ਈਰਾਨ ਵਿਚਲੇ ਇਤਿਹਾਸਕ ਗੁਰੂ ਧਾਮਾਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਦਖ਼ਲ ਦੇਵੇ- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 7 ਮਾਰਚ (ਥਿੰਦ)-ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ 13 ਦਿਨਾਂ ਦੀ ਫਿਲੀਪਾਈਨ ਫੇਰੀ ਦੌਰਾਨ ਸਵਦੇਸ਼ ਰਵਾਨਾ ਹੋਣ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸੰਤ ਸੀਚੇਵਾਲ ਨੇ ਅਮਰੀਕਾ ਅਤੇ ਇਜ਼ਰਾਇਲ ਵਲੋਂ ਇਰਾਨ ‘ਤੇ ਕੀਤੇ ਜਾ ਰਹੇ ਤਿੱਖੇ ਹਮਲਿਆਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਈਰਾਨ ‘ਤੇ ਹੋ ਰਹੇ ਹਮਲਿਆਂ ਨਾਲ ਜਿੱਥੇ ਸਕੂਲੀ ਬੱਚਿਆਂ ਅਤੇ ਹੋਰ ਜਨਤਕ ਥਾਵਾਂ ‘ਤੇ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਥੇ ਸਿੱਖਾਂ ਦੇ ਇਤਿਹਾਸਕ ਗੁਰੂ ਧਾਮ ਵੀ ਇਨ੍ਹਾਂ ਮਿਜ਼ਾਈਲਾਂ, ਡਰੋਨਾਂ ਅਤੇ ਬੰਬਾਂ ਦੀ ਮਾਰ ਹੇਠ ਆਏ ਹੋਏ ਹਨ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਦੀ ਫਿਲੀਪਾਈਨ ਦੀ ਫੇਰੀ ਦੇ 6ਵੇਂ ਦਿਨ ਹੀ ਜੰਗ ਛਿੜ ਗਈ ਸੀ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜੰਗ ’ਚ ਤੁਰੰਤ ਦਖ਼ਲ ਦੇਵੇ ਤਾਂ ਜੋ ‘ਸਰਬੱਤ ਦੇ ਭਲੇ ਦੇ ਪ੍ਰਤੀਕ’ ਸਿੱਖ ਧਰਮ ਦੇ ਦੋਵੇਂ ਗੁਰੂ ਘਰ ਸੁਰੱਖਿਅਤ ਰਹਿ ਸਕਣ।
ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰੁਤਬੇ ਦੀ ਵਰਤੋਂ ਕਰਦਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਨਾਲ ਸੰਬੰਧਿਤ ਗੁਰੂ ਘਰਾਂ ਦੀ ਸੁਰੱਖਿਆ ਯਕੀਨੀ ਬਣਾਉਣ ’ਚ ਆਪਣੀ ਕੂੰਜੀਵਤ ਭੂਮਿਕਾ ਨਿਭਾਉਣ। ਸੰਤ ਸੀਚੇਵਾਲ ਨੇ ਕੌਮਾਂਤਰੀ ਸੰਸਥਾਵਾਂ ਅਤੇ ਖ਼ਾਸ ਕਰਕੇ ਯੂ.ਐਨ.ਓ. ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਦੁਨੀਆਂ ਨੂੰ ਅਮਨ ਸ਼ਾਂਤੀ ਦਾ ਰਾਹ ਦਿਖਾਉਣ ਵਾਲੇ ਰਹਿਬਰ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਨੂੰ ਇਨ੍ਹਾਂ ਵਰ੍ਹਦੀਆਂ ਮਿਜ਼ਾਈਲਾਂ ਅਤੇ ਬੰਬਾਂ ਦੀ ਮਾਰ ਨਾਲ ਹੋਣ ਵਾਲੀ ਤਬਾਹੀ ਤੋਂ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਜੀ-20 ਮੁਲਕਾਂ ਦੇ ਮੁਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਨੂੰ ਬਚਾਉਣ ਲਈ ਆਪਣੇ ਪ੍ਰਭਾਵ ਦੀ ਤੁਰੰਤ ਵਰਤੋਂ ਕਰਨ। ਸੰਤ ਸੀਚੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਅਤੇ ਆਖਰੀ ਉਦਾਸੀ ਦੌਰਾਨ ਅਰਬ ਦੇਸ਼ਾਂ ਦਾ ਦੌਰਾ ਕੀਤਾ ਸੀ। ਇਸੇ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਇਰਾਨ ’ਚੋਂ ਦੀ ਲੰਘਦਿਆ ਦੇਸ਼ ਦੀ ਮੌਜੂਦਾ ਰਾਜਧਾਨੀ ਤਹਿਰਾਨ ’ਚ ਇਕ ਪੜਾਅ ਕੀਤਾ ਸੀ ਅਤੇ ਦੂਜਾ ਪੜਾਅ ਜ਼ਾਹੇਦਾਨ ਸ਼ਹਿਰ ’ਚ ਕੀਤਾ ਸੀ। ਉਨ੍ਹਾਂ ਕਿਹਾ ਕਿ ਇਤਿਹਾਸਕ ਅਸਥਾਨਾਂ ਦੀ ਮਹੱਤਤਾ ਉਦੋਂ ਹੀ ਰਹਿੰਦੀ ਹੈ, ਜਦੋਂ ਉਹ ਸੰਕਟਾਂ ਦੌਰਾਨ ਵੀ ਕਾਇਮ ਰਹਿੰਦੇ ਹਨ।
;
;
;
;
;
;