ਪੰਜਗਰਾਈਂ ਕਲਾਂ ਦੇ ਨੌਜਵਾਨ ਦੀ ਰਹੱਸਮਈ ਹਾਲਾਤ 'ਚ ਮੌਤ
ਪੰਜਗਰਾਈਂ ਕਲਾਂ, 5 ਮਾਰਚ(ਸੁਖਮੰਦਰ ਸਿੰਘ ਬਰਾੜ)-ਪੰਜਗਰਾਈਂ ਕਲਾਂ ਤੋਂ ਮੱਲਕੇ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਪੰਜਗਰਾਈਂ ਕਲਾਂ ਦੇ ਨੌਜਵਾਨ ਦੀ ਰਹੱਸਮਈ ਹਾਲਾਤ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਹਰਦੀਪ ਸਿੰਘ ਪੁੱਤਰ ਗੁਰਦਾਸ ਸਿੰਘ ਆਪਣੇ ਸਾਥੀ ਕੱਲੂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਹਮੀਰਗੜ੍ਹ ਤੋਂ ਪੰਜਗਰਾਈਂ ਕਲਾਂ ਨੂੰ ਵਾਪਸ ਆ ਰਿਹਾ ਸੀ ਤਾਂ ਦੋਵਾਂ ਪਿੰਡਾਂ ਦੀ ਹੱਦ ਤੋਂ ਕੁਝ ਕੁ ਫਰਲਾਂਗ ਪਿੱਛੇ ਉਸਨੂੰ ਪਿੰਡ ਮੱਲਕੇ ਦੇ ਕਿਸਾਨਾਂ ਵਲੋਂ ਜ਼ਖਮੀ ਹਾਲਤ 'ਚ ਦੇਖਿਆ ਤਾਂ ਉਨ੍ਹਾਂ ਨੇ ਪਿੰਡ ਮੱਲਕੇ ਦੇ ਸਰਪੰਚ ਨੂੰ ਸੂਚਿਤ ਕੀਤਾ। ਸਰਪੰਚ ਵਲੋਂ ਇਸ ਦੀ ਸੂਚਨਾ ਤੁਰੰਤ ਥਾਣਾ ਸਮਾਲਸਰ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਹਰਦੀਪ ਸਿੰਘ ਦੇ ਸਿਰ, ਛਾਤੀ ਅਤੇ ਬਾਹਾਂ ’ਤੇ ਡੂੰਘੇ ਜ਼ਖਮ ਸਨ ਤੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ। ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪੁਲਿਸ ਅਤੇ ਪਰਿਵਾਰ ਵਲੋਂ ਕੋਟਕਪੂਰੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਦੇ ਜ਼ਖ਼ਮਾਂ ਦੀ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਪ੍ਰੰਤੂ ਮੈਡੀਕਲ ਕਾਲਜ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਏਮਜ਼ ਬਠਿੰਡੇ ਨੂੰ ਰੈਫ਼ਰ ਕਰ ਦਿੱਤਾ, ਜਿੱਥੇ ਪਹੁੰਚ ਕੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਆਪਣੇ ਜਵਾਨ ਪੁੱਤਰ ਦਾ ਕਤਲ ਹੋ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;