ਕਟਕ ਮੈਡੀਕਲ ਕਾਲਜ ਅੱਗ ਕਾਂਡ ਵਿਚ ਮਰਨ ਵਾਲਿਆਂ ਦੀ ਗਿਣਤੀ 12 ਹੋਈ
ਕਟਕ (ਓਡੀਸ਼ਾ), 17 ਮਾਰਚ (ਏਐਨਆਈ): ਓਡੀਸ਼ਾ ਦੇ ਕਟਕ ਵਿਚ ਐਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਸੈਂਟਰ ਵਿਚ ਇਕ ਦੁਖਦਾਈ ਅੱਗ ਦੀ ਘਟਨਾ ਵਿਚ 12 ਮਰੀਜ਼ਾਂ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਤੜਕੇ ਕਟਕ ਵਿਚ ਐਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਆਈ.ਸੀ.ਯੂ. ਸੈਂਟਰ ਵਿਚ ਵਾਪਰੀ।ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਨੇ ਓਡੀਸ਼ਾ ਵਿਧਾਨ ਸਭਾ ਵਿਚ ਦੱਸਿਆ ਕਿ ਪਹਿਲੀ ਮੰਜ਼ਿਲ ਦੇ ਆਈ.ਸੀ.ਯੂ. ਵਿਚ ਅੱਗ ਲੱਗ ਗਈ, ਜਿਸ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਆਈ.ਸੀ.ਯੂ. ਅਤੇ ਨੇੜਲੇ ਵਾਰਡਾਂ ਵਿਚੋਂ 23 ਮਰੀਜ਼ਾਂ ਨੂੰ ਜਲਦੀ ਬਾਹਰ ਕੱਢਿਆ। ਤੁਰੰਤ ਪ੍ਰਤੀਕਿਰਿਆ ਦੇ ਬਾਵਜੂਦ, 7 ਗੰਭੀਰ ਰੂਪ ਵਿਚ ਬਿਮਾਰ ਮਰੀਜ਼ਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 5 ਹੋਰ ਬਾਅਦ ਵਿਚ ਦੂਜੇ ਵਾਰਡਾਂ ਵਿਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਲਾਜ ਦੌਰਾਨ ਦਮ ਤੋੜ ਗਏ। ਬਚਾਅ ਕਾਰਜ ਵਿਚ, ਮਰੀਜ਼ਾਂ ਨੂੰ ਬਚਾਉਂਦੇ ਹੋਏ ਹਸਪਤਾਲ ਦੇ 11 ਸਟਾਫ ਮੈਂਬਰਾਂ ਨੂੰ ਸੱਟਾਂ ਲੱਗੀਆਂ। ਸਾਰੇ ਜ਼ਖਮੀ ਸਟਾਫ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ 16 ਮਾਰਚ ਦੀ ਸਵੇਰ ਨੂੰ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਸਭ ਤੋਂ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰਾਂ ਲਈ 25 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ। ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ।
;
;
;
;
;
;
;
;