ਹਵਲਦਾਰ ਗੁਰਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ (ਭੁੱਲਰ,ਧਾਲੀਵਾਲ)- ਦੇਸ਼ ਵਿਰੋਧੀ ਅਨਸਰਾਂ ਨਾਲ ਹੋਈ ਮੁੱਠਭੇੜ ਦੌਰਾਨ ਮਨੀਪੁਰ 'ਚ ਸ਼ਹੀਦ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਹਿਲਾਂ ਚੌਂਕ ਦੇ ਅਸਾਮ ਰਾਈਫਲ ਵਿਚ ਤਾਇਨਾਤ ਫੌਜੀ ਜਵਾਨ ਹਵਲਦਾਰ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਹਿਲਾਂ ਚੌਂਕ ਦੇ ਸਮਸ਼ਾਨਘਾਟ ਵਿਖੇ ਸਿਆਸੀ ਆਗੂਆਂ ਸਮੇਤ ਵੱਡੀ ਗਿਣਤੀ 'ਚ ਇਲਾਕਾ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਇਸ ਸਮੇਂ ਫੌਜ ਦੇ ਅਧਿਕਾਰੀਆਂ ਅਤੇ ਐਸ. ਡੀ. ਐਮ. ਸੁਨਾਮ ਗਗਨਦੀਪ ਸਿੰਘ ਵਲੋਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਰੀਥ ਚੜ੍ਹਾ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਫੌਜ ਦੀ ਇਕ ਟੁਕੜੀ ਵਲੋਂ ਸ਼ਹੀਦ ਨੂੰ ਸਲਾਮੀ ਵੀ ਦਿੱਤੀ ਗਈ। ਇਸ ਸਮੇਂ ਸ਼ਹੀਦ ਦੀ ਚਿਖਾ ਨੂੰ ਉਨ੍ਹਾਂ ਦੇ ਬੇਟੇ ਸੁਖਮਨ ਸਿੰਘ ਵਲੋਂ ਅਗਨੀ ਵਿਖਾਈ ਗਈ। ਮ੍ਰਿਤਕ ਦੇਹ ਜਿਵੇਂ ਹੀ ਸਮਸ਼ਾਨਘਾਟ ਪੁੱਜੀ ਤਾਂ ਮਾਹੌਲ ਬਹੁਤ ਹੀ ਗਮਗੀਨ ਬਣ ਗਿਆ। ਪ੍ਰਸ਼ਾਸਨ ਵਲੋਂ ਐਸ. ਡੀ. ਐਮ. ਸੁਨਾਮ ਗਗਨਦੀਪ ਸਿੰਘ ਨੇ ਪਰਿਵਾਰ ਨੂੰ ਹਰ ਸਹਾਇਤਾ ਦੇਣ ਦਾ ਵਿਸਵਾਸ਼ ਦਿਵਾਉਂਦਿਆਂ ਕਿਹਾ ਕਿ ਸ਼ਹੀਦ ਜਿਥੇ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਉੱਥੇ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਸਰੋਤ ਵੀ ਹੁੰਦੇ ਹਨ। ਇਸ ਮੌਕੇ ਡੀ. ਐਸ. ਪੀ. ਦਿੜ੍ਹਬਾ ਰੁਪਿੰਦਰ ਕੌਰ ਬਾਜਵਾ,ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਓ. ਐਸ. ਡੀ. ਤਪਿੰਦਰ ਸਿੰਘ ਸੋਹੀ,ਚੇਅਰਮੈਨ ਪ੍ਰੀਤਮ ਸਿੰਘ ਪੀਤੂ,ਸਰਪੰਚ ਰਵਿੰਦਰ ਸਿੰਘ ਅਤੇ ਨੰਬਰਦਾਰ ਰਣ ਸਿੰਘ ਮਹਿਲਾਂ ਆਦਿ ਮੌਜੂਦ ਸਨ।
;
;
;
;
;
;
;
;