), 3 ਜਨਵਰੀ (ਗੁਰਦੀਪ ਸਿੰਘ ਨਾਗੀ)- ਅੱਜ ਤੜਕਸਾਰ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਕਸਬਾ ਮਾਨਾਂਵਾਲਾ ਵਿਖੇ ਸਕਾਰਪੀਓ ਸਵਾਰ ਲੁਟੇਰਿਆਂ ਨੇ ਨਵ ਭਾਰਤ ਗੁੱਡਸ ਕੈਰੀਅਰ ਅੰਮ੍ਰਿਤਸਰ ਦੇ ਇਕ ਟਰੱਕ ਨੂੰ ਘੇਰ ਕੇ ਲੁੱਟਿਆ ਤੇ ਡਰਾਈਵਰ ਨੂੰ ਸੱਟਾਂ ਲਗਾ ਕੇ ਫ਼ਰਾਰ ਹੋ ਗਏ । ਟਰੱਕ ਡਰਾਈਵਰ ਦਲਜੀਤ ਸਿੰਘ ਪੁੱਤਰ ਧੀਰ ਸਿੰਘ ਵਾਸੀ ਸੁਲਤਾਨਵਿੰਡ ਨੇ ਦੱਸਿਆ ਕਿ ਉਹ ਸਵੇਰੇ ਅੰਮ੍ਰਿਤਸਰ ਤੋਂ ਲੁਧਿਆਣਾ ਲਈ ਰਵਾਨਾ ਹੋਇਆ ਸੀ ਕਿ ਜਦੋਂ ਉਹ 6 ਵਜੇ ਦੇ ਕਰੀਬ ਮਾਨਾਂਵਾਲਾ ਦਾ ਪੁਲ ਉਤਰ ਕੇ ਅੱਡਾ ਮਾਨਾਂਵਾਲਾ ਲੰਘ ਰਿਹਾ ਸੀ ਕਿ ਇਕ ਕਾਲੇ ਰੰਗ ਦੀ ਸਕਾਰਪੀਓ ਸਵਾਰ ਨੇ ਕਾਰ ਟਰੱਕ ਦੇ ਅੱਗੇ ਖੜ੍ਹੀ ਕਰ ਦਿੱਤੀ ਅਤੇ ਉਸ ਵਿਚੋਂ ਚਾਰ ਲੁਟੇਰੇ ਨਿਕਲੇ, ਜਿੰਨ੍ਹਾਂ ਵਿਚੋਂ ਦੋ ਨੇ ਮੈਨੂੰ ਫੜ ਲਿਆ ਤੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਤੇ ਮੇਰੇ ਸਿਰ ਵਿਚ ਕੜ੍ਹੇ ਨਾਲ ਵਾਰ ਕਰਕੇ ਮੈਨੂੰ ਸੱਟਾਂ ਮਾਰੀਆਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੇ ਟਰੱਕ ਦੀ ਤਰਪਾਲ ਪਾੜ ਕੇ ਕੱਪੜੇ ਦੀ ਗੰਢ ਚੋਰੀ ਕਰਕੇ ਸਕਾਰਪੀਓ ਵਿਚ ਰੱਖ ਲਈ ਤੇ ਫਰਾਰ ਹੋ ਗਏ। ਡਰਾਈਵਰ ਨੇ ਦੱਸਿਆ ਕਿ ਧੁੰਦ ਕਾਰਨ ਸਕਾਰਪੀਓ ਦਾ ਪੂਰਾ ਨੰਬਰ ਨਹੀਂ ਪੜ੍ਹ ਸਕਿਆ ਪਰ ਪੀ.ਬੀ. 08 ਨੰਬਰ ਉਸ ਨੂੰ ਪਤਾ ਹੈ।
;
;
;
;
;
;
;
;