ਛੁੱਟੀਆਂ ਵਾਲੇ ਦਿਨ ਵੀ ਕੰਮ ਕਰਨ ਨੂੰ ਮਜਬੂਰ ਹੋਏ ਬਿਜਲੀ ਮੁਲਾਜ਼ਮ
ਪਠਾਨਕੋਟ, 21 ਮਾਰਚ (ਸੰਧੂ)-ਸੂਬਾ ਸਰਕਾਰ ਵਲੋਂ ਸੂਬੇ ਦੇ ਕਰਮਚਾਰੀਆਂ ਨੂੰ ਹਰ ਸਾਲ ਜਿੱਥੇ ਗਜ਼ਟਿਡ ਛੁੱਟੀਆਂ ਤੇ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਦਿੱਤੀ ਜਾਂਦੀ ਹੈ, ਉਥੇ ਕੁਝ ਵਿਭਾਗਾਂ ’ਚ ਅਜਿਹੇ ਅਧਿਕਾਰੀ ਵੀ ਹਨ, ਜੋ ਆਪਣੀਆਂ ਮਨਮਾਨੀਆਂ ਕਰਦੇ ਹਨ ਅਤੇ ਆਪਣੇ ਹੇਠਲੇ ਰੈਂਕ ਦੇ ਕਰਮਚਾਰੀਆਂ ਨੂੰ ਸ਼ਨੀਵਾਰ, ਐਤਵਾਰ ਅਤੇ ਗਜ਼ਿਟਡ ਛੁੱਟੀਆਂ ਵਾਲੇ ਦਿਨ ਵੀ ਦਫਤਰ ’ਚ ਆਉਣ ਲਈ ਮਜਬੂਰ ਕਰਦੇ ਹਨ।
ਅਜਿਹਾ ਹੀ ਇਕ ਮਾਮਲਾ ਪਠਾਨਕੋਟ ਦੇ ਮੁੱਖ ਬਿਜਲੀ ਘਰ ਵਿਖੇ ਅੱਜ ਦੇਖਣ ਨੂੰ ਮਿਲਿਆ, ਜਿੱਥੇ ਅੱਜ ਸੂਬਾ ਸਰਕਾਰ ਵਲੋਂ ਈਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗਜ਼ਟਿਡ ਛੁੱਟੀ ਐਲਾਨੀ ਗਈ ਸੀ, ਉਥੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਅਤੇ ਦਬਾਅ ਹੇਠ ਕੁਝ ਕਰਮਚਾਰੀ ਦਫਤਰਾਂ ’ਚ ਕੰਮ ਕਰਦੇ ਦੇਖਣ ਨੂੰ ਮਿਲੇ। ਜਦੋਂ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਤਾਂ ਪਤਾ ਚੱਲਿਆ ਕਿ ਇਹ ਅਧਿਕਾਰੀ ਆਪਣੇ ਹੇਠਲੇ ਰੈਂਕ ਦੇ ਕਰਮਚਾਰੀਆਂ ਨੂੰ ਪਿਛਲੇ ਇਕ ਮਹੀਨੇ ਤੋਂ ਹਰ ਸ਼ਨੀਵਾਰ ਤੇ ਐਤਵਾਰ ਤੇ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਦਫਤਰ ’ਚ ਕੰਮ ਕਰਨ ਲਈ ਸੱਦ ਰਹੇ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਕਰਮਚਾਰੀਆਂ ਨੂੰ ਉੱਚ ਅਧਿਕਾਰੀਆਂ ਵਲੋਂ ਐਤਵਾਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਐਲਾਨੀ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਕੰਮ ਕਰਨ ਲਈ ਬੁਲਾਇਆ ਗਿਆ ਹੈ। ਜਦੋਂ ਅਜੀਤ ਦੀ ਟੀਮ ਵਲੋਂ ਬਿਜਲੀ ਘਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਬਿਜਲੀ ਵਿਭਾਗ ਦੇ ਵੱਖ-ਵੱਖ ਮੰਡਲਾਂ ਦੇ ਕੈਸ਼ ਕਾਊਂਟਰ ਖੁੱਲ੍ਹੇ ਸਨ ਅਤੇ ਮੁਲਾਜ਼ਮ ਆਪਣਾ ਕੰਮ ਕਰ ਰਹੇ ਸਨ। ਜਦੋਂ ਮੁਲਾਜ਼ਮਾਂ ਨਾਲ ਗੱਲ ਕਰਨੀ ਚਾਹੀ ਤਾਂ ਕਿਸੇ ਵੀ ਮੁਲਾਜ਼ਮ ਨੇ ਕੋਈ ਵੀ ਗੱਲ ਨਹੀਂ ਕੀਤੀ।
ਜਦੋਂ ਇਸ ਸੰਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
;
;
;
;
;
;
;
;