ਕਾਲੀ ਮਾਤਾ ਮੰਦਰ ਨੇੜੇ ਫਾਇਰਿੰਗ ਮਾਮਲਾ: ਦੋਵਾਂ ਪੱਖਾਂ ਦੇ 8 ਮੁਲਜ਼ਮ ਗ੍ਰਿਫ਼ਤਾਰ
ਮੋਗਾ, 17 ਮਾਰਚ- ਮੋਗਾ ਦੇ ਕਾਲੀ ਮਾਤਾ ਮੰਦਰ ਨੇੜੇ 10 ਮਾਰਚ ਨੂੰ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਦੋਵਾਂ ਪੱਖਾਂ ਨਾਲ ਸੰਬੰਧਿਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਸਾਊਥ ਪੁਲਿਸ ਵਲੋਂ ਪਿਛਲੇ ਮੰਗਲਵਾਰ ਕਾਲੀ ਮਾਤਾ ਮੰਦਰ ਦੇ ਨੇੜੇ ਸਕਾਰਪਿਓ ਗੱਡੀ ‘ਤੇ ਹੋਈ ਫਾਇਰਿੰਗ ਦੌਰਾਨ ਜ਼ਖ਼ਮੀ ਹੋਏ ਕੁਲਜੀਤ ਸਿੰਘ ਨੂੰ ਪੁਰਾਣੇ ਮਾਮਲੇ ਵਿਚ ਆਪਣੇ ਸਾਥੀਆਂ ਸਮੇਤ ਐਤਵਾਰ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ਵਿਚ ਇਕ ਆਮ ਆਦਮੀ ਪਾਰਟੀ ਦਾ ਵਰਕਰ ਵੀ ਸ਼ਾਮਲ ਹੈ, ਜਿਸ ਦਾ ਸੋਮਵਾਰ ਨੂੰ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੋ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਦਕਿ ਪੁਰਾਣੇ ਮਾਮਲੇ ਵਿੱਚ ਵਾਂਟੇਡ ਕੁਲਜੀਤ ਸਿੰਘ ਸਮੇਤ ਕੇਸ ਨੰਬਰ 95 ਦੇ ਕ੍ਰਾਸ ਕੇਸ ਵਿਚ ਸ਼ਾਮਲ ਆਮ ਆਦਮੀ ਪਾਰਟੀ ਦੇ ਵਰਕਰ ਤੋਂ ਪੁੱਛਗਿੱਛ ਲਈ ਅਦਾਲਤ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਕਾਲੀ ਮਾਤਾ ਮੰਦਰ ਦੇ ਨੇੜੇ ਸਕਾਰਪਿਓ ਗੱਡੀ ਵਿਚ ਜਾ ਰਹੇ ਕੁਲਜੀਤ ਸਿੰਘ ‘ਤੇ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਸੰਬੰਧੀ ਥਾਣਾ ਸਿਟੀ ਸਾਊਥ ਦੇ ਇੰਚਾਰਜ ਗੁਰਵਿੰਦਰ ਸਿੰਘ ਭੁੱਲਰ ਨੂੰ ਸੂਚਨਾ ਮਿਲਣ ‘ਤੇ ਐਫਆਈਆਰ ਨੰਬਰ 95 ਤਹਿਤ ਵੱਖ-ਵੱਖ ਧਾਰਾਵਾਂ ਹੇਠ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਸ਼ੁਰੂਆਤੀ ਦੌਰ ਵਿਚ ਕੁਲਜੀਤ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸ ‘ਤੇ ਫਾਇਰਿੰਗ ਕੀਤੀ ਗਈ ਹੈ, ਪਰ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਲਜੀਤ ਸਿੰਘ ਨੇ ਹੀ ਪਹਿਲਾਂ ਦੂਜੇ ਪੱਖ ‘ਤੇ ਫਾਇਰਿੰਗ ਕੀਤੀ ਸੀ। ਜਾਂਚ ਦੌਰਾਨ ਪੁਲਿਸ ਨੇ ਪਹਿਲੇ ਪੱਖ ਦੇ ਜਗਦੇਵ ਸਿੰਘ ਉਰਫ਼ ਜੱਗਾ ਨੂੰ ਕਾਬੂ ਕੀਤਾ, ਜਿਸ ‘ਤੇ ਅੱਠ ਕੇਸ ਦਰਜ ਹਨ ਅਤੇ ਉਹ ਏ ਕੈਟੇਗਰੀ ਦਾ ਗੈਂਗਸਟਰ ਹੈ। ਪੁਲਿਸ ਨੇ ਉਸ ਨੂੰ ਭਗੌੜਾ ਵੀ ਐਲਾਨਿਆ ਹੈ ਜਗਦੇਵ ਸਿੰਘ ‘ਤੇ ਸ਼ਿਵ ਸੈਨਾ ਦੇ ਆਗੂ ਮੰਗਤ ਸਿੰਘ ਮੰਗਾ ਦੇ ਕਤਲ ਦੇ ਦੋਸ਼ ਵਿਚ ਧਾਰਾ 302 ਤਹਿਤ ਵੀ ਕੇਸ ਦਰਜ ਹੈ।ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਉਰਫ਼ ਭੂਰਾ, ਹਰਜੋਤ ਸਿੰਘ ਅਤੇ ਰਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਤੇ ਦੋ ਤੋਂ ਤਿੰਨ ਤੱਕ ਕੇਸ ਦਰਜ ਹਨ। ਉੱਥੇ ਹੀ ਦੂਜੇ ਪੱਖ ਦੇ ਕੁਲਜੀਤ ਸਿੰਘ, ਅਮਿਤ ਪੁਰੀ, ਰਾਜਦੀਪ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਡੀਐਸਪੀ ਸਿਟੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ‘ਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਕਈ ਮਾਮਲੇ ਦਰਜ ਹਨ ਅਤੇ ਇਹ ਅਦਾਲਤ ਵਿਚ ਪੇਸ਼ ਨਹੀਂ ਹੋ ਰਹੇ ਸਨ, ਜਿਸ ਕਾਰਨ ਪੁਲਿਸ ਵਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਪੁਲਿਸ ਵਲੋਂ ਪਹਿਲੇ ਪੱਖ ਦੇ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਦੂਜੇ ਪੱਖ ਦੇ ਅੱਠ ਵਿਅਕਤੀਆਂ ਨੂੰ ਕੇਸ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਫਾਇਰਿੰਗ ਤੋਂ ਪਹਿਲਾਂ ਕੁਲਜੀਤ ਸਿੰਘ ਨੇ ਕਾਲੀ ਮਾਤਾ ਮੰਦਰ ਨੇੜੇ ਇਕ ਕੋਠੀ ਵਿਚ ਬੈਠ ਕੇ ਯੋਜਨਾ ਬਣਾਈ ਸੀ ਅਤੇ ਉਸ ਤੋਂ ਬਾਅਦ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਮੁਤਾਬਕ ਦੋਵੇਂ ਪੱਖਾਂ ਵਿਚ ਪੁਰਾਣੀ ਰੰਜਿਸ਼ ਚੱਲ ਰਹੀ ਸੀ ਅਤੇ ਇਸ ਸਬੰਧੀ ਪਹਿਲਾਂ ਵੀ ਕਈ ਕੇਸ ਦਰਜ ਹਨ। ਕੁਲਜੀਤ ਸਿੰਘ ‘ਤੇ ਕੁੱਲ ਪੰਜ ਕੇਸ ਦਰਜ ਹਨ।
;
;
;
;
;
;
;
;