JALANDHAR WEATHER

ਜਗਰਾਉਂ ਦੀ ਰੌਸ਼ਨੀ ਦਾ ਮੇਲਾ ਧੂਮ-ਧੜੱਕੇ ਨਾਲ ਸ਼ੁਰੂ

ਜਗਰਾਉਂ ( ਲੁਧਿਆਣਾ ), 24 ਫਰਵਰੀ ( ਕੁਲਦੀਪ ਸਿੰਘ ਲੋਹਟ)-ਜਗਰਾਉਂ ਦੀ ਰੌਸ਼ਨੀ ਦਾ ਮੇਲਾ ਅੱਜ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਹ ਮੇਲਾ ਪੰਜਾਬ ਦੇ ਪ੍ਰਸਿੱਧ ਮੇਲਿਆਂ 'ਚੋਂ ਇਕ ਹੈ। ਇਕ ਮੁਸਲਮਾਨ ਸੂਫੀ ਫਕੀਰ ਮੋਹਕਮ ਦੀਨ ਦੀ ਕਬਰ ਉਤੇ ਫੱਗਣ ਮਹੀਨੇ ਦੀ 14 ਤੋਂ 16 ਤਰੀਕ ਤੱਕ ਚੱਲਣ ਵਾਲੇ ਇਸ ਮੇਲੇ ਦੇ ਫਕੀਰ ਨੂੰ ਬਹੁਤ ਕਰਨੀ ਵਾਲਾ ਮੰਨਿਆ ਜਾਂਦਾ ਹੈ। ਲੋਕ ਇਸ ਦੀ ਕਬਰ ਉਤੇ ਆ ਕੇ ਸੁੱਖਾਂ ਸੁੱਖਦੇ ਹਨ। ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਮੇਲੇ ਵਾਲੇ ਦਿਨ ਕਬਰ ਉੱਪਰ ਰਾਤ ਨੂੰ ਦੀਵੇ ਜਗਾਉਂਦੇ ਹਨ। ਇਸ ਕਰਕੇ ਹੀ ਇਸ ਮੇਲੇ ਨੂੰ ਰੌਸ਼ਨੀ ਦਾ ਮੇਲਾ ਕਿਹਾ ਜਾਂਦਾ ਹੈ।

ਇਹ ਮੇਲਾ ਹਜਰਤ ਬਾਬਾ ਮੋਹਕਮ ਅਲੀ ਅੱਲਾ ਦੀ ਯਾਦ ਵਿਚ ਲਗਦਾ ਹੈ, ਜਿਹਨਾਂ ਦੇ ਪੰਜ ਯਾਰ ਅਤੇ 48 ਸ਼ਰਧਾਲੂ ਸਨ। ਇਥੋਂ ਪੰਜ ਪੀਰ, ਪੀਰ ਲੱਪੇ ਸ਼ਾਹ, ਪੀਰ ਮੋਹਕਮ ਦੀਨ, ਪੀਰ ਜਾਮਨ ਸ਼ਾਹ, ਪੀਰ ਟੁੰਡੇ ਸ਼ਾਹ ਅਤੇ ਪੀਰ ਮਹਿੰਦੇ ਸ਼ਾਹ ਹੋਏ। ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕੋਈ ਔਲਾਦ ਨਹੀਂ ਸੀ, ਔਲਾਦ ਦੀ ਚਾਹਤ ਲੈ ਕੇ ਮੁਗ਼ਲ ਬਾਦਸ਼ਾਹ ਪੀਰ ਦੀ ਦਰਗਾਹ ’ਤੇ ਪੁੱਜਾ ਤਾਂ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਬਾਦਸ਼ਾਹ ਦੇ ਘਰ ਲੜਕੀ ਅਤੇ ਪੁੱਤਰ ਨੇ ਜਨਮ ਲਿਆ ਅਤੇ ਪੀਰ ਜੀ ਦੇ ਕਹਿਣ ’ਤੇ ਬਾਦਸ਼ਾਹ ਨੇ ਆਪਣੇ ਪੁੱਤਰ ਦਾ ਨਾਮ ‘ਸ਼ਾਹਜਹਾਂ’ ਰੱਖਿਆ। ਇਸ ਦੇ ਫਲਸਰੂਪ ਜਹਾਂਗੀਰ ਨੇ ਪੁੱਤਰ ਪ੍ਰਾਪਤੀ ਤੋਂ ਬਾਅਦ ਘਿਉ ਦੇ ਦੀਵੇ ਬਾਲ ਕੇ ਰੌਸ਼ਨੀ ਕੀਤੀ। ਜਹਾਂਗੀਰ ਖੁਸ਼ੀ ਵਿੱਚ ਜੋ ਰੁਪਏ ਲਿਆਇਆ ਸੀ, ਪੀਰ ਮੋਹਕਮਦੀਨ ਨੇ ਉਹ ਸਾਰੇ ਲੋਕਾਂ ’ਚ ਵੰਡਾ ਦਿੱਤੇ ਅਤੇ ਲੋਕਾਂ ਨੂੰ ਵੀ ਆਪਣੇ ਘਰ-ਗਲੀਆਂ ’ਚ ਰੌਸ਼ਨੀ ਕੀਤੀ। ਇਸ ਤਰ੍ਹਾਂ ਰੌਸ਼ਨੀ ਦਾ ਇਹ ਮੇਲਾ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ। ਮੇਲੇ ਸਬੰਧੀ ਦਰਗਾਹ ਦੇ ਪ੍ਰਮੁੱਖ ਸੇਵਾਦਾਰ ਨੂਰਦੀਨ ਨੇ ਦੱਸਿਆ ਕਿ ਇਹ ਮੇਲਾ ਚਾਰ ਦਿਨ ਚੱਲੇਗਾ ਤੇ ਦੋਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋ ਕੇ ਜੀਵਨ ਸਫਲਾ ਕਰਨਗੀਆਂ । ਉਧਰ ਐਸ. ਡੀ. ਐਮ. ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਮੇਲੇ ਸੰਬੰਧੀ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮਾਹੌਲ ਸ਼ਾਂਤਮਈ ਬਣਾਈ ਰੱਖਣ ਦੀ ਆਪੀਲ ਕੀਤੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ