ਰਾਹੁਲ ਦੇ ਦਿਮਾਗ ਨੂੰ ਸਲਾਹਕਾਰਾਂ ਨੇ ਹਾਈਜੈਕ ਕੀਤਾ - ਕਿਰੇਨ ਰਿਜਿਜੂ
ਨਵੀਂ ਦਿੱਲੀ, 26 ਮਾਰਚ (ਪੀ.ਟੀ.ਆਈ.)- ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦਿਮਾਗ ਨੂੰ ਉਨ੍ਹਾਂ ਦੇ ਕਾਰਕੁਨ ਸਲਾਹਕਾਰਾਂ ਨੇ ਹਾਈਜੈਕ ਕਰ ਲਿਆ ਹੈ ਅਤੇ ਉਹ ਸੰਸਦ ਵਿਚ ਉਹੀ ਕਹਿੰਦੇ ਹਨ, ਜੋ ਉਨ੍ਹਾਂ ਨੂੰ ਕਹਿਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਦਨ ’ਚ ਵਿਰੋਧੀ ਧਿਰ ਦੇ ਨੇਤਾ ਵਲੋਂ ਟੀ-ਸ਼ਰਟ ਪਹਿਨਣ ਉਤੇ ਵੀ ਸਵਾਲ ਉਠਾਏ।
ਇਥੇ 'ਟਾਈਮਜ਼ ਨਾਓ ਸੰਮੇਲਨ' ’ਚ ਹਿੱਸਾ ਲੈਂਦੇ ਹੋਏ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਨਾਲ ਨਜਿੱਠਣਾ ਵਧੇਰੇ ਆਰਾਮਦਾਇਕ ਲੱਗਦਾ ਹੈ, ਜਿਨ੍ਹਾਂ ਨੇ ਸੰਸਦ ਵਿਚ ਦਖਲਅੰਦਾਜ਼ੀ ਕਰਦੇ ਹੋਏ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ, "ਨਿੱਜੀ ਤੌਰ 'ਤੇ, ਮੈਨੂੰ ਰਾਹੁਲ ਗਾਂਧੀ ਨਾਲ ਕੋਈ ਸਮੱਸਿਆ ਨਹੀਂ ਹੈ। ਅਸੀਂ ਮਿਲਦੇ ਹਾਂ, ਅਸੀਂ ਬਾਹਰ (ਅਤੇ) (ਮੀਟਿੰਗ) ਕਮਰੇ ਵਿਚ ਨੋਟਸ ਦਾ ਆਦਾਨ-ਪ੍ਰਦਾਨ ਕਰਦੇ ਹਾਂ, ਕਿਉਂਕਿ ਉਹ ਵਿਰੋਧੀ ਧਿਰ ਦੇ ਨੇਤਾ ਹਨ। ਇਹ ਠੀਕ ਹੈ। ਕੋਈ ਸਮੱਸਿਆ ਨਹੀਂ। ਪਰ ਜਦੋਂ ਤੁਸੀਂ ਰਸਮੀ ਤੌਰ 'ਤੇ ਸਦਨ ਦੇ ਫਲੋਰ 'ਤੇ ਬੋਲ ਰਹੇ ਹੁੰਦੇ ਹੋ, ਤਾਂ ਤੁਹਾਨੂੰ ਪਰੰਪਰਾਵਾਂ, ਨਿਯਮਾਂ ਅਤੇ ਸ਼ਿਸ਼ਟਾਚਾਰ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਸੰਸਦੀ ਲੋਕਤੰਤਰ ਦੇ ਬਹੁਤ ਮਹੱਤਵਪੂਰਨ ਹਿੱਸੇ ਹਨ ਪਰ ਰਾਹੁਲ ਗਾਂਧੀ ਦੇ ਦਿਮਾਗ ਨੂੰ ਉਨ੍ਹਾਂ ਦੇ ਕਾਰਕੁਨ ਸਲਾਹਕਾਰਾਂ ਦੁਆਰਾ ਹਾਈਜੈਕ ਕਰ ਲਿਆ ਗਿਆ ਹੈ। ਉਹ ਉਹੀ ਕਹਿੰਦੇ ਹਨ, ਜੋ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਕਹਿੰਦੇ ਹਨ।"
;
;
;
;
;
;
;
;