ਸਾਹਿਤ ਜਗਤ ਨੂੰ ਵੱਡਾ ਘਾਟਾ: ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਅਮਰ ਕੋਮਲ ਦਾ ਦਿਹਾਂਤ
ਮਹਿਲ ਕਲਾਂ, (ਬਰਨਾਲਾ) 8 ਅਪ੍ਰੈਲ (ਅਵਤਾਰ ਸਿੰਘ ਅਣਖੀ)- ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਅਮਰ ਕੋਮਲ (93) ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। 29 ਨਵੰਬਰ 1933 ਨੂੰ ਮਹਿਲ ਕਲਾਂ ਵਿਖੇ ਪਿਤਾ ਸ੍ਰੀ ਸਾਵਣ ਰਾਮ ਅਤੇ ਮਾਤਾ ਸ੍ਰੀਮਤੀ ਗਿਆਨ ਦੇਵੀ ਦੇ ਗ੍ਰਹਿ ਵਿਖੇ ਜਨਮੇ ਡਾ. ਕੋਮਲ ਨੇ ਇਕ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਆਪਣੀ ਸਖ਼ਤ ਮਿਹਨਤ ਅਤੇ ਕਲਮ ਦੀ ਤਾਕਤ ਨਾਲ ਵੱਡਾ ਮੁਕਾਮ ਹਾਸਲ ਕੀਤਾ। ਬਾਲ ਮਨੋਵਿਗਿਆਨ ਦੀ ਡੂੰਘੀ ਸਮਝ ਰੱਖਣ ਵਾਲੇ ਇਸ ਮਹਾਨ ਲੇਖਕ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਭਾਸ਼ਾ ਵਿਭਾਗ, ਪੰਜਾਬ ਵਲੋਂ ਸਾਲ 2008 ਵਿਚ 'ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ' ਸਨਮਾਨ ਨਾਲ ਨਵਾਜਿਆ ਗਿਆ ਸੀ। ਉਨ੍ਹਾਂ ਦੀ ਸਾਹਿਤ ਪ੍ਰਤੀ ਨਿਸ਼ਠਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਨਿੱਜੀ ਲਾਇਬਰੇਰੀ ਦੀਆਂ ਕੀਮਤੀ ਪੁਸਤਕਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਦਾਨ ਕਰ ਦਿੱਤੀਆਂ ਸਨ, ਤਾਂ ਜੋ ਖੋਜਾਰਥੀ ਅਤੇ ਆਉਣ ਵਾਲੀਆਂ ਨਸਲਾਂ ਇਨ੍ਹਾਂ ਤੋਂ ਲਾਹਾ ਲੈ ਸਕਣ। ਡਾ. ਅਮਰ ਕੋਮਲ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਬਡੂੰਗਰ (ਪਟਿਆਲਾ) ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਪਿੰਡ ਮਹਿਲ ਕਲਾਂ ਦੇ ਨਿਵਾਸੀਆਂ ਸਮੇਤ ਸਮੁੱਚੇ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ ਹੈ।
;
;
;
;
;
;
;
;
;