40 ਸਾਲਾਂ ਬਾਅਦ ਪੰਜਾਬ ’ਚ ਹੋਵੇਗੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ
ਜਲੰਧਰ, 23 ਮਾਰਚ : ਪੰਜਾਬ ’ਚ ਬੈਡਮਿੰਟਨ ਨੂੰ ਹੁੰਗਾਰਾ ਮਿਲਣ ਜਾ ਰਿਹਾ ਹੈ, ਕਿਉਂਕਿ ਸੂਬਾ 40 ਸਾਲਾਂ ਬਾਅਦ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ.ਏ.ਆਈ.) ਨੇ 38ਵੀਂ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਪੰਜਾਬ ਨੂੰ ਸੌਂਪੀ ਹੈ।
ਜਾਣਕਾਰੀ ਦਿੰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 9 ਤੋਂ 12 ਦਸੰਬਰ 2026 ਤੱਕ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ’ਚ ਕਰਵਾਈ ਜਾਵੇਗੀ। ਇਸ ’ਚ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 350 ਖਿਡਾਰੀ ਹਿੱਸਾ ਲੈਣਗੇ। ਪੰਜਾਬ ’ਚ ਇਸ ਤੋਂ ਪਹਿਲਾਂ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 1987 ’ਚ ਜਲੰਧਰ ’ਚ ਹੀ ਹੋਈ ਸੀ।
ਖੰਨਾ ਨੇ ਦੱਸਿਆ ਕਿ ਪੀ.ਬੀ.ਏ. ਲਗਾਤਾਰ ਬੀ.ਏ.ਆਈ. ਨਾਲ ਸੰਪਰਕ ਵਿਚ ਸੀ ਅਤੇ ਸਟੇਡੀਅਮ ਦੀਆਂ ਵਧੀਆ ਸੁਵਿਧਾਵਾਂ ਦੇ ਨਿਰੀਖਣ ਤੋਂ ਬਾਅਦ ਹੀ ਮੇਜ਼ਬਾਨੀ ਦਾ ਹੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ ਕੁੱਲ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਚੈਂਪੀਅਨਸ਼ਿਪ ਵਿਚ ਅੰਡਰ-13 ਲੜਕਿਆਂ ਅਤੇ ਲੜਕੀਆਂ ਦੇ ਸਿੰਗਲਜ਼ ਅਤੇ ਡਬਲਜ਼ ਮੁਕਾਬਲੇ ਹੋਣਗੇ, ਜੋ ਬੀ.ਏ.ਆਈ. ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਏ ਜਾਣਗੇ।
ਖੰਨਾ ਨੇ ਕਿਹਾ ਕਿ ਇਸ ਆਯੋਜਨ ਨਾਲ ਰਾਜ ਦੇ ਉਭਰਦੇ ਖਿਡਾਰੀਆਂ ਨੂੰ ਵੱਡਾ ਫਾਇਦਾ ਮਿਲੇਗਾ ਅਤੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਦੇਖਣ ਅਤੇ ਉਨ੍ਹਾਂ ਨਾਲ ਖੇਡਣ ਦਾ ਮੌਕਾ ਮਿਲੇਗਾ।
;
;
;
;
;
;
;