ਆੜ੍ਹਤੀਆਂ ਵਲੋਂ ਹੜਤਾਲ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ
ਚੰਡੀਗੜ੍ਹ 8 ਅਪ੍ਰੈਲ ( ਅਜਾਇਬ ਸਿੰਘ ਔਜਲਾ)- ਚੰਡੀਗੜ੍ਹ |ਚ ਕਿਸਾਨ ਭਵਨ ਵਿਖੇ ਅੱਜ ਪੰਜਾਬ ਆੜ੍ਹਤੀਆ ਫੈਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਪੰਜਾਬ ਦੇ ਆੜ੍ਹਤੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਸੱਦੀ ਗਈ, ਇਸ ਇਕੱਤਰਤਾ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਸਮੇਤ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿਚ ਆੜ੍ਹਤੀਆਂ ਵਲੋਂ ਢਾਈ ਪ੍ਰਤੀਸ਼ਤ ਆੜ੍ਹਤ ਦੇਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ’ਤੇ ਚੁੱਕਿਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨਾਲ ਆੜ੍ਹਤੀਆਂ ਵਲੋਂ ਹੋਰ ਵੀ ਆਪਣੀਆਂ ਮੰਗਾਂ ਸੰਬੰਧੀ ਮੰਤਰੀਆਂ ਨੂੰ ਜਾਣੂ ਕਰਵਾਇਆ। ਮੰਤਰੀਆਂ ਨਾਲ ਕੋਈ ਗੱਲਬਾਤ ਦੇ ਦਰਮਿਆਨ ਪ੍ਰਧਾਨ ਵਿਜੇ ਕਾਲੜਾ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਹੜਤਾਲ ਖ਼ਤਮ ਨਹੀਂ ਕੀਤੀ ਗਈ ਬਲਕਿ ਹੜ੍ਹਤਾਲ ਨੂੰ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੱਲ੍ਹ ਤੋਂ ਭਾਵ 9 ਅਪ੍ਰੈਲ ਤੋਂ ਪੰਜਾਬ ਦੀਆਂ ਮੰਡੀਆਂ ਵਿਚ ਆਮ ਵਾਂਗ ਕੰਮਕਾਜ ਹੋਵੇਗਾ। ਇਸੇ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਵੀ ਕਿਹਾ ਕਿ ਜਿਥੋਂ ਤੱਕ ਆੜ੍ਹਤੀਆਂ ਦੀਆਂ ਦੀਆਂ ਮੰਗਾਂ ਦਾ ਕੇਂਦਰ ਨਾਲ ਸੰਬੰਧ ਹੈ, ਅਸੀਂ ਇਨ੍ਹਾਂ ਨਾਲ ਰਲ ਮਿਲ ਕੇ ਉਸ ਨੂੰ ਨਜਿੱਠਣ ਦਾ ਯਤਨ ਕਰਾਂਗੇ। ਇਸੇ ਤਰ੍ਹਾਂ ਦਾ ਪ੍ਰਗਟਾਵਾ ਮੀਟਿੰਗ ਦੌਰਾਨ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵੀ ਕੀਤਾ ਗਿਆ। ਮੀਟਿੰਗ ਵਿਚ ਵਿਜੇ ਕਾਲੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨੀਂ ਆੜ੍ਹਤੀਆਂ ਪ੍ਰਤੀ ਦਿੱਤੇ ਬਿਆਨ ਸੰਬੰਧੀ ਪਾਏ ਜਾ ਰਹੇ ਰੋਸ ਨੂੰ ਵੀ ਮੰਤਰੀਆਂ ਨਾਲ ਸਾਂਝਾ ਕੀਤਾ, ਜਿਸ ’ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਇਸ ਨਾਲ ਕੋਈ ਠੇਸ ਪੁੱਜੀ ਹੈ ਤਾਂ ਉਹ ਆੜ੍ਹਤੀਆਂ ਤੋਂ ਇਸ ਗੱਲ ਲਈ ਹੱਥ ਜੋੜ ਕੇ ਮੁਆਫ਼ੀ ਵੀ ਮੰਗਦੇ ਹਨ। ਉਨ੍ਹਾਂ ਨੇ ਆੜਤੀਆਂ ਨੂੰ ਪੰਜਾਬ ਅਤੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰਨ ਲਈ ਅਪੀਲ ਵੀ ਕੀਤੀ।
;
;
;
;
;
;
;
;
;