ਭਗਵੰਤ ਮਾਨ, ਕੇਜਰੀਵਾਲ ਤੇ ਸਿਸੋਦੀਆ ਦੀ ਆਮਦ ਨੂੰ ਲੈ ਕੇ ਸਖਤ ਹਦਾਇਤਾਂ
ਪਠਾਨਕੋਟ, 7 ਅਪ੍ਰੈਲ (ਵਿਨੋਦ) 12 ਅਪ੍ਰੈਲ ਨੂੰ ਜ਼ਿਲਾ ਪਠਾਨਕੋਟ ਵਿਖੇ ਸੂਬਾ ਪੱਧਰੀ ਨਵ ਸੰਵਤ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹੋਰ ਨਾਮੀ ਹਸਤੀਆਂ ਪਹੁੰਚ ਰਹੀਆਂ ਹਨ। ਸਮਾਰੋਹ ਨੂੰ ਲੈ ਕੇ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਡਾ. ਪੱਲਵੀ ਦੀ ਪ੍ਰਧਾਨਗੀ ਅੰਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਰੋਹਿਤ ਸਿਆਲ ਉਪ ਪ੍ਰਧਾਨ ਮਾਝਾ ਜ਼ੋਨ ਇੰਚਾਰਜ ਨਸ਼ਾ ਮੁਕਤੀ ਮੋਰਚਾ, ਅਰਸ਼ਦੀਪ ਸਿੰਘ ਐਸਡੀਐਮ ਪਠਾਨਕੋਟ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਸੰਜੀਵ ਪਠਾਨੀਆਂ ਤਹਿਸੀਲਦਾਰ ਧਾਰਕਲਾਂ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਪੱਲਵੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ 12 ਅਪ੍ਰੈਲ ਨੂੰ ਜ਼ਿਲ੍ਹਾ ਪਠਾਨਕੋਟ ਵਿਖੇ ਰਾਮਲੀਲਾ ਗਰਾਊਂਡ ਪਠਾਨਕੋਟ ਵਿਚ ਨਵ ਸੰਵਤ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਰੋਹ ਵਿਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਤੋਂ ਇਲਾਵਾ ਹੋਰ ਵੀ ਪੰਜਾਬ ਸਰਕਾਰ ਦੇ ਵਜ਼ੀਰ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਰੋਹ ਦੌਰਾਨ ਪੰਜਾਬੀ ਪ੍ਰਸਿੱਧ ਗਾਇਕ ਰੋਸ਼ਨ ਪ੍ਰਿੰਸ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਏਗਾ। ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ਉਤੇ ਚਰਚਾ ਕੀਤੀ ਗਈ ਅਤੇ ਅਗੇਤੇ ਪ੍ਰਬੰਧਾਂ ਦੇ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਜ਼ਿਕਰਯੋਗ ਹੈ ਕਿ ਡਾ.ਪੱਲਵੀ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕਰਵਾਏ ਜਾ ਰਹੇ ਨਵ ਸੰਵਤ ਸਮਾਗਮ ਅਧੀਨ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰਾਮਲੀਲਾ ਗਰਾਊਂਡ ਅਤੇ ਪਾਰਕਿੰਗ ਵਿਵਸਥਾ ਦੇ ਲਈ ਵੱਖ-ਵੱਖ ਸਥਾਨਾਂ ਦਾ ਦੌਰਾ ਵੀ ਕੀਤਾ।
;
;
;
;
;
;
;
;
;