JALANDHAR WEATHER

ਭਾਜਪਾ ਆਗੂ ਸ਼ਾਮ ਸੁੰਦਰ ਅਗਰਵਾਲ ਦੀ ਥਾਣੇ ਵਿਚ ਕੁੱਟਮਾਰ

ਕਪੂਰਥਲਾ, 26 ਮਾਰਚ (ਅਮਨਜੋਤ ਸਿੰਘ ਵਾਲੀਆ)-ਥਾਣਾ ਸਿਟੀ ਵਿਖੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦਾ ਫ਼ੈਸਲਾ ਕਰਵਾਉਣ ਪੁੱਜੇ ਭਾਜਪਾ ਆਗੂ ਸ਼ਾਮ ਸੁੰਦਰ ਅਗਰਵਾਲ ਦੀ ਥਾਣੇ ਵਿਚ ਹੀ ਇਕ ਧਿਰ ਦੇ ਕੁੱਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਉਹ ਕਾਨੂੰਨੀ ਕਾਰਵਾਈ ਤੇ ਇਲਾਜ ਲਈ ਰਾਤ ਕਰੀਬ 8 ਵਜੇ ਸਿਵਲ ਹਸਪਤਾਲ ਪੁੱਜੇ ਤਾਂ ਦਰਜਨ ਤੋਂ ਵੱਧ ਵਿਅਕਤੀਆਂ ਨੇ ਮੁੜ ਹਸਪਤਾਲ ਵਿਖੇ ਉਨ੍ਹਾਂ ਦੀ ਦੁਬਾਰਾ ਕੁੱਟਮਾਰ ਕੀਤੀ, ਜੋ ਕਿ ਹੁਣ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।

ਝਗੜਾ ਕਿਸ ਕਾਰਨ ਹੋਇਆ, ਇਸ ਸੰਬੰਧੀ ਅਜੇ ਤੱਕ ਕੁੱਝ ਸਪੱਸ਼ਟ ਨਹੀਂ ਹੋਇਆ ਤੇ ਨਾ ਹੀ ਪੁਲਿਸ ਅਧਿਕਾਰੀ ਖੁੱਲ੍ਹ ਕੇ ਇਸ ਬਾਰੇ ਕੁਝ ਦੱਸ ਰਹੇ ਹਨ। ਪਰ ਇਹ ਪਤਾ ਲੱਗਾ ਹੈ ਕਿ ਪੁਲਿਸ ਨੇ ਉਕਤ ਘਟਨਾ ਸੰਬੰਧੀ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਬਾਕੀ ਹਮਲਾਵਰ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਹਸਪਤਾਲ ਵਿਖੇ ਲੜਾਈ ਦੀ ਖ਼ਬਰ ਮਿਲਣ ਉਪਰੰਤ ਥਾਣਾ ਸਿਟੀ ਪੁਲਿਸ ਤੇ ਪੀ.ਸੀ.ਆਰ. ਟੀਮਾਂ ਜਦੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪੁੱਜੀਆਂ ਤਾਂ ਉਸ ਸਮੇਂ ਤੱਕ ਹਮਲਾਵਰ ਫ਼ਰਾਰ ਹੋ ਚੁੱਕੇ ਸਨ।

ਪੀੜਤ ਸਾਬਕਾ ਕੌਂਸਲਰ ਤੇ ਭਾਜਪਾ ਆਗੂ ਸ਼ਾਮ ਸੁੰਦਰ ਅਗਰਵਾਲ ਨੇ ਦੱਸਿਆ ਕਿ ਉਹ ਅਜੇ ਕੁਝ ਵੀ ਦੱਸਣ ਦੀ ਸਥਿਤੀ ਵਿਚ ਨਹੀਂ ਹਨ, ਜਦਕਿ ਦੂਸਰੇ ਪਾਸੇ ਉਨ੍ਹਾਂ ਦੇ ਸਾਥੀ ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੇਕਰ ਥਾਣੇ ਵਿਚ ਹੀ ਪੁਲਿਸ ਦੇ ਸਾਹਮਣੇ ਭਾਜਪਾ ਆਗੂ ਦੀ ਕੁੱਟਮਾਰ ਹੋਈ ਹੈ ਤਾਂ ਲੋਕ ਆਪਣੇ ਆਪ ਨੂੰ ਬਾਹਰ ਕਿਵੇਂ ਸੁਰੱਖਿਅਤ ਸਮਝਣਗੇ। ਉਨ੍ਹਾਂ ਕਿਹਾ ਕਿ ਜਲਦੀ ਹੀ ਜੇਕਰ ਹਮਲਾਵਰਾਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਪੁਲਿਸ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸੰਬੰਧੀ ਥਾਣਾ ਸਿਟੀ ਦੇ ਐਸ.ਐਚ.ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਭਾਜਪਾ ਆਗੂ 'ਤੇ ਹਮਲਾ ਕਰਨ ਵਾਲੇ ਦੋ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਤੇ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਹਾਸਲ ਕਰਕੇ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ