ਗੁਰਦੁਆਰਾ ਬਾਬਾ ਜਾਗੋ ਜੀ ਸਾਹਮਣੇ ਫਾਇਰਿੰਗ, 2 ਨੌਜਵਾਨ ਜ਼ਖਮੀ
ਰਾਮ ਤੀਰਥ, 21 ਮਾਰਚ (ਧਰਵਿੰਦਰ ਸਿੰਘ ਔਲਖ)-ਅੱਜ ਸਵੇਰੇ ਨੌਜਵਾਨਾਂ ਦੇ ਦੋ ਗਰੁੱਪਾਂ ਦਰਮਿਆਨ ਹੋਈ ਤੂੰ-ਤੂੰ, ਮੈਂ-ਮੈਂ ਹਿੰਸਕ ਰੂਪ ਧਾਰਨ ਕਰ ਗਈ, ਜਿਸ ਵਿਚ ਦੋ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਮੌਕੇ ਹੋਈ ਲੜਾਈ ’ਚ ਡਾਂਗਾਂ, ਕਿਰਪਾਨਾਂ ਤੋਂ ਇਲਾਵਾ ਗੋਲੀਆਂ ਵੀ ਚਲਾਈਆਂ ਗਈਆਂ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਹੰਗ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੋਈ ਸ਼ਰਧਾਲੂ ਉਨ੍ਹਾਂ ਨੂੰ ਐਲ.ਸੀ.ਡੀ. ਦੇ ਕੇ ਗਿਆ ਸੀ, ਜਿਸ ਨੂੰ ਉਹ ਆਪਣੇ ਘਰ ਲੈ ਗਏ। ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੇ ਗਵਾਂਢੀ ਗੁਰਜੀਤ ਸਿੰਘ ਨੇ ਆਪਣੇ ਸਾਥੀਆਂ ਸਰਪੰਚ ਗੁਰਜੰਟ ਸਿੰਘ ਗੋਰੂ, ਨੰਬਰਦਾਰ ਰੇਸ਼ਮ ਸਿੰਘ, ਮਲਕੀਤ ਸਿੰਘ ਪਹਿਲਵਾਨ, ਕਿੰਦਰਬੀਰ ਸਿੰਘ ਅਤੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਨੇ ਕਿਰਪਾਨ ਮਾਰ ਕੇ ਉਨ੍ਹਾਂ ਦੇ ਪੁੱਤਰ ਜੁਝਾਰ ਸਿੰਘ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜੋ ਹਸਪਤਾਲ ’ਚ ਜ਼ੇਰੇ ਇਲਾਜ ਹੈ। ਘਟਨਾ ਦੇ ਚਸ਼ਮਦੀਦ ਗਵਾਹ ਹਰਦੇਵ ਸਿੰਘ ਅਤੇ ਗੁਰਲਾਲ ਸਿੰਘ ਦੀ ਮਾਤਾ ਰਾਜਵਿੰਦਰ ਕੌਰ ਨੇ ਦੱਸਿਆ ਕਿ ਨਿਹੰਗ ਹਰਜਿੰਦਰ ਸਿੰਘ ਦੇ ਹੱਕ ’ਚ ਖੜ੍ਹਨ ਵਾਲੇ ਸਤਨਾਮ ਸਿੰਘ, ਜਤਿੰਦਰ ਸਿੰਘ ਤੇ ਗੁਰਲਾਲ ਸਿੰਘ ਦੀ ਵੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਪੰਚ ਗੁਰਜੰਟ ਸਿੰਘ ਵਲੋਂ ਚਲਾਈ ਗਈ ਗੋਲੀ ਉਸ ਦੇ ਆਪਣੇ ਹੀ ਸਾਥੀ ਮਲਕੀਤ ਸਿੰਘ ਪਹਿਲਵਾਨ ਦੀ ਲੱਤ ਵਿਚ ਜਾ ਵੱਜੀ ਤੇ ਉਹ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਤਿੰਨ ਤੋਂ ਚਾਰ ਗੋਲੀਆਂ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਵੀ ਕੈਦ ਹੋ ਗਈ ਹੈ। ਘਟਨਾ ਸਥਾਨ 'ਤੇ ਆਏ ਪੁਲਿਸ ਥਾਣਾ ਲੋਪੋਕੇ ਦੇ ਐਸ.ਐਚ.ਓ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਹ ਸੀ.ਸੀ. ਟੀ.ਵੀ. ਕੈਮਰਿਆਂ ਨੂੰ ਖੰਘਾਲ ਰਹੇ ਹਨ ਅਤੇ ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਅਨੁਸਾਰ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;