JALANDHAR WEATHER

ਕੱਚੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਨੂੰ ਘਰ ’ਚ ਕੀਤਾ ਨਜ਼ਰਬੰਦ

ਸ੍ਰੀ ਮੁਕਤਸਰ ਸਾਹਿਬ, 22 ਮਾਰਚ (ਬੂਟਾ ਸਿੰਘ)- ਮੁੱਖ ਮੰਤਰੀ ਪੰਜਾਬ ਨੇ ਜਲਾਲਾਬਾਦ ਵਿਖੇ ਲੋਕ ਮਿਲਣੀ ਪ੍ਰੋਗਰਾਮ ਰੱਖਿਆ ਸੀ, ਜਿੱਥੇ 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਕੱਚੇ ਅਧਿਆਪਕਾਂ ਦੀ ਯੂਨੀਅਨ ਵਲੋਂ ਵੀ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਯੂਨੀਅਨ ਪ੍ਰਧਾਨ ਜਸਪਾਲ ਸਿੰਘ ਨੂੰ ਉਨ੍ਹਾਂ ਦੇ ਪਿੰਡ ਮੱਲਣ ’ਚ ਸਵੇਰੇ 5 ਵਜੇ ਤੋਂ ਘਰ ’ਚ ਹੀ ਨਜ਼ਰਬੰਦ ਕੀਤਾ ਹੋਇਆ ਹੈ।

ਪ੍ਰਧਾਨ ਨੇ ਦੱਸਿਆ ਕਿ ਪੁਲਿਸ ਵਲੋਂ ਉਨ੍ਹਾਂ ਦਾ ਮੋਬਾਈਲ ਵੀ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਉਹ ਪਿਛਲੇ 4 ਸਾਲਾਂ ਤੋਂ ਸਿੱਖਿਆ ਮੰਤਰੀ, ਵਿੱਤ ਮੰਤਰੀ ਨਾਲ ਅਣਗਿਣਤ ਮੀਟਿੰਗਾਂ ਕਰ ਚੁੱਕੇ ਹਨ ਪਰ ਹਰ ਮੀਟਿੰਗ ’ਚ ਉਨ੍ਹਾਂ ਨੂੰ ਸਿਵਾਏ ਲਾਰਿਆਂ ਤੋਂ ਹੋਰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਮਾਮੂਲੀ ਤਨਖਾਹ 6000 ’ਚ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾ ਰਹੇ ਹਨ ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ ਪਰ ਜਦੋਂ ਉਹ ਆਪਣੇ ਹੱਕ ਮੰਗਣ ਲਈ ਆਪਣੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕਿਹਾ ਸੀ ਕਿ ਅਸੀਂ ਕੋਈ ਅਧਿਆਪਕ ਕੱਚਾ ਨਹੀਂ ਰਹਿਣ ਦੇਣਾ, ਪਰ ਅਸੀਂ ਅੱਜ ਵੀ ਕੱਚੇ ਹਾਂ ਤੇ ਸਾਨੂੰ ਆਪਣੇ ਹੱਕਾਂ ਬਦਲੇ ਸਰਕਾਰ ਨੇ ਕੁਝ ਦੇਣ ਦੀ ਬਜਾਇ ਤੰਗ-ਪ੍ਰੇਸ਼ਾਨ ਹੀ ਕੀਤਾ ਹੈ। ਯੂਨੀਅਨ ਆਗੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਲਦੀ ਹੀ ਰੈਗੂਲਰ ਆਰਡਰ ਜਾਰੀ ਨਾ ਹੋਏ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤਿੱਖਾ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ